ਮਾਮਲਾ ਗੁਰਪੰਤ ਪੰਨੂ ਵਲੋਂ ਰੇਲਵੇ ਕਲਿੱਪਾਂ ਨੂੰ ਕੱਢਣ ਦੀ ਜ਼ਿੰਮੇਵਾਰੀ ਲੈਣ ਦਾ: 3 ਗ੍ਰਿਫ਼ਤਾਰ

06/13/2022 11:39:45 AM

ਫਤਿਹਗੜ੍ਹ ਸਾਹਿਬ (ਜੱਜੀ, ਸੁਰੇਸ਼, ਜਗਦੇਵ) - ਥਾਣਾ ਬਡਾਲੀ ਆਲਾ ਸਿੰਘ ਦੀ ਪੁਲਸ ਨੇ 3 ਵਿਅਕਤੀਆਂ ਨੂੰ 220 ਰੇਲਵੇ ਕਲਿੱਪ ਤੇ 230 ਰੇਲਵੇ ਲਾਈਨਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇਨ੍ਹਾਂ ਕਲਿੱਪਾਂ ਨੂੰ ਕੱਢਣ ਦੀ ਜ਼ਿੰਮੇਵਾਰੀ ਗੁਰਪੰਤ ਸਿੰਘ ਪੰਨੂ ਨੇ ਲਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜੰਗਜੀਤ ਸਿੰਘ ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਅਰਸ਼ਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਰਹਿੰਦ ਪੁਲਸ ਨੇ ਇਕ ਬੈਟਰੀਆਂ ਚੋਰੀ ਦਾ ਮਾਮਲਾ ਦਰਜ ਕੀਤਾ ਸੀ, ਜਿਸ ’ਚ ਸੋਮਾ ਸਿੰਘ ਪੁੱਤਰ ਮਹਿੰਦਰ ਰਾਮ ਵਾਸੀ ਪਿੰਡ ਹੰਸਾਲੀ ਤੇ ਸੋਨੂੰ ਸੋਲੰਕੀ ਪੁੱਤਰ ਮੇਘਰਾਜ ਵਾਸੀ ਪਿੰਡ ਧਰਾਉ ਜ਼ਿਲ੍ਹਾ ਬੁਲੰਦ ਸ਼ਹਿਰ ਯੂ.ਪੀ. ਹਾਲ ਅਬਾਦ ਲੂਣ ਮਿਰਚ ਵਾਲੀ ਗਲੀ ਸਰਹਿੰਦ ਨੂੰ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਪਿੰਡ ਚੋਲਟੀ ਖੇਡ਼ੀ ਰੇਲਵੇ ਤੋਂ ਰੇਲਵੇ ਕਲਿੱਪ ਅਤੇ ਰੇਲਵੇ ਲਾਈਨਰ ਚੋਰੀ ਕੀਤੇ ਸਨ ਤੇ ਨਬੀਪੁਰ ਦੇ ਕਬਾੜੀਏ ਨੇਕ ਰਾਮ ਨੂੰ ਵੇਚ ਦਿੱਤੇ ਸਨ। ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਵਿਖੇ ਪਹਿਲਾਂ ਮਾਮਲਾ ਦਰਜ ਸੀ। ਇਸ ਤੋਂ ਪਹਿਲਾ ਵੀ ਰੇਲਵੇ ਕਿਲੋਮੀਟਰ 6-6 ਤੋਂ 6-8 ਤੱਕ ਪਿੰਡ ਚੋਲਟੀ ਖੇੜੀ ਤੋਂ ਕੁੱਲ 60 ਰੇਲਵੇ ਲਾਈਨਰ ਅਤੇ 60 ਕਲਿੱਪ ਚੋਰੀ ਹੋ ਗਏ ਸਨ। ਰੇਲਵੇ ਦੀਆਂ ਲੱਗਭਗ 1200 ਕਲਿੱਪਾਂ ਤੇ ਲਾਈਨਰ ਚੋਰੀ ਹੋਣ ਦੀ ਸ਼ਿਕਾਇਤ ਸੀ, ਜੋ ਬਾਕੀ ਰਹਿੰਦੀਆਂ ਰੇਲਵੇ ਕਲਿੱਪਾਂ ਅਤੇ ਲਾਈਨਰ ਸਬੰਧੀ ਕੇਸ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਦਰਜ ਹੈ।

ਇਨ੍ਹਾਂ ਮਾਮਲਿਆਂ ’ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐੱਸ. ਐੱਚ. ਓ. ਅਰਸ਼ਦੀਪ ਸਿੰਘ ਤੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਉਕਤ ਵਿਅਕਤੀਆਂ ਨੂੰ ਨਾਭਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸੋਮਾ ਸਿੰਘ ਤੋਂ 60 ਰੇਲਵੇ ਕਲਿੱਪ ਤੇ 65 ਰੇਲਵੇ ਲਾਈਨਰ, ਸੋਨੂੰ ਸੋਲੰਕੀ ਤੋਂ 65 ਰੇਲਵੇ ਕਲਿੱਪ ਤੇ 65 ਰੇਲਵੇ ਲਾਈਨਰ ਤੇ ਕਬਾੜੀਏ ਨੇਕ ਰਾਮ ਤੋਂ 85 ਰੇਲਵੇ ਕਲਿੱਪ ਤੇ 100 ਰੇਲਵੇ ਲਾਈਨਰ ਬਰਾਮਦ ਕੀਤੇ ਹਨ। ਇਸ ਤਰ੍ਹਾਂ 220 ਰੇਲਵੇ ਕਲਿੱਪ ਤੇ 230 ਰੇਲਵੇ ਲਾਈਨਰ ਬਰਾਮਦ ਕੀਤੇ ਹਨ। ਉਕਤ ਵਿਅਕਤੀਆਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦਾ ਪੁਲਸ ਰਿਮਾਂਡ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਐੱਸ. ਐੱਫ. ਜੇ. ਆਗੂ ਗੁਰਪਤਵੰਤ ਪੰਨੂ ਨੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਕੇ ਰਾਜਪੁਰਾ ਦੇ ਥਰਮਲ ਪਲਾਂਟ ਨੂੰ ਜਾਂਦੀ ਨਿੱਜੀ ਰੇਲਵੇ ਲਾਈਨ ਨੂੰ ਤੋੜਨ ਦੀ ਦੀ ਜ਼ਿੰਮੇਵਾਰੀ ਲਈ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤ ਸਰਕਾਰ ਨੂੰ ਸੁਨੇਹਾ ਦਿੱਤਾ ਸੀ ਕਿ ਜੇਕਰ 6 ਜੂਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖਾਂ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਸਿੱਟੇ ਬਹੁਤ ਵੱਡੇ ਨਿਕਲਣਗੇ।

rajwinder kaur

This news is Content Editor rajwinder kaur