ਗੁਰੂ ਗੋਬਿੰਦ ਸਿੰਘ ਜੀ ਨਾਲ ਸ਼ਹੀਦ ਭਗਤ ਸਿੰਘ ਦੀ ਤੁਲਨਾ ਕਰਕੇ ਫਸੇ ਭਗਵੰਤ ਮਾਨ

06/26/2019 5:36:57 PM

ਅਨੰਦਪੁਰ ਸਾਹਿਬ (ਚੌਵੇਸ਼ ਲਟਾਵਾ) : ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਦੀ ਸੰਸਦ ਭਵਨ 'ਚ ਦਿੱਤੀ ਸਪੀਚ ਦੌਰਾਨ ਸ਼ਹੀਦ ਭਗਤ ਸਿੰਘ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ 'ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ ਪਰ ਕਿਸੇ ਦੀ ਤੁਲਨਾ ਗੁਰੂ ਸਾਹਿਬਾਨਾਂ ਨਾਲ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਗਿਆਨੀ ਰਘੁਬੀਰ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਵਲੋਂ ਦਿੱਤੇ ਬਿਆਨ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਲਈ ਉਨ੍ਹਾਂ ਨੂੰ ਸਿੱਖ ਕੌਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। 

ਦਰਅਸਲ ਭਗਵੰਤ ਮਾਨ ਨੇ ਸੰਸਦ ਵਿਚ ਦਿੱਤੀ ਪੰਜਾਬੀ ਵਿਚ ਸਪੀਚ ਦੌਰਾਨ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਫਕੀਰ ਆਖ ਕੇ ਰਹੇ ਹਨ ਪਰ ਅਸਲ ਵਿਚ ਫਕੀਰ ਗੁਰੂ ਗੋਬਿੰਦ ਸਿੰਘ ਜੀ ਅਤੇ ਭਗਤ ਸਿੰਘ ਵਰਗੇ ਸ਼ਹੀਦ ਸਨ, ਜਿਨ੍ਹਾਂ ਨੇ ਦੇਸ਼ ਉਤੋਂ ਆਪਾ ਕੁਰਬਾਨ ਕਰ ਦਿੱਤਾ ਸੀ, ਉਨ੍ਹਾਂ ਕਿਹਾ ਕਿ 300 ਸਾਲਾ ਦੌਰਾਨ ਸਿਰਫ ਦੋ ਹੀ ਅਜਿਹੇ ਲੀਡਰ ਹੋਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਕੋਈ ਚੋਣ ਲੜੇ ਬਿਨਾਂ ਦੇਸ਼ ਅਤੇ ਕੌਮ ਨੂੰ ਲੀਡ ਕੀਤਾ ਹੈ। 

ਹੁਣ ਜਦੋਂ ਸ਼ਹੀਦ ਭਗਤ ਸਿੰਘ ਦੀ ਤੁਲਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰਨ ਦਾ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਭਗਵੰਤ ਮਾਨ ਇਸ ਮਾਮਲੇ 'ਤੇ ਮੁਆਫੀ ਮੰਗਦੇ ਹਨ ਜਾਂ ਨਹੀਂ।

Gurminder Singh

This news is Content Editor Gurminder Singh