ਅਸੀਂ ਰੇਤਾ ਵੇਚਣ ਤੇ ਪਲਾਟਾਂ ''ਤੇ ਕਬਜ਼ੇ ਕਰਨ ਲਈ ਰਾਜਨੀਤੀ ''ਚ ਨਹੀਂ ਆਏ : ਜਥੇ. ਵਡਾਲਾ

07/10/2018 12:58:48 PM

ਜਲੰਧਰ (ਬਿਊਰੋ)— ਨਾ ਤਾਂ ਅਸੀਂ ਰੇਤਾ ਵੇਚਣ ਲਈ, ਨਾ ਪਲਾਟਾਂ 'ਤੇ ਕਬਜ਼ੇ ਕਰਨ ਲਈ ਅਤੇ ਨਾ ਹੀ ਜਾਇਦਾਦਾਂ ਹੜੱਪਣ ਵਾਸਤੇ ਰਾਜਨੀਤੀ ਵਿਚ ਆਏ ਹਾਂ, ਅਸੀਂ ਤਾਂ ਸਿਰਫ ਪੰਜਾਬੀਆਂ ਦੀ ਸੇਵਾ ਕਰਨ ਵਾਸਤੇ ਅੱਗੇ ਆਏ ਹਾਂ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਅਤੇ ਜਲੰਧਰ ਦਿਹਾਤੀ ਦੇ ਨਵ-ਨਿਯੁਕਤ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੋਮਵਾਰ ਇਥੇ ਪਵਨ ਕੁਮਾਰ ਟੀਨੂੰ ਵਿਧਾਇਕ ਦੇ ਨਿਵਾਸ 'ਤੇ ਹੋਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਜਥੇਦਾਰ ਵਡਾਲਾ ਨੂੰ ਪਾਰਟੀ ਵੱਲੋਂ ਪ੍ਰਧਾਨ ਬਣਾਉਣ 'ਤੇ ਉਨ੍ਹਾਂ ਦੇ ਸਵਾਗਤ ਲਈ ਟੀਨੂੰ ਨੇ ਆਪਣੇ ਨਿਵਾਸ 'ਤੇ ਇਹ ਮੀਟਿੰਗ ਰੱਖੀ ਸੀ।
ਜਥੇਦਾਰ ਵਡਾਲਾ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੈਪਟਨ ਸਰਕਾਰ ਨੂੰ ਹਰ ਤਰ੍ਹਾਂ ਦੇ ਸਹਿਯੋਗ ਦੇਣ ਦੇ ਕੀਤੇ ਗਏ ਐਲਾਨ ਨੂੰ ਮੁੱਖ ਮੰਤਰੀ ਨੇ ਰੱਦ ਕਰਕੇ ਉਨ੍ਹਾਂ ਰਜਵਾੜਾਸ਼ਾਹੀ ਦਾ ਹੀ ਸਬੂਤ ਦਿੱਤਾ ਹੈ। ਉਨ੍ਹਾਂ ਅਜਿਹਾ ਕਰਕੇ ਆਪਣਾ ਛੋਟਾਪਣ ਹੀ ਦਿਖਾਇਆ ਹੈ।
ਉਨ੍ਹਾਂ ਨੇ ਕਿਹਾ ਕਿ ਸੂਬੇ 'ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਨੂੰ ਸਾਰੀਆਂ ਪਾਰਟੀਆਂ ਤੋਂ ਸਹਿਯੋਗ ਲੈਣਾ ਚਾਹੀਦਾ ਹੈ। ਜਥੇਦਾਰ ਵਡਾਲਾ ਨੇ ਕਿਹਾ ਕਿ ਅਕਾਲੀ ਦਲ ਇਹ ਨਹੀਂ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ ਵਿਕਾ ਰਿਹਾ ਹੈ ਪਰ ਮੁੱਖ ਮੰਤਰੀ ਇਸ ਅਲਾਮਤ ਨੂੰ ਨੱਥ ਪਾਉਣ 'ਚ ਅਸਫਲ ਰਹੇ ਹਨ। ਕਾਂਗਰਸ ਲੀਡਰਾਂ ਨੇ 2017 ਵਿਚ ਅਕਾਲੀ ਦਲ 'ਤੇ ਨਸ਼ਿਆਂ ਬਾਰੇ ਗਲਤ ਦੋਸ਼ ਲਾਏ ਪਰ ਹੁਣ ਉਨ੍ਹਾਂ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਅਕਾਲੀ ਦਲ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਮੁਹਿੰਮ ਵਿੱਢੇਗਾ। 
ਇਸ ਮੌਕੇ ਵਿਧਾਇਕ ਬਲਦੇਵ ਸਿੰਘ ਖਹਿਰਾ, ਸੇਠ ਸਤਪਾਲ ਮੱਲ, ਬਲਜੀਤ ਸਿੰਘ ਨੀਲਾ ਮਹਿਲ, ਨਾਇਬ ਸਿੰਘ ਕੋਹਾੜ, ਕੁਲਵੰਤ ਸਿੰਘ ਮੰਨਣ ਜ਼ਿਲਾ ਸ਼ਹਿਰੀ ਪ੍ਰਧਾਨ, ਪਰਮਜੀਤ ਸਿੰਘ ਰਾਏਪੁਰ, ਬਲਦੇਵ ਸਿੰਘ ਕਲਿਆਣ, ਸ਼ਿੰਗਾਰਾ ਸਿੰਘ ਲੋਹੀਆਂ, ਰਣਜੀਤ ਸਿੰਘ ਕਾਹਲੋਂ, ਜਥੇਦਾਰ ਲੱਲੀਆਂ, ਪਰਮਿੰਦਰ ਕੌਰ ਪੰਨੂ ਕੌਂਸਲਰ, ਐੱਚ. ਐੱਸ. ਅਕਾਲੀ ਦਲ, ਡਾ. ਅਮਰਜੀਤ ਥਿੰਦ, ਗੁਰਦਿਆਲ ਸਿੰਘ ਨਿੱਝਰ, ਮੇਜਰ ਸਿੰਘ ਹਰੀਪੁਰ, ਸਰੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਅਤੇ ਵਰਕਰ ਮੌਜੂਦ ਸਨ।