ਆਪ੍ਰੇਸ਼ਨ ਦੌਰਾਨ ਮੰਗਵਾਈਆਂ ਜਾਂਦੀਆਂ ਦਵਾਈਆਂ ''ਚੋਂ ਆਉਣ ਲੱਗੀ ''ਘਪਲੇ ਦੀ ਬੋਅ''

Thursday, Feb 22, 2018 - 07:45 AM (IST)

ਫ਼ਰੀਦਕੋਟ (ਹਾਲੀ) - ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਜਿੱਥੇ ਭਾਰੀ ਕਮੀਆਂ ਨਾਲ ਜੂਝ ਰਿਹਾ ਹੈ, ਉੱਥੇ ਹੀ ਇਸ 'ਚੋਂ ਹੁਣ ਘਪਲੇ ਵੀ ਉਜਾਗਰ ਹੋਣ ਲੱਗੇ ਹਨ। ਅਹਿਮ ਘਪਲਾ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਵਿਚੋਂ ਸ਼ੁਰੂ ਹੁੰਦਾ ਹੈ, ਜਿੱਥੇ ਆਪ੍ਰੇਸ਼ਨ ਲਈ ਲਿਆਂਦੇ ਗਏ ਮਰੀਜ਼ ਦੇ ਵਾਰਿਸਾਂ ਤੋਂ ਵਾਰ-ਵਾਰ ਹੋਰ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ, ਜੋ ਬਾਅਦ 'ਚ ਮਰੀਜ਼ ਨੂੰ ਵਾਪਸ ਵੀ ਨਹੀਂ ਕੀਤੀਆਂ ਜਾਂਦੀਆਂ। ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਪੰਜਾਬ ਦੇ ਵੱਖ-ਵੱਖ ਥਾਂਵਾਂ ਤੋਂ ਆਉਣ ਵਾਲੇ ਮਰੀਜ਼ਾਂ ਨੂੰ ਆਧੁਨਿਕ ਸਹੂਲਤਾਂ ਦੇਣ ਲਈ ਐਮਰਜੈਂਸੀ ਵਾਰਡ, ਨਿਊਰੋ ਆਈ. ਸੀ. ਯੂ. ਅਤੇ ਕੈਂਸਰ ਹਸਪਤਾਲ ਖੋਲ੍ਹਿਆ ਗਿਆ ਹੈ ਪਰ ਮਰੀਜ਼ਾਂ ਦੇ ਆਪ੍ਰੇਸ਼ਨ ਦੌਰਾਨ ਵਾਰ-ਵਾਰ ਮੰਗਵਾਈ ਜਾਂਦੀ ਦਵਾਈ ਕਾਰਨ ਵਾਰਿਸਾਂ ਦੀ ਹੁੰਦੀ ਖੱਜਲ-ਖੁਆਰੀ ਨੂੰ ਰੋਕਣ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਰੀਜ਼ ਅਤੇ ਉਨ੍ਹਾਂ ਦੇ ਵਾਰਿਸ ਬੇਹੱਦ ਪ੍ਰੇਸ਼ਾਨ ਹੁੰਦੇ ਹਨ।ਵੱਖ-ਵੱਖ ਵਾਰਡਾਂ 'ਚ ਜ਼ੇਰੇ ਇਲਾਜ ਮਰੀਜ਼ਾਂ ਦੇ ਆਪ੍ਰੇਸ਼ਨ ਤੋਂ ਪਹਿਲਾਂ ਦਵਾਈ ਦੀ ਸਲਿੱਪ ਮਰੀਜ਼ ਨੂੰ ਫੜਾ ਦਿੱਤੀ ਜਾਂਦੀ ਹੈ ਤਾਂ ਜੋ ਮਰੀਜ਼ ਦੇ ਆਪ੍ਰੇਸ਼ਨ ਦੌਰਾਨ ਕੋਈ ਦਿੱਕਤ ਜਾਂ ਪ੍ਰੇਸ਼ਾਨੀ ਨਾ ਆਵੇ. ਜਦਕਿ ਫਿਰ ਐਨ ਮੌਕੇ 'ਤੇ ਮਰੀਜ਼ ਦੇ ਚੱਲਦੇ ਆਪ੍ਰੇਸ਼ਨ ਦੌਰਾਨ ਵਾਰਿਸਾਂ ਨੂੰ ਆਪ੍ਰੇਸ਼ਨ ਥੀਏਟਰ ਦੇ ਗੇਟ ਅੱਗਿਓਂ ਆਵਾਜ਼ਾਂ ਮਾਰ ਕੇ ਸਰਿੰਜਾਂ, ਦਸਤਾਨੇ, ਸੂਈਆਂ ਆਦਿ ਲਿਆਉਣ ਲਈ ਕਿਹਾ ਜਾਂਦਾ ਹੈ।ਆਪ੍ਰੇਸ਼ਨ ਥੀਏਟਰ 'ਚੋਂ ਬਾਹਰ ਆਏ ਕਰਮਚਾਰੀ ਦੇ ਮੂੰਹ 'ਤੇ ਮਾਸਕ ਲੱਗਾ ਹੁੰਦਾ ਹੈ, ਜਿਸ ਕਾਰਨ ਕਰਮਚਾਰੀ ਦੀ ਕਿਸੇ ਨੂੰ ਪਛਾਣ ਨਹੀਂ ਹੁੰਦੀ, ਜੋ ਹੋਰ ਦਵਾਈਆਂ ਲਿਆਉਣ ਲਈ ਕਹਿੰਦਾ ਹੈ ਪਰ ਆਪ੍ਰੇਸ਼ਨ ਕਾਰਨ ਘਬਰਾਹਟ ਵਿਚ ਆਏ ਵਾਰਿਸ ਤੁਰੰਤ ਇਸ ਹੁਕਮ ਅਨੁਸਾਰ ਦਵਾਈਆਂ ਲਿਆ ਕੇ ਦੇ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਕਈ ਵਾਰ ਇਹ ਦਵਾਈਆਂ ਮੈਡੀਕਲ ਹਸਪਤਾਲ ਦੇ ਬਾਹਰ ਇਕੋ ਹੀ ਦੁਕਾਨ ਤੋਂ ਲਿਆਉਣ ਲਈ ਹਦਾਇਤ ਕੀਤੀ ਜਾਂਦੀ ਹੈ, ਜੋ ਕਿ ਆਪ੍ਰੇਸ਼ਨ ਥੀਏਟਰ ਤੋਂ ਕਈ ਪੌੜੀਆਂ ਉਤਰਨ ਤੋਂ ਬਾਅਦ 200 ਮੀਟਰ ਦੇ ਕਰੀਬ ਦੂਰ ਹੈ। ਹਸਪਤਾਲ 'ਚ ਬਣੀ ਦਵਾਈਆਂ ਦੀ ਦੁਕਾਨ ਤੋਂ ਮਿਲਣ ਵਾਲੀਆਂ ਦਵਾਈਆਂ ਜਾਂ ਹੋਰ ਸਾਜ਼ੋ-ਸਾਮਾਨ ਇੱਥੋਂ ਲੈਣ ਦੀ ਬਜਾਏ ਬਾਹਰੋਂ ਅਤੇ ਫ਼ਿਰ ਇਸੇ ਦੁਕਾਨ ਤੋਂ ਲਿਆਉਣ ਦੀ ਹਦਾਇਤ ਕੀਤੀ ਜਾਂਦੀ ਹੈ। ਪਿਛਲੇ ਕਾਫ਼ੀ ਦਿਨਾਂ ਤੋਂ ਇਹ ਦੁਕਾਨ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਚਰਚਾ ਦਾ ਕਾਰਨ ਬਣੀ ਹੋਈ ਹੈ। ਕੁਝ ਸਮਾਜ ਸੇਵੀਆਂ ਵੱਲੋਂ ਇਸ ਦੁਕਾਨ ਅਤੇ ਆਪ੍ਰੇਸ਼ਨ ਥੀਏਟਰ ਵਿਚ ਮੰਗਵਾਈਆਂ ਜਾਂਦੀਆਂ ਦਵਾਈਆਂ ਕਰ ਕੇ ਹੋ ਰਹੇ ਘਪਲੇ ਦੀ ਸ਼ਿਕਾਇਤ ਜ਼ਿਲਾ ਪ੍ਰਸ਼ਾਸਨ ਨੂੰ ਕੀਤੀ ਗਈ ਪਰ ਅਜੇ ਤੱਕ ਇਸ ਮਾਮਲੇ 'ਤੇ ਕੋਈ ਕਾਰਵਾਈ ਨਹੀਂ ਹੋਈ।ਮਰੀਜ਼ਾਂ ਨੇ ਮੰਗ ਕੀਤੀ ਹੈ ਕਿ ਇਸ ਹਸਪਤਾਲ ਦੇ ਡਾਕਟਰਾਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਸਾਰਾ ਸਾਮਾਨ ਆਪ੍ਰੇਸ਼ਨ ਤੋਂ ਪਹਿਲਾਂ ਹੀ ਮੰਗਵਾਉਣ ਅਤੇ ਸਾਮਾਨ ਵਾਪਸ ਮਰੀਜ਼ ਤੇ ਉਸ ਦੇ ਵਾਰਿਸ ਨੂੰ ਦੇਣ।
ਕੀ ਕਹਿੰਦੇ ਨੇ ਅਧਿਕਾਰੀ
ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਆਪ੍ਰੇਸ਼ਨ ਥੀਏਟਰ ਦੇ ਸਟਾਫ ਵੱਲੋਂ ਲੋੜ ਮੁਤਾਬਕ ਦਵਾਈਆਂ ਆਪ੍ਰੇਸ਼ਨ ਤੋਂ ਪਹਿਲਾਂ ਹੀ ਮੰਗਵਾ ਲਈਆਂ ਜਾਂਦੀਆਂ ਹਨ ਪਰ ਆਪ੍ਰੇਸ਼ਨ ਦੌਰਾਨ ਕਿਸੇ ਦਵਾਈ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਮਰੀਜ਼ ਦੇ ਵਾਰਿਸ ਤੋਂ ਹੋਰ ਸਾਮਾਨ ਮੰਗਵਾਇਆ ਜਾਂਦਾ ਹੈ।


Related News