ਗੁਰਪ੍ਰੀਤ ਘੁੱਗੀ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਵਾਰੀ : ਛੋਟੇਪੁਰ

05/30/2017 3:46:53 PM

ਕਲਾਨੌਰ (ਮਨਮੋਹਨ) : ਆਪਣਾ ਪੰਜਾਬ ਪਾਰਟੀ ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਵਲੋਂ ਕਲਾਨੌਰ ਵਿਖੇ ਸਾਬਕਾ ਚੇਅਰਮੈਨ ਅਮਰੀਕ ਸਿੰਘ ਧਰਮੀ ਫੌਜੀ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਤੇ ਪੰਜਾਬ ਦੇ ਭੋਲੇਭਾਲੇ ਲੋਕਾਂ ਜਿਨ੍ਹਾਂ ਨੇ ਸਿਆਸਤ ਵਿਚ ਨਵੀ ਕ੍ਰਾਂਤੀ ਲਿਆਉਣ ਲਈ ਆਪਣੇ ਕਾਰੋਬਾਰ ਅਤੇ ਨੌਕਰੀਆਂ ਛੱਡ ਕੇ ਕੇਜਰੀਵਾਲ ਦਾ ਸਾਥ ਦਿੱਤਾ ਸੀ ਪਰ ਕੇਜਰੀਵਾਲ ਨੇ ਆਪਣੇ ਸੁਆਰਥਾਂ ਲਈ ਲੋਕਾਂ ਤੋਂ ਕਰੋੜਾਂ ਰੁਪਏ ਚੰਦਾ ਕਥਿਤ ਤੌਰ ''ਤੇ ਹੜੱਪ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਇਥੇ ਹੀ ਬੱਸ ਨਹੀਂ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਲੀਡਰਾਂ ''ਤੇ ਝੂਠੇ ਭ੍ਰਿਸ਼ਟਾਚਾਰ ਦੇ ਦੋਸ਼ ਲਾ ਕੇ ਪਾਰਟੀ ''ਚੋਂ ਬਾਹਰ ਕੱਢਿਆ ਹੈ, ਜਿਸ ਕਾਰਨ ਪੰਜਾਬ ਵਿਚ ''ਆਪ'' ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਜਿਥੇ ਪਹਿਲਾਂ ''ਆਪ'' ਲੀਡਰਾਂ ਨੂੰ ਬਾਹਰ ਦਾ ਰਸਤਾ ਵਿਖਾਇਆ, ਉਥੇ ਘੁੱਗੀ ਤੋਂ ਬਾਅਦ ਹੁਣ ਭਗਵੰਤ ਮਾਨ ਦੀ ਵਾਰੀ ਪਾਰਟੀ ਵਿਚੋਂ ਬਾਹਰ ਜਾਣ ਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਬਨਣ ਦੇ ਸੁਪਨੇ ਵੇਖਣ ਵਾਲੇ ਕੇਜਰੀਵਾਲ ਦਾ ਹਸ਼ਰ ਆਉਣ ਵਾਲੇ ਸਮੇਂ ਵਿਚ ਮਾੜਾ ਹੋਵੇਗਾ। ਛੋਟੇਪੁਰ ਨੇ ਕਿਹਾ ਕਿ ਦੇਸ਼ ਭਗਤੀ, ਈਮਾਨਦਾਰੀ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਨਾਂ ਤੇ ਗੁੰਮਰਾਹ ਕਰਨ ਵਾਲਾ ਕੇਜਰੀਵਾਲ ਹੁਣ ਖੁਦ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰਿਆ ਹੋਇਆ ਹੈ ਅਤੇ ਇਸ ਸਬੰਧ ''ਚ ਮੌਨ ਧਾਰਨ ਕਰਕੇ ਬੈਠਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਵਲੋਂ ਪੰਜਾਬ ਵਿਚ ਭੇਜੀ ਆਪਣੀ ਅਬਜ਼ਰਵਰਾਂ ਦੀ ਟੀਮ ਜੋ ਚੱਪਲਾਂ ਪਾ ਕੇ ਪੰਜਾਬ ਪੁੱਜੀ ਸੀ ਚੋਣਾਂ ਦੌਰਾਨ ਪੰਜਾਬੀਆਂ ਦੀ ਲੁੱਟ ਮਾਰ ਕਰਕੇ ਬਰੈਂਡਡ ਕੱਪੜੇ ਵਿਚ ਵਾਪਸ ਪਰਤੀ ਹੈ।

Gurminder Singh

This news is Content Editor Gurminder Singh