ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਅੱਜ ਲੱਗ ਜਾਵੇਗੀ ਪੀ. ਐੱਨ. ਬੀ. ਦੀ ਸਿੰਬਾਲਿਕ ਸੀਲ

08/28/2018 7:07:44 AM

ਜਲੰਧਰ,    (ਪੁਨੀਤ)-   ਇੰਪਰੂਵਮੈਂਟ ਟਰੱਸਟ ਅਧਿਕਾਰੀਆਂ ਵਲੋਂ ਗੁਰੂ ਗੋਬਿੰਦ ਸਿੰਘ  ਸਟੇਡੀਅਮ ਨੂੰ ਸੀਲ ਨਾ ਲਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਨੈਸ਼ਨਲ ਬੈਂਕ  (ਪੀ. ਐੱਨ. ਬੀ.) ਵਲੋਂ ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਸਿੰਬਾਲਿਕ ਸੀਲ ਲਾ  ਦਿੱਤੀ ਜਾਵੇਗੀ। ਇਸ ਦੀ ਪੁਸ਼ਟੀ ਬੈਂਕ ਅਧਿਕਾਰੀਆਂ ਨੇ ਕਰਦਿਆਂ ਕਿਹਾ ਕਿ ਟਰੱਸਟ ਬੈਂਕ  ਨੂੰ ਕਰਜ਼ਾ ਮੋੜ ਨਹੀਂ ਸਕਿਆ ਜਿਸ ਕਾਰਨ ਅੱਜ ਉਹ ਸਟੇਡੀਅਮ ਵਿਚ ਸਿੰਬਾਲਿਕ ਸੀਲ ਲਾ ਦੇਣਗੇ  ਜਿਸ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਬੈਂਕ ਕੋਲ ਟਰੱਸਟ ਦੀ 400  ਕਰੋੜ ਤੋਂ ਵੱਧ ਦੀ ਪ੍ਰਾਪਰਟੀ ਗਹਿਣੇ ਹੈ। ਇਸ ਵਿਚ ਅਹਿਮ ਪ੍ਰਾਪਰਟੀ ਗੁਰੂ ਗੋਬਿੰਦ ਸਿੰਘ  ਸਟੇਡੀਅਮ ਹੈ ਜਿਸ ਦੀ ਬੈਂਕ ਦੇ ਹਿਸਾਬ ਨਾਲ ਵੈਲਿਊ ਲੋਨ ਦਿੰਦੇ ਸਮੇਂ 288 ਕਰੋੜ ਰੁਪਏ  ਲਾਈ ਗਈ ਸੀ। 
ਇੰਪਰੂਵਮੈਂਟ ਟਰੱਸਟ ਨੇ 2011 ਵਿਚ 94.97 ਏਕੜ ਸਕੀਮ ਲਈ ਪੰਜਾਬ  ਨੈਸ਼ਨਲ ਬੈਂਕ ਕੋਲੋਂ 175 ਕਰੋੜ ਰੁਪਏ ਲੋਨ ਲਿਆ ਸੀ ਜਿਸ ਵਿਚੋਂ 112 ਕਰੋੜ ਦੇ ਕਰੀਬ ਲੋਨ  ਅਜੇ ਬਕਾਇਆ ਹੈ ਜਿਸ ਕਾਰਨ ਬੈਂਕ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 2  ਜੁਲਾਈ ਨੂੰ ਬੈਂਕ ਨੇ ਨੋਟਿਸ ਭੇਜ ਕੇ ਸੂਚਿਤ ਕੀਤਾ ਸੀ ਕਿ ਜੇਕਰ 2 ਜੁਲਾਈ ਤਕ ਟਰੱਸਟ ਨੇ  ਪੈਸੇ ਦੇਣ ਦੀ ਕਾਰਵਾਈ ਸ਼ੁਰੂ ਨਾ ਕੀਤੀ ਤਾਂ ਬੈਂਕ 13 ਜੁਲਾਈ ਨੂੰ  ਸਟੇਡੀਅਮ ਨੂੰ ਸੀਲ   ਕਰ ਦੇਵੇਗਾ ਜਿਸ ’ਤੇ ਟਰੱਸਟ ਨੇ 13 ਜੁਲਾਈ ਨੂੰ 60 ਲੱਖ ਰੁਪਏ ਦਾ ਆਈ. ਸੀ. ਆਈ. ਸੀ.  ਆਈ. ਬੈਂਕ ਚੈੱਕ ਭੇਜ ਕੇ ਸੀਲ ਨਾ ਲਾਉਣ ਦੀ ਬੇਨਤੀ ਕੀਤੀ ਸੀ। 
ਟਰੱਸਟ ਨੇ ਚਿੱਠੀ ਨੰਬਰ  1255 ਵਿਚ ਆਜ਼ਾਦੀ ਦਿਵਸ ਦਾ ਹਵਾਲਾ ਦਿੰਦਿਆਂ ਕਿਹਾ ਸੀ 15 ਅਗਸਤ ਨੂੰ ਸਟੇਡੀਅਮ ਵਿਚ  ਸੂਬਾ ਪੱਧਰੀ ਪ੍ਰੋਗਰਾਮ ਹੁੰਦਾ ਹੈ। ਇਸ ਲਈ ਬੈਂਕ ਵਲੋਂ 15 ਅਗਸਤ ਤਕ ਦੀ ਮੋਹਲਤ ਦਿੱਤੀ  ਜਾਵੇ।
26 ਕਰੋੜ ਨਾਲ ਐੱਨ. ਪੀ. ਏ. ਤੋਂ ਬਾਹਰ ਆਏਗਾ ਟਰੱਸਟ
ਟਰੱਸਟ  ਦਾ ਅਕਾਊਂਟ 31 ਮਾਰਚ ਨੂੰ ਐੱਨ. ਪੀ. ਏ. (ਨਾਨ ਪਰਫਾਰਮਿੰਗ ਅਸੈਟ) ਹੋ ਚੁੱਕਾ ਹੈ,  ਅਕਾਊਂਟ ਨੂੰ ਐੱਨ. ਪੀ. ਏ. ਤੋਂ ਬਾਹਰ ਨਿਕਲਣ ਲਈ ਟਰੱਸਟ ਨੂੰ 26 ਕਰੋੜ ਰੁਪਏ ਦੇਣੇ  ਪੈਣਗੇ। ਐੱਨ. ਪੀ. ਏ. ਤੋਂ ਬਾਅਦ ਬੈਂਕ ਵਲੋਂ ਸੀਲਿੰਗ ਕਾਰਵਾਈ ’ਤੇ ਰੋਕ ਲਾਈ ਜਾਂਦੀ  ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਐਕਟ 2002 ਦੀ ਧਾਰਾ 13 (2) ਦੇ ਤਹਿਤ ਉਹ  ਕਾਨੂੰਨਨ ਟਰੱਸਟ ਦੀ ਪ੍ਰਾਪਰਟੀ ਨੂੰ ਕਬਜ਼ੇ ਵਿਚ ਲੈਣ ਦਾ ਹੱਕ ਰੱਖਦੇ ਹਨ।
1.40 ਕਰੋੜ ਦਿੱਤਾ, 70 ਲੱਖ ਦਾ ਵਾਅਦਾ ਨਹੀਂ ਹੋਇਆ ਪੂਰਾ
ਜੁਲਾਈ  ਵਿਚ ਸੀਲ ਕਰਨ ਦਾ ਨੋਟਿਸ ਮਿਲਣ ਤੋਂ ਬਾਅਦ ਟਰੱਸਟ ਅਧਿਕਾਰੀ ਕੁੰਭਕਰਨੀ ਨੀਂਦ ਤੋਂ ਜਾਗੇ  ਅਤੇ ਪੈਸੇ ਜਮ੍ਹਾ ਕਰਾਉਣੇ ਸ਼ੁਰੂ ਕੀਤੇ। 12 ਜੁਲਾਈ ਤੋਂ 26 ਅਗਸਤ ਤਕ 1.40 ਕਰੋੜ ਰੁਪਏ  ਜਮ੍ਹਾ ਹੋਏ। ਟਰੱਸਟ ਨੇ ਇਸ ਤੋਂ ਇਲਾਵਾ 70 ਲੱਖ ਰੁਪਏ ਹੋਰ ਜਮ੍ਹਾ ਕਰਾਉਣ ਦਾ ਵਾਅਦਾ  ਕੀਤਾ ਸੀ ਜੋ ਪੂਰਾ ਨਹੀਂ ਹੋ ਸਕਿਆ। ਸੀਲ ਕਰਨ ਵਾਲੇ ਦਿਨ 13 ਜੁਲਾਈ ਨੂੰ 60 ਲੱਖ  ਰੁਪਏ ਬੈਂਕ ਵਿਚ ਜਮ੍ਹਾ ਹੋਏ, 19 ਜੁਲਾਈ ਨੂੰ 40 ਲੱਖ, 24 ਜੁਲਾਈ ਨੂੰ 30 ਲੱਖ ਰੁਪਏ  ਜਮ੍ਹਾ ਹੋਏ। ਮੋਹਲਤ ਖਤਮ ਹੋਣ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ 10 ਲੱਖ ਰੁਪਏ ਜਮ੍ਹਾ ਹੋਏ।