ਪੰਜਾਬ ਸਰਕਾਰ ਵਲੋਂ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ

07/20/2019 11:48:40 AM

ਚੰਡੀਗੜ੍ਹ (ਭੁੱਲਰ) : ਪੰਜਾਬ ਸਰਕਾਰ ਨੇ ਸੂਬੇ 'ਚ ਪੈ ਰਹੇ ਮੀਂਹ ਕਾਰਨ ਕਈ ਜ਼ਿਲਿਆਂ 'ਚ ਫਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਇਸ ਦੀ ਪੁਸ਼ਟੀ ਕਰਦਿਆਂ ਰਾਜ ਦੇ ਮਾਲ ਅਤੇ ਕੁਦਰਤੀ ਆਫਤਾਂ ਸਬੰਧੀ ਵਿਭਾਗ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਤੋਂ ਇਲਾਵਾ ਐੱਸ. ਡੀ. ਐੱਮਜ਼ ਨੂੰ ਵੀ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਕੁਦਰਤ ਦੀ ਮਾਰ ਹੈ ਅਤੇ ਕਿਸਾਨਾਂ ਨੂੰ ਸਰਕਾਰ ਗਿਰਦਾਵਰੀ ਦੇ ਆਧਾਰ 'ਤੇ ਨੁਕਸਾਨ ਦੀ ਭਰਪਾਈ ਕਰਨ ਦਾ ਯਤਨ ਕਰੇਗੀ। ਕਾਂਗੜ ਨੇ ਕਿਹਾ ਕਿ ਉਨ੍ਹਾਂ ਮੌਕੇ ਦਾ ਖੁਦ ਵੀ ਜਾਇਜ਼ਾ ਲਿਆ ਹੈ ਅਤੇ ਇਸ ਦਾ ਸਾਰੀ ਰਿਪੋਰਟ ਮੁੱਖ ਮੰਤਰੀ ਨੂੰ ਵੀ ਦੇ ਰਹੇ ਹਨ ਤਾਂ ਜੋ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਮਿਲ ਸਕੇ।

ਜ਼ਿਕਰਯੋਗ ਹੈ ਕਿ ਭਾਵੇਂ ਖੇਤੀ ਤੇ ਮਾਲ ਵਿਭਾਗ ਦੇ ਅਧਿਕਾਰੀ ਪੂਰਾ ਜਾਇਜ਼ਾ ਲੈਣਗੇ ਪਰ ਮੁੱਢਲੇ ਅੰਦਾਜ਼ੇ ਮੁਤਾਬਕ 50 ਹਜ਼ਾਰ ਏਕੜ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਵਲੋਂ ਭਾਰੀ ਖਰਚਾ ਕਰਕੇ ਲਾਇਆ ਝੋਨਾ ਬਰਬਾਦ ਹੋਇਆ ਹੈ ਤੇ ਉਹ ਨੁਕਸਾਨ ਦੀ ਭਰਪਾਈ ਲਈ ਸਰਕਾਰ ਤੋਂ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਮੰਗ ਰਹੇ ਹਨ। ਕਿਸਾਨਾਂ 'ਚ ਇਸ ਗੱਲ ਲਈ ਰੋਸ ਹੈ ਕਿ ਮੀਂਹ ਦੇ ਮੌਸਮ ਤੋਂ ਪਹਿਲਾਂ ਸਰਕਾਰ ਵਲੋਂ ਨਹਿਰਾਂ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਕਾਰਨ ਪਹਿਲੇ ਮੀਂਹ ਨਾਲ ਫਸਲਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ।
 

Babita

This news is Content Editor Babita