ਛੇਵੇਂ ਪਾਤਸ਼ਾਹ ਦਾ ਪ੍ਰਕਾਸ਼ ਉਤਸਵ ਮਨਾਉਣ ਲਈ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਉਮੜਿਆ

06/30/2018 11:46:02 AM

ਜਲੰਧਰ (ਚਾਵਲਾ)— ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਲੰਧਰ ਸ਼ਹਿਰ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਪ੍ਰਕਾਸ਼ ਪੁਰਬ ਮਨਾਉਣ ਲਈ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਉਮੜਿਆ। 
ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਹੋਏ ਸਮਾਗਮ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਭਾਈ ਦਵਿੰਦਰ ਸਿੰਘ ਦੇ ਜਥੇ ਨੇ ਕੀਰਤਨ ਦੁਆਰਾ ਹਾਜ਼ਰੀ ਭਰੀ। ਇਸ ਦੌਰਾਨ ਕੋਨੇ-ਕੋਨੇ ਤੋਂ ਪਹੁੰਚੀਆਂ ਸੰਗਤਾਂ ਦਾ ਠਾਠਾਂ ਮਾਰਦਾ ਸਮੁੰਦਰ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਇਸ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਸੰਗਤਾਂ ਵਿਚ ਇਕ ਨਿਵੇਕਲਾ ਹੀ ਉਤਸ਼ਾਹ ਨਜ਼ਰ ਆ ਰਿਹਾ ਸੀ। ਗੁਰੂ ਚਰਨਾਂ 'ਚ ਨਤਮਸਤਕ ਹੋਣ ਲਈ ਸੰਗਤਾਂ ਲੰਮੀਆਂ ਕਤਾਰਾਂ ਵਿਚ ਘੰਟਿਆਂਬੱਧੀ ਖੜ੍ਹੇ ਹੋ ਕੇ ਦਰਸ਼ਨ ਕਰਨ ਲਈ ਸ਼ਰਧਾ ਸਹਿਤ ਆਪਣੀ ਵਾਰੀ ਦੀ ਉਡੀਕ ਕਰ ਰਹੀਆਂ ਸਨ। ਬਾਅਦ ਵਿਚ ਖੁੱਲ੍ਹੇ ਪੰਡਾਲ 'ਚ ਹੋਏ ਕੀਰਤਨ ਦਰਬਾਰ ਵਿਚ ਭਾਈ ਰਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਭਾਈ ਅਵਤਾਰ ਸਿੰਘ ਧਾਰੋਵਾਲੀ, ਭਾਈ ਹਰਮਨਪ੍ਰੀਤ ਸਿੰਘ, ਭਾਈ ਗੁਰਮਨਪ੍ਰੀਤ ਸਿੰਘ, ਭਾਈ ਜਸਪ੍ਰੀਤ ਸਿੰਘ, ਭਾਈ ਜਸਪਾਲ ਸਿੰਘ ਰਾਜਨਗਰ, ਭਾਈ ਰਛਪਾਲ ਸਿੰਘ, ਭਾਈ ਲਾਲ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਜਗਦੇਵ ਸਿੰਘ, ਬੀਬੀ ਜਗੀਰ ਕੌਰ, ਭਾਈ ਦਿਲਬਾਗ ਸਿੰਘ, ਭਾਈ ਮਨਪ੍ਰੀਤ ਸਿੰਘ, ਬੀਬਾ ਮਨਜਿੰਦਰ ਕੌਰ ਆਦਿ ਨੇ ਰਸਭਿੰਨਾ ਕੀਰਤਨ ਕੀਤਾ। ਬਾਅਦ ਦੁਪਹਿਰ ਤੱਕ ਚੱਲੇ ਇਸ ਸਮਾਗਮ ਦੌਰਾਨ ਸੰਗਤਾਂ ਦੂਰੋਂ-ਨੇੜਿਓਂ ਸਿਰਾਂ 'ਤੇ ਲੰਗਰ, ਲੱਸੀ ਦੇ ਛੰਨੇ ਲੈ ਕੇ ਸਤਿਗੁਰੂ ਜੀ ਨੂੰ ਮਾਤਾ ਗੰਗਾ ਜੀ ਦੀ ਮਰਿਆਦਾ ਨੂੰ ਨਤਮਸਤਕ ਹੋਣ ਪੁੱਜੀਆਂ।
ਇਸ ਮੌਕੇ ਜਸਪ੍ਰੀਤ ਸਿੰਘ ਮੈਂਬਰ ਦਿੱਲੀ ਕਮੇਟੀ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਸਾਬਕ  ਸਿੰਘ ਮੱਕੜ, ਵਿਧਾਇਕ ਸੁਸ਼ੀਲ ਰਿੰਕੂ ਨੇ ਸੰਗਤਾਂ ਨੂੰ ਸੰਬੋਧਨ ਕੀਤਾ, ਜਦਕਿ ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ.  ਨੇ ਭਾਰੀ ਗਿਣਤੀ 'ਚ ਗੁਰੂ ਦਰਬਾਰ ਵਿਚ ਜੁੜ ਬੈਠੀਆਂ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਸਿੱਖੀ ਸਿਧਾਂਤਾਂ, ਮੀਰੀ-ਪੀਰੀ ਫਲਸਫੇ ਅਤੇ ਸੇਵਾ ਦੇ ਖੇਤਰ 'ਚ ਅੱਗੇ ਵਧਣ ਅਤੇ ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਉਪਲਬਧੀਆਂ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਸਿੱਖ ਸੰਗਤਾਂ ਨੂੰ ਧੜੇਬੰਦੀਆਂ ਤੋਂ ਉਪਰ ਉਠ ਕੇ ਏਕਤਾ ਕਰਨ ਤੇ ਸਿੱਖੀ ਸਰੂਪ 'ਤੇ ਪਹਿਰਾ ਦੇਣ 'ਤੇ ਜ਼ੋਰ ਦਿੱਤਾ।


ਇਸ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਅਤੇ ਹਸਪਤਾਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਨੇ ਗੁਰਦੁਆਰਾ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਸਪਤਾਲ ਅਤੇ ਵਿੱਦਿਅਕ ਅਦਾਰਿਆਂ ਬਾਰੇ ਜਾਣਕਾਰੀ ਭਰਪੂਰ ਲੈਕਚਰ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸੇ ਸਥਾਨ 'ਤੇ ਰਾਤ ਨੂੰ ਹੋਏ ਸਮਾਗਮ 'ਚ ਭਾਈ ਰਵਿੰਦਰ ਸਿੰਘ, ਭਾਈ ਅੰਮ੍ਰਿਤਪਾਲ ਸਿੰਘ ਦਿੱਲੀ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਮਹਿੰਦਰਪਾਲ ਸਿੰਘ, ਭਾਈ ਦਲੇਰ ਸਿੰਘ ਆਦਿ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਜਦਕਿ ਇਸ ਮੌਕੇ ਗੁਰਮਤਿ ਸੇਵਕ ਦਲ, ਭਾਈ ਘਨੱ੍ਹਈਆ ਜੀ ਸੇਵਕ ਦਲ, ਗੁਰੂ ਰਾਮ ਦਾਸ ਜਲ ਸੇਵਕ ਦਲ, ਰਾਮਗੜ੍ਹੀਆ ਸੇਵਕ ਸਭਾ, ਸ੍ਰੀ ਗੁਰੂ ਹਰਿਗੋਬਿੰਦ ਸੇਵਾ ਸੋਸਾਇਟੀ, ਮਾਤਾ ਗੁਜਰੀ ਸੇਵਾ ਸੋਸਾਇਟੀ, ਸਿੱਖ ਐਜੂਕੇਸ਼ਨਲ ਵੈੱਲਫੇਅਰ ਅਕੈਡਮੀ, ਮੀਰੀ-ਪੀਰੀ ਸੇਵਾ ਸੋਸਾਇਟੀ, ਅੰਮ੍ਰਿਤ ਕੰਪਿਊਟਰ ਆਦਿ ਸੰਸਥਾਵਾਂ ਦੇ ਸੇਵਾਦਾਰ ਵੱਖ-ਵੱਖ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕਰ ਰਹੇ ਸਨ।
ਇਸ ਸਮਾਗਮ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਪ੍ਰਧਾਨ ਬੇਅੰਤ ਸਿੰਘ ਸਰਹੱਦੀ, ਹਸਪਤਾਲ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਚੀਮਾ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਗੁਰਕ੍ਰਿਪਾਲ ਸਿੰਘ, ਅਮਰੀਕ ਸਿੰਘ, ਕੁਲਵੰਤਬੀਰ ਸਿੰਘ, ਗਿਆਨੀ ਗੁਰਮੀਤ ਸਿੰਘ, ਸਤਿੰਦਰਪਾਲ ਸਿੰਘ ਛਾਬੜਾ ਐਡਵੋਕੇਟ, ਚਰਨਜੀਤ ਸਿੰਘ, ਇੰਦਰਪਾਲ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ ਰਹੇਜਾ, ਜਸਵਿੰਦਰ ਸਿੰਘ ਮੱਕੜ,  ਗੁਰਬਚਨ ਸਿੰਘ ਕਾਲੜਾ, ਅਮਨਜੀਤ ਸਿੰਘ ਭੋਲਾ ਆਦਿ ਨੇ ਵਿਸ਼ੇਸ਼ ਰੁਚੀ ਦਿਖਾਈ। ਇਸ ਮੌਕੇ ਡਿਪਟੀ ਮੇਅਰ ਹਰਸਿਮਰਨ ਸਿੰਘ ਬੰਟੀ, ਕਮਲਜੀਤ ਸਿੰਘ ਭਾਟੀਆ, ਸੁਖਮਿੰਦਰ ਸਿੰਘ ਰਾਜਪਾਲ, ਮਨਿੰਦਰਪਾਲ ਸਿੰਘ ਗੁੰਬਰ ਆਦਿ ਹਾਜ਼ਰ ਸਨ।