112 ਕਰੋੜ ਦੀ ਅਦਾਇਗੀ ਕਰਨ ਨਾਲ ਰੁਕ ਸਕੇਗੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਨੀਲਾਮੀ

06/01/2019 9:44:38 AM

ਜਲੰਧਰ (ਪੁਨੀਤ)— ਇੰਪਰੂਵਮੈਂਟ ਟਰੱਸਟ ਵਿਚ ਕੰਮ ਦੀ ਪੈਂਡੈਂਸੀ ਵੱਧਦੀ ਜਾ ਰਹੀ ਹੈ, ਫਿਰ ਭਾਵੇਂ ਉਹ ਵਸੂਲੀ ਹੋਵੇ ਜਾਂ ਕਬਜ਼ਿਆਂ 'ਤੇ ਕਾਰਵਾਈ ਦਾ ਮੁੱਦਾ। ਪਿਛਲੇ ਸਮੇਂ ਦੌਰਾਨ ਚੋਣ ਡਿਊਟੀ ਕਾਰਨ ਰੁਝੇਵਿਆਂ ਦਾ ਬਹਾਨਾ ਬਣਾਇਆ ਜਾ ਰਿਹਾ ਸੀ ਤੇ ਹੁਣ ਸਟਾਫ ਦੀ ਕਮੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ। ਟਰੱਸਟ 'ਤੇ 250 ਕਰੋੜ ਦੀ ਅਦਾਇਗੀ ਨੂੰ ਲੈ ਕੇ ਜ਼ਰੂਰੀ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਕਾਰਨ ਟਰੱਸਟ ਨੂੰ ਆਉਣ ਵਾਲੇ ਸਮੇਂ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੀ. ਐੈੱਨ. ਬੀ. ਵੱਲੋਂ ਟਰੱਸਟ ਦੀ ਪ੍ਰਾਪਰਟੀ ਦੀ ਨੀਲਾਮੀ ਰੱਖੀ ਜਾ ਚੁੱਕੀ ਹੈ, ਇਸ ਵਿਚ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੀ ਸ਼ਾਮਲ ਹੈ।

ਟਰੱਸਟ ਨੇ ਪੀ. ਐੈੱਨ. ਬੀ. ਕੋਲੋਂ 175 ਕਰੋੜ ਦਾ ਲੋਨ ਲਿਆ ਸੀ ਜਿਸ ਨੂੰ ਟਰੱਸਟ 6-7 ਸਾਲ ਬਾਅਦ ਵੀ ਕਲੀਅਰ ਨਹੀਂ ਕਰ ਸਕਿਆ। ਟਰੱਸਟ 'ਤੇ ਅਜੇ ਵੀ 112 ਕਰੋੜ ਦਾ ਲੋਨ ਬਕਾਇਆ ਹੈ ਪਰ ਰਕਮ ਦੀ ਅਦਾਇਗੀ ਕਰਨ ਲਈ ਟਰੱਸਟ ਕੋਲ ਫੰਡ ਨਹੀਂ ਹਨ। ਟਰੱਸਟ ਵੱਲੋਂ ਲੋਕਲ ਬਾਡੀ ਵਿਭਾਗ ਨੂੰ ਚਿੱਠੀ ਲਿਖ ਕੇ ਕਈ ਵਾਰ ਫੰਡ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਫਿਲਹਾਲ ਟਰੱਸਟ ਨੂੰ ਫੰਡ ਮਿਲਦੇ ਨਜ਼ਰ ਨਹੀਂ ਆ ਰਹੇ।

ਪੀ. ਐੱਨ. ਬੀ. ਵਲੋਂ 17 ਜੂਨ ਤੱਕ ਬੋਲੀਦਾਤਿਆਂ ਦਾ ਇੰਤਜ਼ਾਰ ਕੀਤਾ ਜਾਵੇਗਾ ਜਿਸ ਤੋਂ ਬਾਅਦ ਨੀਲਾਮੀ ਕਰਵਾਈ ਜਾਵੇਗੀ। ਟਰੱਸਟ ਦਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੀਲਾਮ ਹੋਣਾ ਇਸ ਸਮੇਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਭਾਵੇਂ ਟਰੱਸਟ ਦੀਆਂ 480 ਕਰੋੜ ਦੀਆਂ ਜਾਇਦਾਦਾਂ ਨੀਲਾਮੀ ਵਿਚ ਰੱਖੀਆਂ ਗਈਆਂ ਹਨ ਜਦੋਂਕਿ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੀ ਬੋਲੀ ਦੀ ਸ਼ੁਰੂਆਤ 250 ਕਰੋੜ ਤੋਂ ਹੋਵੇਗੀ। ਬੋਲੀ ਵਿਚ ਹਿੱਸਾ ਲੈਣ ਵਾਲੇ ਚਾਹਵਾਨ ਬੋਲੀਦਾਤਾ ਨੂੰ 10 ਫੀਸਦੀ ਈ. ਐੱਮ. ਡੀ. (ਅਰਨੈਸਟ ਮਨੀ ਡਿਪਾਜ਼ਿਟ) ਜਮ੍ਹਾ ਕਰਵਾਉਣਾ ਹੋਵੇਗਾ। ਟਰੱਸਟ ਇਸ ਨੀਲਾਮੀ ਨੂੰ ਕਿਵੇਂ ਰੋਕ ਸਕੇਗਾ ਇਹ ਅਹਿਮ ਮੁੱਦਾ ਹੈ ਕਿਉਂਕਿ ਇਸ ਨੀਲਾਮੀ ਨੂੰ ਰੋਕਣ ਲਈ ਟਰੱਸਟ ਨੂੰ 112 ਕਰੋੜ ਰੁਪਏ ਅਦਾ ਕਰਨੇ ਪੈਣਗੇ, ਇਸ ਦਾ ਕਾਰਨ ਇਹ ਹੈ ਕਿ ਪੀ. ਐੱਨ. ਬੀ. ਵੱਲੋਂ ਟਰੱਸਟ ਦਾ ਅਕਾਊਂਟ ਪੀ. ਐੱਨ. ਏ. ਕੀਤਾ ਜਾ ਚੁੱਕਾ ਹੈ।

1-2 ਰਿਟਾਇਰਡ ਕਰਮਚਾਰੀਆਂ ਦੀ ਹੀ ਹੈ ਦਖਲਅੰਦਾਜ਼ੀ
ਇੰਪਰੂਵਮੈਂਟ ਟਰੱਸਟ ਦਫਤਰ ਵਿਚ ਰਿਟਾਇਰਡ ਕਰਮਚਾਰੀਆਂ ਦੀ ਦਖਲਅੰਦਾਜ਼ੀ ਦੀ ਬੀਤੇ ਦਿਨ ਜੋ ਖਬਰ ਛਾਪੀ ਗਈ ਸੀ ਉਸ ਵਿਚ ਸਾਰੇ ਰਿਟਾਇਰਡ ਕਰਮਚਾਰੀਆਂ ਦਾ ਨਹੀਂ, ਸਗੋਂ ਸਿਰਫ 1-2 ਕਰਮਚਾਰੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਕਤ ਕਰਮਚਾਰੀ ਹਾਲ ਹੀ ਵਿਚ ਟਰੱਸਟ ਦਫਤਰ ਤੋਂ ਰਿਟਾਇਰਡ ਹੋਏ ਹਨ ਤੇ ਟਰੱਸਟ ਦਫਤਰ ਵਿਚ ਆਉਂਦੇ ਜਾਂਦੇ ਦੇਖੇ ਜਾ ਸਕਦੇ ਹਨ। ਜਲੰਧਰ ਇੰਪਰੂਵਮੈਂਟ ਟਰੱਸਟ ਪੈਨਸ਼ਨਰਜ਼ ਐਸੋ. ਦੇ ਪ੍ਰਧਾਨ ਬਖਸ਼ੀਸ਼ ਸਿੰਘ ਦੀ ਅਗਵਾਈ ਹੇਠ ਮੀਟਿੰਗ ਵਿਚ ਅਹੁਦੇਦਾਰਾਂ ਨੇ ਕਿਹਾ ਕਿ ਐਸੋਸੀਏਸ਼ਨ ਦੇ ਕਰਮਚਾਰੀਆਂ ਦੇ ਮੁੱਦਿਆਂ ਲਈ ਹਰੇਕ ਮਹੀਨੇ ਦੀ 18 ਤਰੀਕ ਨੂੰ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਿਟਾਇਰਡ ਕਰਮਚਾਰੀਆਂ ਦਾ ਦਫਤਰੀ ਕੰਮਕਾਜ ਵਿਚ ਕਿਸੇ ਤਰ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਐਸੋਸੀਏਸ਼ਨ ਸਿਰਫ ਕਰਮਚਾਰੀਆਂ ਨਾਲ ਸਬੰਧਿਤ ਕੰਮਾਂ ਨੂੰ ਹੱਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕਰਮਚਾਰੀਆਂ ਵੱਲੋਂ ਟਰੱਸਟ ਦੀ ਇਮੇਜ ਨੂੰ ਖਰਾਬ ਕੀਤਾ ਜਾ ਰਿਹਾ ਹੈ।

Shyna

This news is Content Editor Shyna