ਪਿੰਡ ਨੰਗਲੀ ਦੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਹੋਏ ਅਗਨੀ ਭੇਟ

06/24/2018 6:32:42 AM

ਕਾਹਨੂੰਵਾਨ/ ਗੁਰਦਾਸਪੁਰ(ਵਿਨੋਦ) - ਸ਼ਨੀਵਾਰ ਸ਼ਾਮ ਬੇਟ ਖੇਤਰ ਦੇ ਪਿੰਡ ਰੰਧਾਵਾ ਕਾਲੋਨੀ ਕੋਲ ਨੰਗਲ ਵਾਲਿਆਂ ਦੇ ਡੇਰਿਆ 'ਤੇ ਗੁਰਦੁਆਰਾ ਸਾਹਿਬ ਵਿਖੇ ਅੱਗ ਲੱਗਣ ਨਾਲ ਸ੍ਰੀ  ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਿਆ। ਜਦਕਿ ਇਕ ਸਰੂਪ ਬਾਹਰ ਹੋਣ ਕਰਕੇ ਇਹ ਸਰੂਪ ਅਗਨੀ ਭੇਂਟ ਤੋਂ ਬਚ ਗਿਆ। ਮੌਕੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਅੱਗ ਸ਼ਨੀਵਾਰ ਸ਼ਾਮ 4.30 ਵਜੇ ਲੱਗੀ।ਇਸ ਸਬੰਧੀ ਬਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਦੇ ਬਾਹਰ ਆਇਆ ਤਾਂ ਗੁਰਦੁਆਰਾ ਸਾਹਿਬ 'ਚੋਂ ਧੂੰਆ ਨਿਕਲਦਾ ਵੇਖਿਆ। ਇਸ ਦੀ ਸੂਚਨਾ ਤੁਰੰਤ ਪਿੰਡ ਵਾਸੀਆਂ ਨੂੰ ਦਿੱਤੀ। ਜਦੋਂ ਗੁਰਦੁਆਰਾ ਸਾਹਿਬ 'ਚ ਜਾ ਕੇ ਵੇਖਿਆ ਤਾਂ ਅੱਗ ਨੇ ਪੂਰਾ ਜ਼ੋਰ ਫੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਵੇਖਦੇ ਹੀ ਵੇਖਦੇ ਅੱਗ ਨੇ ਪਾਵਰ ਸਰੂਪਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਦੌਰਾਨ ਹਾਲ ਅੰਦਰ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਅੱਗ ਦੀ ਭੇਂਟ ਚੜ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਮੁੱਖ ਸੇਵਾਦਾਰ ਸੁਰਜੀਤ ਸਿੰਘ ,ਬਾਬਾ ਰਜਵੰਤ ਸਿੰਘ ਅਤੇ ਭਾਈ ਬਲਵਿੰਦਰ ਸਿੰਘ ਨੂੰ ਅੱਗ ਬੁਝਾਉਦੇ ਸਮੇਂ ਮਾਮੂਲੀ ਸੱਟਾਂ ਵੀ ਲੱਗੀਆ। ਪਿੰਡ ਵਾਸੀਆਂ ਵੱਲੋਂ ਸੂਚਿਤ ਕਰਨ 'ਤੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਸ ਵੀ ਮੌਕੇ 'ਤੇ ਪਹੁੰਚੀ ਅਤੇ ਇਸ ਦੌਰਾਨ ਇਕ ਫਾਇਰ ਬ੍ਰਿਗੇਡ ਦੀ ਗੱਡੀ ਵੀ ਗੁਰਦਾਸਪੁਰ ਤੋਂ ਪਿੰਡ ਨੰਗਲੀ ਪਹੁੰਚੀ। ਪਿੰਡ ਵਾਸੀਆ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅੱਗ 'ਤੇ ਕਾਬੂ ਪਾਇਆ।ਪੁਲਸ ਨੇ ਮਾਮਲੇ ਦੀ ਗੰਭੀਰਤਾਂ ਨੂੰ ਵੇਖਦੇ ਹੋਏ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ ਹੈੱਡਕੁਆਰਟਰ ਵਰਿੰਦਰ ਸਿੰਘ ਸੰਧੂ ਵੀ ਮੌਕੇ 'ਤੇ ਪਹੁੰਚੇ। ਪਿੰਡ ਵਾਸੀਆਂ ਵੱਲੋਂ ਇਸ ਘਟਨਾ ਪ੍ਰਤੀ ਬਹੁਤ ਦੁੱਖ ਪ੍ਰਗਟਾਇਆ ਗਿਆ ਅਤੇ ਉਨ੍ਹਾਂ ਕਿਹਾ ਕਿ ਅੱਗਨੀ ਭੇਂਟ ਹੋਏ ਸਰੂਪ ਨੂੰ  ਸ੍ਰੀ ਗੋਇੰਦਵਾਲ ਵਿਖੇ ਜਲ ਪ੍ਰਵਾਹ ਕੀਤਾ ਜਾਵੇਗਾ ਅਤੇ ਪਛਤਾਪ ਵੱਜੋਂ  ਸ੍ਰੀ ਆਖੰਡ ਪਾਠ ਦੇ ਭੋਗ ਵੀ ਪਾਏ ਜਾਣਗੇ।