ਨਿਰੰਕਾਰ ਆਇਆ ਨਨਕਾਣੇ

05/03/2019 1:14:17 PM

ਜਲੰਧਰ - ਯੁਗਾਂ ਯੁਗਾਂ ਤੱਕ ਧੰਧੂਕਾਰ ਮਤਲਬ ਕਿ ਧੁੰਦ ਹੀ ਧੁੰਦ ਰੂਪੀ ਹਨ੍ਹੇਰਾ ਫੈਲਿਆ ਹੋਣ ਕਰਕੇ ਉਸ ਸਮੇਂ ਸਿਰਫ ਨਿਰੰਕਾਰ ਹੀ ਆਪਣੇ ਅਵਿਅਕਤ ਰੂਪ 'ਚ ਮੌਜੂਦ ਸੀ। ਆਪਣੇ-ਆਪ ਤੋਂ ਪੈਦਾ ਹੋਣ ਵਾਲੇ ਅਪ੍ਰਗਟ ਸੱਚ ਨੇ ਕੁਦਰਤ ਦੀ ਰਚਨਾ ਕੀਤੀ। ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ।। ਦੁਯੀ ਕੁਦਰਤਿ ਸਾਜੀਐ ਕਰਿ ਆਂਸੁਣ ਡਿਠੋ ਚਾਉ ।। ( ਅੰਗ ੪੬੩)
ਕੁਦਰਤ ਆਪਣੇ ਰਚੇਤਾ ਨਾਲ ਅੰਦਰੂਨੀ ਤੌਰ 'ਤੇ ਇਕਮਿਕ ਹੈ, ਕਿਉਂਕਿ ਕਰਤਾ ਆਪ ਇਸ 'ਚ ਵਿਦਮਾਨ ਹੈ। ਸ਼ਕਤੀ ਅਤੇ ਤਾਕਤ ਪ੍ਰਤੀਕ ਕੁਦਰਤ ਸ੍ਰਿਸ਼ਟੀ ਦੀਆਂ ਸਮੂਹ ਹਸਤੀਆਂ ਨੂੰ ਚਲਾਉਣ ਦਾ ਕੰਮ ਕਰਦੀ ਹੈ। ਇਸ ਬਾਰੇ ਆਸਾ ਦੀ ਵਾਰ 'ਚ ਗੁਰੂ ਸਾਹਿਬ ਨੇ ਵਰਨਣ ਕਰਦਿਆਂ ਦੱਸਿਆ ਹੈ ਕਿ ਡਰ ਜਾਂ ਭੈਅ ਸ੍ਰਿਸ਼ਟੀ ਦੀਆਂ ਸਮੂਹ ਤਾਕਤਾਂ ਨੂੰ ਹਵਾ, ਪਾਣੀ, ਅਗਨੀ, ਧਰਤੀ, ਬਦਲ, ਸੂਰਜ, ਚੰਦਰਮਾ, ਆਕਾਸ਼ ਦੇ ਨਾਲ-ਨਾਲ ਸਿੱਧਾ, ਬੋਧਾ, ਯੋਗੀਆਂ ਅਤੇ ਸੂਰਬੀਰ ਯੋਧਿਆਂ ਅਤੇ ਆਮ ਵਿਅਕਤੀ ਨੂੰ ਕਾਬੂ 'ਚ ਰੱਖਦਾ ਹੈ। ਭਾਰਤੀ ਚਿੰਤਨ ਅਨੁਸਾਰ ਸੰਤਾਂ-ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖ਼ਤਮ ਕਰਨ ਲਈ ਹੁੰਦਾ ਹੈ। ਜਦੋਂ ਵੀ ਦੁਨੀਆ 'ਚ ਅਧਰਮ, ਜੂਠ, ਝੂਠ, ਜ਼ੁਲਮੋ-ਸਿਤਮ ਅਤੇ ਬਦੀ ਦਾ ਬੋਲਬਾਲਾ ਹੋ ਜਾਂਦੈ, ਇਨਸਾਨੀਅਤ ਖਤਮ ਹੋਣ ਦੇ ਕੰਢੇ ਹੁੰਦੀ ਨਜ਼ਰ ਹੋਵੇ ਤਾਂ ਉਸ ਸਮੇਂ ਕੋਈ ਢੋਈ ਨਜ਼ਰ ਨਹੀਂ ਆਉਂਦੀ ਤਾਂ ਅਕਾਲ ਪੁਰਖ, ਦੁਖੀ ਜਗਤ ਦੀ ਪੁਕਾਰ ਸੁਣ ਕੇ ਆਪਣੇ ਕਿਸੇ ਵਿਸ਼ੇਸ਼ ਰੱਬੀ ਦੂਤ ਨੂੰ ਆਪਣੇ ਨੂਰ ਦੀ ਰੌਸ਼ਨ ਨਾਲ ਭਰ ਕੇ, ਮਨੁੱਖਤਾ ਦੇ ਕਲਿਆਣ ਲਈ ਸੰਸਾਰ ਅੰਦਰ ਭੇਜਦੈ। ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ :

ਹਦ ਸੇ ਬੜ੍ਹੇ ਅੰਧੇਰੇ, ਤੋ ਆਨਾ ਪੜਾ ਮੁਝੇ,
ਬਜ਼ਮੇ-ਜਹਾਂ ਮੇਂ ਸ਼ੰਮੇ-ਫ਼ਰੋਜ਼ਾਂ ਲੀਏ ਹੂਏ


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਸ ਧਰਤੀ ਉੱਤੇ ਆਗਮਨ ਜਿਸ ਸਮੇਂ ਹੋਇਆ, ਉਦੋਂ ਭਾਰਤੀ ਲੋਕ ਆਪਣੀ ਸੰਸਕ੍ਰਿਤੀ, ਭਾਸ਼ਾ, ਰਹਿਣ-ਸਹਿਣ ਨੂੰ ਭੁੱਲ ਕੇ ਹਾਕਮਾਂ ਦੀ ਚਾਪਲੂਸੀ ਕਰਕੇ ਖੁਸ਼ੀ ਹਾਸਲ ਕਰਨ 'ਚ ਲੱਗੇ ਹੋਏ ਸਨ। ਸਦੀਆਂ ਦੀ ਗੁਲਾਮੀ ਨੇ ਉਨ੍ਹਾਂ ਨੂੰ ਏਨਾ ਕਮਜ਼ੋਰ ਅਤੇ ਬਲਹੀਣ ਕਰ ਦਿੱਤਾ ਕਿ ਉਨ੍ਹਾਂ ਆਪਣੇ ਬਾਰੇ ਸੋਚਣਾ ਛੱਡ ਦਿੱਤਾ ਸੀ।ਭਾਰਤ ਦੇ ਸਿਆਸੀ, ਸਮਾਜਿਕ, ਧਾਰਮਿਕ, ਆਰਥਿਕ ਅਤੇ ਸੱਭਿਆਚਾਰਕ ਹਾਲਾਤ 'ਚ ਗਿਰਾਵਟ ਆ ਚੁੱਕੀ ਸੀ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਨੀਝ ਨਾਲ ਦੇਖਿਆ ਅਤੇ ਉਸ 'ਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਤੇ ਰਾਜਸੀ ਅਨਿਆਂ ਨੂੰ ਚੰਗੀ ਤਰ੍ਹਾਂ ਚਿਤਰਿਆ ।ਗੁਰੂ ਸਾਹਿਬ ਦਾ ਸੰਸਾਰ 'ਚ ਆਉਣ ਦਾ ਮੁੱਖ ਮਕਸਦ, ਰੋਗੀ ਸੰਸਾਰ ਦਾ, 'ਨਾਮ ਦਾਰੂ' ਨਾਲ ਇਲਾਜ ਕਰਨਾ ਤੇ ਇਸ ਨੂੰ ਨਵੀਂ ਨਰੋਈ ਤੇ ਤੰਦਰੁਸਤ ਸੇਧ ਪ੍ਰਦਾਨ ਕਰਨਾ ਸੀ।
ਨਿਰੰਕਾਰ ਖੁਦ ਆਪ ਗੁਰੂ ਨਾਨਕ ਦੇਵ ਜੀ ਦੇ ਰੂਪ 'ਚ ਸੱਚ, ਨੇਕੀ, ਮੁਹੱਬਤ, ਇਨਸਾਫ਼, ਅਦਲ ਤੇ ਦਇਆ ਦਾ ਸੂਰਜ ਬਣ ਕੇ ਚੜ੍ਹਿਆ। ਚਾਰੇ ਪਾਸੇ, ਨੂਰੋ-ਨੂਰ ਹੋ ਗਿਆ। ਭਾਈ ਗੁਰਦਾਸ ਜੀ, ਇਸ ਬਾਰੇ ਇਉਂ ਆਖਦੇ ਹਨ :

ਸੁਣੀ ਪੁਕਾਰਿ ਦਾਤਾਰ ਪ੍ਰਭੁ, ਗੁਰੁ ਨਾਨਕ ਜਗ ਮਾਹਿ ਪਠਾਇਆ ।।
ਕਲਿ ਤਾਰਣ ਗੁਰੁ ਨਾਨਕ ਆਇਆ।।


ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ।ਸ੍ਰੀ ਗੁਰੂ ਨਾਨਕ ਦੇਵ ਜੀ ਰੱਬੀ ਨੂਰ, ਗਿਆਨ ਦੇ ਸਾਗਰ, ਉਚ ਕੋਟੀ ਦੇ ਵਿਦਵਾਨ, ਸਮਾਜ ਸੁਧਾਰਕ ਸ਼ਾਇਰ, ਸਿੱਖ ਧਰਮ ਦੇ ਬਾਨੀ ਹੋਣ ਦੇ ਨਾਲ-ਨਾਲ ਸਿੱਖਾਂ ਦੇ ਪਹਿਲੇ ਗੁਰੂ ਹੋਏ। ਭਾਈ ਗੁਰਦਾਸ ਜੀ ਗੁਰੂ ਜੀ ਦੇ ਆਗਮਨ ਦਿਵਸ ਬਾਰੇ ਆਪਣੀ ਅਗਲੀ ਵਾਰ ਵਿਚ ਇਉਂ ਬਿਆਨ ਕਰਦੇ ਹਨ :

ਸਤਿਗੁਰੂ ਨਾਨਕ ਪ੍ਰਗਟਿਆ। ਮਿਟੀ ਧੁੰਦ ਜਗ ਚਾਨਣ ਹੋਆ ।।
ਜਿਉਂ ਕਰ ਸੂਰਜ ਨਿਕਲਿਆ। ਤਾਰੈ ਛਪੈ ਅੰਧੇਰ ਪਲੋਆ।। (ਵਾਰ 1, ਪਉੜੀ 27)


ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਰਾਇ ਭੋਇ ਦੀ ਤਲਵੰਡੀ ਜ਼ਿਲਾ ਸ਼ੇਖੂਪੁਰਾ (ਪਾਕਿਸਤਾਨ) 'ਚ ਮਾਤਾ ਤ੍ਰਿਪਤਾ ਅਤੇ ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੇ ਦਿਨ ਹੋਇਆ ਸੀ। ਗੁਰੂ ਨਾਨਕ ਸਾਹਿਬ ਦੇ ਜਨਮ ਬਾਰੇ ਇਕ ਹੋਰ ਤਾਰੀਖ ਵਿਸਾਖ ਸੁਦੀ ਤਿੰਨ (15 ਅਪ੍ਰੈਲ 1469) ਲਿਖੀ ਜਾਂਦੀ ਹੈ।ਜਨਮ ਸਾਖੀ 'ਚ ਜਨਮ ਪਤਰੇ ਦੇ ਅਧਾਰ 'ਤੇ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਦਿਵਸ ਕੱਤਕ ਸ਼ੁਦੀ ਪੂਰਨਮਾਸ਼ੀ ਬਿਕ੍ਰਮੀ ਸੰਮਤ 1526 ਮੁਤਾਬਕ ਸੰਨ 1469 ਈ. ਦਰਜ ਹੈ।ਉਸ ਦੀ ਪੁਸ਼ਟੀ ਭਾਈ ਗੁਰਦਾਸ ਜੀ ਦਾ ਸਲੋਕ ਕਰਦਾ ਹੈ।

ਕਾਰਤਕ ਮਾਸ ਰੁਤਿ ਸਰਤ ਪੂਰਨਮਾਸ਼ੀ, ਆਠ ਜਾਮ ਸਾਠ ਘੜੀ ਆਜ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁ ਨਾਇਕ ਕੇ ਨਾਇਕਾ ਹੈਵ, ਰੂਪ ਗੁਣ ਜੋਬਨ ਸ਼ੰਗਾਰ ਅਧੀਕਾਰੀ ਹੈ।
ਚਾਤਰ ਚਤਰ ਪਾਠ, ਸੇਵਕ ਸਹੇਲੀ ਸਾਠ, ਸੁੰਪਦਾ ਸਮਗਰੀ ਸੁਖ ਸਹਿਜ ਸੁੰਚਾਰੀ ਹੈ।
ਸੁੰਦਰ ਮੰਦਰ ਸ਼ੁਭ ਲਗਨ ਸੰਜੋਗ ਭੋਗ, ਜੀਵਨ ਜਨਮ ਧੀਨ ਪ੍ਰੀਤਮ ਪਿਆਰੈ ਹੈ।। ”


ਗੁਰੂ ਸਾਹਿਬ ਦਾ ਸੰਸਾਰ 'ਚ ਆਉਣ ਦਾ ਮੁੱਖ ਮਕਸਦ, ਰੋਗੀ ਸੰਸਾਰ ਦਾ, 'ਨਾਮ ਦਾਰੂ' ਨਾਲ ਇਲਾਜ ਕਰਕੇ ਸਮਾਜ ਨੂੰ ਨਵੀਂ ਨਰੋਈ ਅਤੇ ਤੰਦਰੁਸਤ ਸੇਧ ਪ੍ਰਦਾਨ ਕਰਨ ਲਈ ਇਸ ਮਹਾਨ ਤੇ ਕਠਿਨ ਕਾਰਜ ਦੀ ਪੂਰਤੀ ਕਰਦੇ ਹੋਏ, ਗੁਰੂ ਨਾਨਕ ਦੇਵ ਭਰ ਜਵਾਨੀ 'ਚ ਘਰੋਂ ਸੰਸਾਰ ਯਾਤਰਾ 'ਤੇ ਨਿਕਲ ਪਏ। ਭਾਈ ਬਾਲਾ ਅਤੇ ਮਰਦਾਨਾ, ਦੋ ਸੰਗੀ ਉਨ੍ਹਾਂ ਦੇ ਨਾਲ ਸਨ। ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ 'ਸਭੇ ਸਾਝੀਵਾਲ ਸਦਾਇਨਿ' ਦਾ ਇਲਾਹੀ ਨਾਦ ਦੁਨੀਆ 'ਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜ੍ਹੀਆਂ ਕੀਤੀਆਂ ਵਲਗਣਾਂ ਨੂੰ ਖ਼ਤਮ ਕਰਕੇ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ।

ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਸਾਹਿਬ ਨੇ ਮਾਣਸ ਜਾਤ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰ ਕੇ ਸਹੀ ਦਿਸ਼ਾ ਦਿੰਦੇ ਹੋਏ ਲੋਕਾਂ ਦਾ ਮਾਰਗ ਦਰਸ਼ਨ ਕਰ ਕੇ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕੀਤੀ ਅਤੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕੀਤੀ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਦਾ ਮੁੱਖ ਵਿਸ਼ਾ ੴ ਅਕਾਲ ਪੁਰਖ ਜਾਂ ਕਰਤਾ ਪੁਰਖ ਹੁੰਦਾ ਸੀ। ਗੁਰੂ ਸਾਹਿਬ ਅਨੁਸਾਰ ਅਸਲ ਜਿਊਣਾ, ਉਸ ਇਨਸਾਨ ਦਾ ਹੈ, ਜਿਸ ਦੇ ਹਿਰਦੇ ਆਤਮਾ 'ਚ ਪ੍ਰਭੂ ਦਾ ਨਿਵਾਸ ਹੈ। ਮਾਝ ਕੀ ਵਾਰ 'ਚ ਆਪ ਜੀ ਦਾ ਫ਼ੁਰਮਾਨ ਹੈ :

ਸੋ ਜੀਵਿਆ, ਜਿਸੁ ਮਨਿ ਵਸਿਆ ਸੋਇ।।
ਨਾਨਕ ਅਵਰੁ ਨਾ ਜੀਵੈ ਕੋਇ।।


ਸਤਿਗੁਰੂ ਨਾਨਕ ਦੇਵ ਜੀ ਸੰਸਾਰ ਦੇ ਪਹਿਲੇ ਮਹਾਨ ਦਾਰਸ਼ਨਿਕ ਗੁਰੂ ਹੋਏ ਹਨ, ਜੋ ਕੁਦਰਤ ਦੇ ਸਹਿਯੋਗ ਦੀ ਕਲਾ ਦਾ ਭੇਦ ਖੋਲ੍ਹਦੇ ਹੋਏ ਕਹਿੰਦੇ ਹਨ ਕਿ ਜੋ ਅਸੂਲ ਬ੍ਰਹਿਮੰਡ ਵਿਚ ਕੰਮ ਕਰ ਰਿਹਾ ਹੈ, ਉਹੀ ਮਨੁੱਖੀ ਸਰੀਰ ਵਿਚ ਕੰਮ ਕਰਦਾ ਹੈ।

'ਜੋ ਬ੍ਰਹਮੰਡਿ ਖੰਡਿ ਸੋ ਜਾਣਹੁ।। ' (ਅੰਗ ੧੦੪੧)।।

ਗੁਰੂ ਨਾਨਕ ਦੇਵ ਜੀ 'ਆਸਾ ਦੀ ਵਾਰ' ਵਿਚ ਫ਼ਰਮਾਨ ਕਰਦੇ ਹਨ ਕਿ ਸੂਤਕ, ਸਰਾਧ, ਜੰਞੂ ਪਾਉਣ ਦੀ ਰੀਤ ਆਦਿ ਸਭ ਵਿਅਰਥ ਹਨ। ਸਭ ਰਿਸ਼ੀਆਂ-ਮੁਨੀਆਂ, ਗੁਰੂਆਂ-ਪੈਗ਼ੰਬਰਾਂ ਨੇ ਇਹੀ ਸੰਦੇਸ਼ ਦਿੱਤਾ ਹੈ ਕਿ ਸਾਨੂੰ ਪਰਮਾਤਮਾ ਦੁਆਰਾ ਬਖ਼ਸ਼ੀ ਹੋਈ ਦਾਤ ਦਾ ਸ਼ੁਕਰ ਕਰਨਾ ਚਾਹੀਦਾ ਹੈ ਅਤੇ ਸਬਰ-ਸੰਤੋਖ ਦੀ ਜ਼ਿੰਦਗੀ ਜਿਊਣੀ ਚਾਹੀਦੀ ਹੈ।

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ।।
ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ।। ( ੪੭੧)


ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਰ ਨੂੰ ਮਿਲੇ ਤਾਂ ਬਾਬਰ ਨੇ ਕਿਹਾ 'ਮੈਥੋਂ ਕੁਝ ਮੰਗ ਲਉ।'
ਸਤਿਗੁਰੂ ਜੀ ਨੇ ਉੱਤਰ ਦਿੱਤਾ :'ਹੇ ਬਾਬਰ! ਜਿਸ ਤੋਂ ਤੂੰ ਮੰਗਦਾ ਹੈਂ, ਅਸੀਂ ਵੀ ਉਸ ਤੋਂ ਮੰਗ ਲਵਾਂਗੇ। ਜਿਸ ਨੇ ਇਹ ਸਰੀਰ ਬਖ਼ਸ਼ਿਆ, ਹੋਰ ਉਸ ਤੋਂ ਕੀ ਮੰਗੀਏ।' ਬਾਬਰ ਗੁਰੂ ਸਾਹਿਬ ਦੀਆਂ ਗੱਲਾਂ ਤੋਂ ਬਹੁਤ ਪ੍ਰਭਾਵਤ ਹੋਇਆ।ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਮਨੁੱਖੀ ਏਕਤਾ ਅਤੇ ਸ਼ੁੱਭ ਅਮਲਾਂ ਦੀ ਲੋੜ ਉਤੇ ਜ਼ੋਰ ਦਿੱਤਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਆਪ ਦੀ ਜਾਤ ਪੁੱਛੀ ਜਾਂਦੀ ਤਾਂ ਆਪ ਨੇ ਕਿਹਾ, 'ਨਾ ਹਮ ਹਿੰਦੂ ਨਾ ਮੁਸਲਮਾਨ' ਜਦੋਂ ਕਾਜ਼ੀਆਂ ਨੇ ਮੱਕਾ ਫੇਰੀ ਸਮੇਂ ਆਪ ਜੀ ਨੂੰ ਪੁੱਛਿਆ ਕਿ ਹਿੰਦੂ ਅਤੇ ਮੁਸਲਮਾਨ 'ਚੋਂ ਵੱਡਾ ਕੌਣ ਹੈ? ਤਾਂ ਗੁਰੂ ਸਾਹਿਬ ਦਾ ਸਪੱਸ਼ਟ ਉੱਤਰ ਸੀ:

ਬਾਬਾ ਆਖੇ ਹਾਜੀਆਂ ਸੁਭਿ ਅਮਲਾ, ਬਾਝਹੁ ਦੋਨੋ ਰੋਈ
ਹਿੰਦੂ ਮੁਸਲਮਾਨ ਦੁਇ ਦਰਗਹ ਅੰਦਰਿ, ਲਹਨਿ ਨ ਢੋਈ।।


ਇਸ ਦੁਨੀਆ ਵਿਖੇ ਅਵਤਾਰ ਧਾਰਨ ਤੋਂ ਬਾਅਦ, ਪਹਿਲਾਂ ਸ੍ਰੀ ਗੁਰੂ ਜੀ ਨੇ ਅਥਾਹ ਕਮਾਈ ਨਾਮ ਦੀ ਕੀਤੀ ਅਤੇ ਇਸੇ ਕਰ ਕੇ ਹੀ ਜ਼ਿੰਦਗੀ ਦੇ ਚੌਥੇ ਦਹਾਕੇ ਵਿਚ ਜਾ ਕੇ ਦੁਨੀਆ ਵਿਚ ਗੁਰਮਤਿ ਦਾ ਪ੍ਰਚਾਰ ਆਰੰਭ ਕੀਤਾ। ਇਸ ਬਾਰੇ ਭਾਈ ਗੁਰਦਾਸ ਜੀ ਨੇ ਬਹੁਤ ਖੂਬਸੂਰਤ ਲਿਖਿਆ ਹੈ :

ਪਹਿਲਾਂ ਬਾਬੇ ਪਾਯਾ ਬਖਸੁ ਦਰਿ ਪਿਛੋ ਦੇ ਫਿਰਿ ਘਾਲ ਕਮਾਈ।।
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ।।
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ।।
ਬਾਬਾ ਪੈਧਾ ਸਚ ਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ।। (ਭਾਈ ਗੁਰਦਾਸ ਜੀ, ਵਾਰ 1, ਪਉੜੀ 24)


ਭਾਈ ਗੁਰਦਾਸ ਜੀ ਅਨੁਸਾਰ ਜਦੋਂ ਮੱਕੇ ਦੇ ਫ਼ਾਜ਼ਲ ਮੌਲਾਨਿਆਂ ਨੇ ਗੁਰੂ ਨਾਨਕ ਦੇਵ ਜੀ ਤੋਂ ਪੁੱਛਿਆ : 'ਦੱਸੋ, ਹਿੰਦੂ ਵੱਡਾ ਹੈ ਕਿ ਮੁਸਲਮਾਨ? 'ਗੁਰੂ ਸਾਹਿਬ ਦਾ ਜੁਆਬ ਸੀ ਗੱਲ ਹਿੰਦੂ ਜਾਂ ਮੁਸਲਮਾਨ ਹੋਣ ਦੀ ਨਹੀਂ, ਇਕ ਮਨੁੱਖ ਦੇ ਰੂਪ ਵਿਚ ਉਸ ਦੇ ਕੀਤੇ ਕਰਮਾਂ ਦੀ ਹੈ :

ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਨੋਈ।।
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।।


ਅਸਲ ਵਿਚ ਗੁਰੂ ਨਾਨਕ ਦੇਵ ਜੀ ਦਾ 'ਨਾ ਕੋ ਹਿੰਦੂ ਨਾ ਮੁਸਲਮਾਨ' ਦਾ ਫ਼ਲਸਫ਼ਾ ਇਸ ਮੂਲ ਤੱਤ ਨੂੰ ਦ੍ਰਿੜ੍ਹ ਕਰਾਉਂਦਾ ਹੈ ਕਿ ਪਰਮ ਪਿਤਾ ਪਰਮਾਤਮਾ ਸਭ ਦਾ ਪਿਤਾ ਹੈ ਅਤੇ ਸਮੁੱਚੀ ਮਨੁੱਖਤਾ ਉਸ ਦੀ ਸੰਤਾਨ ਹੈ। ' ਖਾਸ ਤੌਰ 'ਤੇ ਧਰਮਾਂ ਦੇ ਨਾਂ 'ਤੇ, ਤਕਰਾਰ ਪਰਮਾਤਮਾ ਨੂੰ ਕਦਾਚਿਤ ਨਾ-ਪਸੰਦ ਹੈ। ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਭੇਖ ਤੇ ਕਰਮ ਕਾਂਡ 'ਚੋਂ ਨਿਕਲ ਕੇ ਅਮਲੀ ਜੀਵਨ ਜਿਉਣਾ ਚਾਹੀਦਾ ਹੈ। ਮੁਸਲਮਾਨ ਨੂੰ ਇਸਲਾਮ ਦੀ ਸੱਚੀ ਤਾਲੀਮ 'ਤੇ ਚੱਲਣ ਦਾ ਸੰਦੇਸ਼ ਦਿੰਦਿਆਂ ਗੁਰੂ ਨਾਨਕ ਦੇਵ ਜੀ ਨੇ ਫ਼ਰਮਾਇਆ ਸੀ :

ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ।।
ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ।।


ਅਵਤਾਰ ਸਿੰਘ ਆਨੰਦ
98551-20287

rajwinder kaur

This news is Content Editor rajwinder kaur