ਵੇਈਂ ਨਦੀ 'ਚ ਚੁੱਭੀ ਮਾਰ ਕੇ ਦੁਨੀਆ ਨੂੰ ਤਾਰ ਗਿਆ 'ਬੇਬੇ ਨਾਨਕੀ ਦਾ ਵੀਰ' (ਤਸਵੀਰਾਂ)

10/23/2019 3:11:53 PM

ਸੁਲਤਾਨਪੁਰ ਲੋਧੀ (ਸੋਢੀ)— ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਅਸਥਾਨ 'ਤੇ 14 ਸਾਲ 9 ਮਹੀਨੇ 13 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ ਅਕਾਲ ਪੁਰਖ ਦੀ ਭਗਤੀ ਕੀਤੀ। ਹਰ ਰੋਜ਼ ਵਾਂਗ ਇਕ ਦਿਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਪਵਿੱਤਰ ਵੇਈਂ 'ਚ ਇਸ਼ਨਾਨ ਕਰਨ ਲਈ ਵੇਈਂ ਨਦੀ 'ਚ ਦਾਖਲ ਹੋਏ ਪਰ ਬਾਹਰ ਨਹੀਂ ਆਏ। ਇਹ ਦੇਖ ਕੇ ਸਾਰੇ ਇਲਾਕੇ 'ਚ ਇਹ ਗੱਲ ਫੈਲ ਗਈ ਕਿ ਗੁਰੂ ਨਾਨਕ ਸਾਹਿਬ ਵੇਈਂ 'ਚ ਨਹਾਉਣ ਗਏ ਪਰ ਬਾਹਰ ਨਹੀਂ ਆਏ। ਇਹ ਖਬਰ ਇਕ ਸੇਵਾਦਾਰ ਨੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਬੇਬੇ ਨਾਨਕੀ ਜੀ ਨੂੰ ਵੀ ਦਿੱਤੀ ਤੇ ਕਿਹਾ ਕਿ ਨਾਨਕੀ ਤੇਰਾ ਵੀਰ ਵੇਈਂ 'ਚ ਡੁੱਬ ਗਿਆ ਹੈ।

ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੂੰ ਨਿਰੰਕਾਰ ਪ੍ਰਮੇਸ਼ਰ ਵਜੋਂ ਜਾਨਣ ਵਾਲੀ ਪਹਿਲੀ ਸਿੱਖ ਬੀਬੀ ਬੇਬੇ ਨਾਨਕੀ ਜੀ ਨੇ ਪੂਰੇ ਭਰੋਸੇ ਨਾਲ ਕਿਹਾ ਕਿ ਮੇਰੇ ਵੀਰ ਦਾ ਇਹ ਵੀ ਕੋਈ ਚੋਜ ਹੋਵੇਗਾ, ਕਿਉਂਕਿ ਨਾਨਕ ਤਾਂ ਡੁੱਬਿਆਂ ਨੂੰ ਤਾਰਨ ਵਾਲਾ ਹੈ। ਤਿੰਨ ਦਿਨ ਵੇਈਂ ਨਦੀ 'ਚ ਅਲੋਪ ਰਹਿਣ ਉਪਰੰਤ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਗੁਰਦੁਆਰਾ ਬੇਰ ਸਾਹਿਬ ਤੋਂ ਤਕਰੀਬਨ ਢਾਈ ਕਿਲੋਮੀਟਰ ਦੂਰ ਇਤਿਹਾਸਕ ਗੁਰਦੁਆਰਾ ਸੰਤਘਾਟ ਸਾਹਿਬ ਦੇ ਅਸਥਾਨ 'ਤੇ ਵੇਈਂ 'ਚੋਂ ਪ੍ਰਗਟ ਹੋਏ। ਇਤਿਹਾਸ ਅਨੁਸਾਰ ਸਤਿਗੁਰੂ ਜੀ ਨੇ ਅਕਾਲ ਪੁਰਖ ਤੋਂ ਪੂਰੀ ਮਾਨਵਤਾ ਦੇ ਕਲਿਆਣ ਲਈ ਪਾਵਨ ਗੁਰਬਾਣੀ ਦੇ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਕੀਤਾ। ਇਥੇ ਹੀ ਨੇੜਲੇ ਸ਼ਮਸ਼ਾਨਘਾਟ ਦੇ ਇਕ ਪਾਸੇ ਬੈਠ ਕੇ ਸਤਿਗੁਰੂ ਜੀ ਨੇ 'ਨਾ ਕੋ ਹਿੰਦੂ, ਨਾ ਮੁਸਲਮਾਨ' ਪੁਕਾਰਦੇ ਹੋਏ ਜਾਤਾਂ-ਪਾਤਾਂ ਤੇ ਧਰਮਾਂ 'ਚ ਵੰਡੀ ਹੋਈ ਜਨਤਾ ਨੂੰ ਸੱਚ ਦਾ ਮਾਰਗ ਸਮਝਾਇਆ।

ਪਵਿੱਤਰ ਨਦੀ ਕਿਨਾਰੇ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੇ ਅਸਥਾਨ 'ਤੇ ਸਤਿਗੁਰੂ ਜੀ ਨੇ ਉਚਾਰਨ ਕੀਤੇ ਸ੍ਰੀ ਮੂਲ ਮੰਤਰ ਸਾਹਿਬ ਦੇ ਨਾਲ ਗੁਰਬਾਣੀ ਰਾਹੀਂ ਵੱਖ-ਵੱਖ ਕਰਮਕਾਂਡਾਂ 'ਚ ਫਸੀ ਹੋਈ ਪੂਰੀ ਮਾਨਵਤਾ ਨੂੰ ਸਮਝਾਇਆ ਕਿ 'ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ ਹੈ, ਇਕ ਹੈ, ਉਹ ਸੱਚਾ ਮਾਲਕ, ਸਰਵ ਸ਼ਕਤੀਮਾਨ ਹੈ, ਉਹ ਸਾਰੀ ਦੁਨੀਆ ਨੂੰ ਚਲਾਉਣ ਵਾਲਾ ਕਰਤਾ ਪੁਰਖ ਹੈ, ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰ ਦਿੰਦਾ ਹੈ। ਭਾਵ ਉਹ ਡਰ ਤੋਂ ਰਹਿਤ ਹੈ, ਉਹ ਵੈਰ ਰਹਿਤ ਹੈ, ਉਸ ਦਾ ਕਿਸੇ ਨਾਲ ਵੈਰ ਨਹੀਂ ਹੈ, ਉਸ ਪ੍ਰਮਾਤਮਾ ਦੀ ਕੋਈ ਮੂਰਤ ਨਹੀਂ ਹੈ, ਉਹ ਸਾਰੇ ਜੀਵਾਂ, ਬਨਸਪਤੀ ਅੰਦਰ ਸਮਾਇਆ ਹੋਇਆ ਹੈ, ਉਹ ਪ੍ਰਮਾਤਮਾ ਨਾ ਜੰਮਦਾ ਹੈ ਅਤੇ ਨਾ ਹੀ ਕਦੇ ਮਰਦਾ ਹੈ, ਉਹ ਜੂਨਾਂ ਤੋਂ ਰਹਿਤ ਹੈ, ਉਹ ਪ੍ਰਮਾਤਮਾ ਆਪਣੇ ਆਪ ਤੋਂ ਹੀ ਬਣਿਆ ਹੈ, ਉਹ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਉਸ ਅਕਾਲ ਪੁਰਖ ਨੂੰ ਸਾਰੀ ਸ਼੍ਰਿਸ਼ਟੀ ਹੀ ਜਪ ਰਹੀ ਹੈ। ਸਤਿਗੁਰੂ ਪਾਤਿਸ਼ਾਹ ਨੇ ਸ੍ਰੀ ਮੂਲ ਮੰਤਰ ਸਾਹਿਬ ਦਾ ਉਚਾਰਨ ਕਰਕੇ ਇਸ ਧਰਤੀ ਨੂੰ ਗੁਰਬਾਣੀ ਦਾ ਪ੍ਰਗਟ ਅਸਥਾਨ ਹੋਣ ਦਾ ਮਾਣ ਵੀ ਬਖਸ਼ਿਸ਼ ਕੀਤਾ ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸੰਤਘਾਟ ਸਾਹਿਬ ਦੇ ਨਵਨਿਰਮਾਣ ਕਾਰਜਾਂ ਅਤੇ ਪਵਿੱਤਰ ਵੇਈਂ ਨੇੜੇ ਪੰਜ ਮੰਜ਼ਿਲਾ ਪਾਵਨ 'ਇਕ ਓਅੰਕਾਰ ਮੂਲ ਮੰਤਰ ਅਸਥਾਨ' ਬਣਾਉਣ ਦੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਯੂ. ਕੇ. ਅਤੇ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਅਤੇ ਸੰਤ ਬਾਬਾ ਲਾਭ ਸਿੰਘ ਜੀ ਦੇ ਸੱਚਖੰਡ ਪਿਆਨਾ ਕਰ ਜਾਣ ਕਾਰਨ ਉਨ੍ਹਾਂ ਦੇ ਮੌਜੂਦਾ ਮੁਖੀ ਬਾਬਾ ਹਰਭਜਨ ਸਿੰਘ ਜੀ ਭਲਵਾਨ ਵੱਲੋਂ ਕਾਰ ਸੇਵਾ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ।

ਕਾਰ ਸੇਵਾ ਦੀ ਨਿਗਰਾਨੀ ਕਰ ਰਹੇ ਬਾਬਾ ਸਤਨਾਮ ਸਿੰਘ ਅਤੇ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਮੂਲ ਮੰਤਰ ਅਸਥਾਨ ਦੁਨੀਆ ਦਾ ਆਪਣੀ ਹੀ ਕਿਸਮ ਦਾ ਅਜੂਬਾ ਹੋਵੇਗਾ। ਜਿਸਦੀਆਂ ਕੁੱਲ ਪੰਜ ਮੰਜ਼ਿਲਾਂ ਹੋਣਗੀਆਂ, ਇਸ ਦੀ ਹੇਠਲੀ ਪਹਿਲੀ ਮੰਜ਼ਿਲ 17 ਫੁੱਟ ਧਰਤੀ 'ਚ ਅਤੇ 13 ਫੁੱਟ ਉੱਪਰ ਰੱਖੀ ਗਈ ਹੈ ਅਤੇ ਹਰੇਕ ਮੰਜ਼ਿਲ 13-13 ਫੁੱਟ ਉੱਚੀ ਰੱਖੀ ਜਾ ਰਹੀ ਹੈ। ਇਸ ਅਸਥਾਨ ਦੀ ਕੁੱਲ ਉਚਾਈ 70 ਫੁੱਟ ਤੱਕ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਤਕਰੀਬਨ ਇਕ ਸਾਲ 'ਚ ਤਿੰਨ ਮੰਜ਼ਿਲਾਂ ਤਿਆਰ ਕਰਕੇ ਲੈਂਟਰ ਪਾਏ ਜਾ ਚੁੱਕੇ ਹਨ ਅਤੇ ਚੌਥੀ ਮੰਜ਼ਿਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਪੰਜਵੀਂ ਮੰਜ਼ਿਲ 'ਤੇ ਸੁੰਦਰ ਗੁੰਬਦ ਬਣਾਇਆ ਜਾਵੇਗਾ ਤੇ ਪੂਰੀ ਤਰ੍ਹਾਂ ਮੁਕੰਮਲ ਕੀਤਾ ਜਾਵੇਗਾ । ਇਸ ਤੋਂ ਇਲਾਵਾ ਉਕਤ ਮਹਾਪੁਰਸ਼ਾਂ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੀ ਚਾਰੇ ਪਾਸੇ ਪ੍ਰਕਰਮਾ ਨੂੰ 20-20 ਫੁੱਟ ਤੱਕ ਹੋਰ ਚੌੜਾ ਕੀਤਾ ਗਿਆ ਹੈ ਅਤੇ ਆਲੇ ਦੁਆਲੇ ਸੁੰਦਰ ਵਰਾਂਡਾ ਵੀ ਬਣਾਇਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਨਵੀਨੀਕਰਨ ਕਰਦੇ ਹੋਏ ਮੂਹਰੇ ਜੋੜਾ ਘਰ, ਗਠੜੀ ਘਰ ਅਤੇ ਕੜਾਹ ਪ੍ਰਸ਼ਾਦਿ ਦੇ ਕਾਊਂਟਰ ਵਾਸਤੇ ਕਮਰੇ ਤਿਆਰ ਕੀਤੇ ਗਏ ਹਨ ।

 


ਮੂਲ ਮੰਤਰ ਅਸਥਾਨ ਦੇ ਸਾਹਮਣੇ ਸੰਗਤਾਂ ਦੇ ਆਉਣ ਜਾਣ ਲਈ ਭਾਈ ਮਹਿੰਦਰ ਸਿੰਘ ਯੂ. ਕੇ., ਬਾਬਾ ਹਰਭਜਨ ਸਿੰਘ ਜੀ ਭਲਵਾਨ, ਬਾਬਾ ਸਤਨਾਮ ਸਿੰਘ ਅਤੇ ਇੰਦਰਜੀਤ ਸਿੰਘ ਦੀ ਜ਼ੋਰਦਾਰ ਮੰਗ 'ਤੇ ਸਰਕਾਰ ਵੱਲੋਂ ਵਿਸ਼ੇਸ਼ ਆਰਜ਼ੀ ਪਲਟੂਨ ਪੁਲ ਮਨਜ਼ੂਰ ਕੀਤਾ ਗਿਆ ਹੈ, ਜਿਸ ਨੂੰ ਵੀ ਅੱਜ ਜਿੱਥੇ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਵੇਈਂ ਨਦੀ 'ਚੋਂ ਤੀਜੇ ਦਿਨ ਪ੍ਰਗਟ ਹੋਏ ਸਨ, ਉਸੇ ਜਗ੍ਹਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਪਵਿੱਤਰ ਵੇਈਂ ਦੀ ਸਫਾਈ ਕਰਵਾਉਣ ਦੇ ਨਾਲ-ਨਾਲ ਸੁੰਦਰ ਘਾਟ ਬਣਾਉਣ ਦੀ ਸੇਵਾ ਵੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਿੱਥੇ ਕਰਵਾਈ ਗਈ ਹੈ, ਉਥੇ ਹੀ ਕੁਝ ਥਾਵਾਂ 'ਤੇ ਰਹਿੰਦੇ ਘਾਟ ਬਣਾਉਣ ਅਤੇ ਵੇਈਂ ਕਿਨਾਰੇ ਪੱਥਰ ਲਗਾਉਣ ਦਾ ਕੰਮ ਸਰਕਾਰ ਵੱਲੋਂ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਦੇਖ-ਰੇਖ 'ਚ ਕਰਵਾਇਆ ਜਾ ਰਿਹਾ ਹੈ। ਰੋਜ਼ਾਨਾ ਭਾਰੀ ਗਿਣਤੀ ਚ ਸੰਗਤਾਂ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਅਤੇ ਮੂਲ ਮੰਤਰ ਅਸਥਾਨ ਦੇ ਦਰਸ਼ਨਾਂ ਲਈ ਪੁੱਜ ਰਹੀਆਂ ਹਨ। ਸੰਗਤਾਂ ਦੀ ਜ਼ਿਆਦਾ ਆਮਦ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਸ਼ਮਸ਼ਾਨਘਾਟ ਨੇੜੇ ਇਕ ਹੋਰ ਸੜਕ ਬਣਾਉਣ ਲਈ ਭਰਤੀ ਪਾਈ ਜਾ ਰਹੀ ਹੈ, ਜੋ ਕਿ ਪ੍ਰਕਾਸ਼ ਪੁਰਬ ਸਮਾਗਮ ਤੱਕ ਮਸਾਂ ਹੀ ਮੁਕੰਮਲ ਕੀਤੀ ਜਾ ਸਕਦੀ ਹੈ।

shivani attri

This news is Content Editor shivani attri