ਗੁਰੂ ਤੇਗ ਬਹਾਦਰ ਖਾਲਸਾ ਬਹੁਤਕਨੀਕੀ ਸੰਸਥਾ ਨੂੰ ਲੱਗਾ ਤਾਲਾ, 50 ਤੋਂ ਵੱਧ ਦੀ ਖੁੱਸੀ ਨੌਕਰੀ

11/04/2020 12:39:12 PM

ਮਲੋਟ (ਜੁਨੇਜਾ): 1989 'ਚ ਸ਼ੁਰੂ ਹੋ ਕੇ ਫ਼ਿਰ ਦੋ ਦਹਾਕਿਆਂ ਤੱਕ ਤਕਨੀਕੀ ਵਿਦਿਆ ਦੇ ਖ਼ੇਤਰ 'ਚ ਸੂਬੇ ਅੰਦਰ ਮੋਹਰੀ ਰਹੀ ਸੰਸਥਾ ਗੁਰੂ ਤੇਗ ਬਹਾਦਰ ਖ਼ਾਲਸਾ ਬਹੁਤਕਨੀਕੀ ਸੰਸਥਾ ਨੂੰ ਪ੍ਰਬੰਧਕ ਕਮੇਟੀ ਨੇ ਲਾਏ ਤਾਲੇ ਲਾ ਦਿੱਤੇ ਹਨ। ਪ੍ਰਬੰਧਕ ਕਮੇਟੀ ਅਨੁਸਾਰ ਸੰਸਥਾ ਦੇ ਸਰਕਾਰ ਵੱਲ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਕਰੋੜਾਂ ਰੁਪਏ ਬਕਾਇਆ ਹੋਣ ਕਰਕੇ ਇਹ ਫ਼ੈਸਲਾ ਲਿਆ ਹੈ। ਸੰਸਥਾ ਦੀ ਤਾਲਾਬੰਦੀ ਕਰਕੇ 50 ਤੋਂ ਵੱਧ ਟੀਚਿੰਟ ਅਤੇ ਨਾਨ ਟੀਚਿੰਗ ਕਰਮਚਾਰੀ ਰੁਜਗਾਰ ਤੋਂ ਖ਼ਾਲੀ ਹੋ ਗਏ ਹਨ ਅਤੇ ਅਚਾਨਕ ਲੱਗੇ ਨੋਟਿਸ ਕਰਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਕੇਂਦਰੀ ਕਾਨੂੰਨਾਂ ਦੇ ਖ਼ਿਲਾਫ਼ ਲਿਆਂਦੇ ਬਿੱਲ ਨਿਰਾ ਡਰਾਮਾ: ਸੁਖਬੀਰ ਬਾਦਲ

ਇਸ ਮੌਕੇ ਗੁਰਜਾਪ ਸਿੰਘ, ਅਨਿਲ ਕੁਮਾਰ ਸੁਖੀਜਾ, ਸੁਰਜੀਤ ਸਿੰਘ, ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ ਸਮੇਤ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਮੁਲਾਜ਼ਮਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਮੇਟੀ ਦੇ ਸਕੱਤਰ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਨੇ ਬੀਤੇ ਦਿਨੀਂ ਕੀਤੀ ਗਈ ਇਕ ਵਿਸ਼ੇਸ਼ ਮੀਟਿੰਗ ਦੌਰਾਨ ਫੈਸਲਾ ਲਿਆ ਸੀ ਜਿਸ ਸਬੰਧੀ ਉਨ੍ਹਾਂ ਸਟਾਫ਼ ਨੂੰ ਜਾਣੂ ਕਰਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੀਤੇ ਦੋ ਸਾਲਾਂ ਤੋਂ ਕੋਈ ਆਮਦਨ ਨਹੀਂ ਹੋ ਰਹੀ ਅਤੇ ਵਿਦਿਆਰਥੀਆਂ ਦਾ ਕੋਈ ਦਾਖ਼ਲਾ ਵੀ ਨਾ ਹੋਇਆ, ਜਿਸ ਕਰਕੇ ਕਾਲਜ ਨੂੰ ਨੋ ਐਡਮੀਸ਼ਨ ਜ਼ੋਨ ਐਲਾਨਿਆ ਗਿਆ ਹੈ ਪਰ ਪਹਿਲਾਂ ਦਾਖ਼ਲ ਹੋਏ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਅਤੇ ਉਨ੍ਹਾਂ ਦਾ ਮਾਇਗ੍ਰੇਸ਼ਨ ਸਮੇਤ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ।

ਇਹ ਵੀ ਪੜ੍ਹੋ:  ਦੁਬਈ ਸਰਕਾਰ ਵਲੋਂ ਸਨਮਾਨਿਤ ਚਿੱਤਰਕਾਰ ਗੁਲਵੰਤ ਸਿੰਘ ਆਪਣਿਆਂ ਨੇ ਕੀਤਾ ਨਜ਼ਰ ਅੰਦਾਜ਼ (ਵੇਖੋ ਖ਼ੂਬਸੂਰਤ ਚਿੱਤਰ)

ਉਨ੍ਹਾਂ ਇਹ ਵੀ ਦੱਸਿਆ ਸਰਕਾਰ ਨੇ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਬੀਤੇ ਸਾਲਾਂ ਦੀ ਕਰੀਬ 9 ਕਰੋੜ ਰੁਪਏ ਦੀ ਰਾਸ਼ੀ ਜਾਰੀ ਨਹੀਂ ਕੀਤੀ ਹੈ ਅਤੇ ਬੈਂਕ ਖਾਤੇ ਵੀ ਬੰਦ ਹੋ ਗਏ ਹਨ। ਉਨ੍ਹਾਂ ਕਿਹਾ ਕਿ  ਕਾਲਜ ਮੈਨੇਜਮੈਂਟ ਹਰ ਹਾਲਤ ਵਿਚ ਮੀਟਿੰਗ ਕਰਕੇ ਤਨਖਾਹਾਂ ਦਾ ਹੱਲ ਜ਼ਰੂਰ ਕੱਢੇਗੀ ਅਤੇ ਹਟਾਏ ਕਰਮਚਾਰੀਆਂ ਦੇ ਬਕਾਏ ਵੀ ਦਿੱਤੇ ਜਾਣਗੇ।

Shyna

This news is Content Editor Shyna