ਸੁਖਬੀਰ ਨੂੰ ਲੋਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ, ਅਸੀਂ 24 ਘੰਟੇ ਕਰ ਰਹੇ ਹਾਂ ਜਨਤਾ ਦੀ ਸੇਵਾ: ਗੁਰਮੀਤ ਖੁੱਡੀਆਂ

12/28/2022 11:37:14 AM

ਜਲੰਧਰ- ਪੰਜਾਬ ’ਚ ਨਵੀਂ ਆਈ ਸਰਕਾਰ ਨੂੰ 9 ਮਹੀਨੇ ਦਾ ਸਮਾਂ ਹੋ ਗਿਆ। ਸਰਕਾਰ ਦਾਅਵਾ ਕਰ ਰਹੀ ਹੈ ਕਿ ਪੰਜਾਬ ਦੀ ਸਥਿਤੀ ਨੂੰ ਅਸੀਂ ਮਾਲੀ, ਕਾਨੂੰਨੀ ਅਤੇ ਸਮਾਜਿਕ ਤੌਰ ’ਤੇ ਅੱਗੇ ਲੈ ਆਉਂਦਾ ਹੈ। ਦੂਜੇ ਪਾਸੇ ਇਸ ਵੇਲੇ ਸੂਬੇ ਅੰਦਰ ਵਿਰੋਧੀ ਧਿਰਾਂ ਸਰਕਾਰ ’ਤੇ ਕਈ ਸਵਾਲ ਖੜ੍ਹੇ ਕਰ ਰਹੀਆਂ ਹਨ। ਵਿਰੋਧੀ ਧਿਰਾਂ ਵੱਲੋਂ ਚੁੱਕੇ ਜਾ ਰਹੇ ਅਜਿਹੇ ਸਵਾਲਾਂ ਨੂੰ ਸਰਕਾਰ ਕਿਵੇਂ ਵੇਖਦੀ ਹੈ, ਇਸ ਮੁੱਦੇ ’ਤੇ ‘ਜਗ ਬਾਣੀ’ ਨਾਲ ਹਲਕਾ ਲੰਬੀ ਤੋਂ ਐੱਮ. ਐੱਲ. ਏ. ਗੁਰਮੀਤ ਸਿੰਘ ਖੁੱਡੀਆਂ ਨੇ ਵਿਸਥਾਰ ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਸਵਾਲ-ਸਿਆਸਤ ਦੇ ਚੋਟੀ ਦੇ ਲੀਡਰ ਨੂੰ ਤੁਸੀਂ ਚੋਣਾਂ ’ਚ ਹਰਾਇਆ, ਹੁਣ 9 ਮਹੀਨਿਆਂ ਦੀ ਆਪਣੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ?
ਜਵਾਬ-
ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇੰਟਰਨੈਸ਼ਨਲ ਲੈਵਲ ਦੇ ਲੀਡਰ ਹਨ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਵੀ ਉਨ੍ਹਾਂ ਦੇ ਪੈਰੀਂ ਹੱਥ ਲਗਾ ਕੇ ਉਨ੍ਹਾਂ ਨੂੰ ਮਿਲਦੇ ਹਨ। ਇੰਨਾ ਉਨ੍ਹਾਂ ਦਾ ਰੁਤਬਾ ਹੈ ਕਿ ਉਹ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਜਿਸ ਹਲਕੇ ਵਿਚ ਉਨ੍ਹਾਂ ਨੇ 5 ਵਾਰ ਵਿਧਾਇਕ ਦੀ ਨੁਮਾਇੰਦਗੀ ਕੀਤੀ ਹੈ, ਉਸ ਹਲਕੇ ਦੇ ਲੋਕਾਂ ਨੇ ਹੁਣ ਮੈਨੂੰ ਮਾਣ ਬਖਸ਼ਿਆ ਹੈ। ਮੇਰੇ ਅੱਗੇ ਬੇਹੱਦ ਵੱਡੀਆਂ ਚੁਣੌਤੀਆਂ ਤੇ ਜ਼ਿੰਮੇਵਾਰੀਆਂ ਹਨ, ਜਿਨ੍ਹਾਂ ਲਈ ਮੈਂ ਕੰਮ ਕਰ ਰਿਹਾ। ਮੁੱਖ ਮੰਤਰੀ ਰਹਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਹਲਕੇ ਦਾ ਵਿਕਾਸ ਕਰਵਾਇਆ ਜਾਂ ਕਹਿ ਲਓ ਕਿ ਉਨ੍ਹਾਂ ਨੇ ਪੈਸਾ ਲਗਾਇਆ ਜਾਂ ਲਗਵਾਇਆ ਜਾਂ ਤਾਂ ਲੋਕ ਉਸ ਪੈਸੇ ਨੂੰ ਆਸੇ-ਪਾਸੇ ਕਰ ਗਏ ਪਰ ਪੈਸਾ ਪੰਜਾਬ ਦਾ ਬਹੁਤ ਲੱਗ ਗਿਆ। ਹਾਲਾਂਕਿ 5 ਵਾਰ ਦੇ ਮੁੱਖ ਮੰਤਰੀ ਦਾ ਹਲਕਾ ਚੰਗੀ ਸਿੱਖਿਆ ਸੰਸਥਾ ਤੇ ਸਿਹਤ ਸਹੂਲਤਾਂ ਤੋਂ ਹਾਲੇ ਵੀ ਸੱਖਣਾ ਰਹਿ ਗਿਆ। ਸ. ਪ੍ਰਕਾਸ਼ ਸਿੰਘ ਬਾਦਲ ਸਿੱਖਿਆ ਜਾਂ ਸਿਹਤ ਖੇਤਰ ’ਚ ਮੇਰੇ ਮੁਤਾਬਕ ਕੋਈ ਵੱਡਾ ਮੀਲ ਪੱਥਰ ਗੱਡ ਨਹੀਂ ਸਕੇ। ਮੈਂ ਖੁਦ ਸਾਧਾਰਨ ਜਿਹਾ ਐੱਮ. ਐੱਲ. ਏ. ਹਾਂ। ਮੈਂ ਲੋਕਾਂ ਦੀਆਂ ਸੁਣ ਰਿਹਾ ਹਾਂ। ਕੋਸ਼ਿਸ਼ ਹੈ ਕਿ ਹਲਕੇ ਅੰਦਰ ਬੰਦ ਪਈ ਸ਼ੂਗਰ ਮਿੱਲ ਦੀ 40-45 ਕਿੱਲੇ ਜ਼ਮੀਨ ’ਤੇ ਕੋਈ ਨਾ ਕੋਈ ਇੰਡਸਟਰੀ ਲੱਗ ਜਾਵੇ, ਜਿਸ ਨਾਲ ਲੋਕਾਂ ਦਾ ਵੀ ਫਾਇਦਾ ਹੋ ਜਾਵੇ। ਐਗਰੀਕਲਚਰ ਵਾਲਿਆਂ ਨੂੰ ਫਾਇਦਾ ਹੋ ਜਾਵੇ। ਇਸ ਦੇ ਨਾਲ ਹੀ ਸਰਕਾਰ ਨੂੰ ਵੀ ਇਸ ਦਾ ਫਾਇਦਾ ਮਿਲ ਜਾਵੇ ਅਤੇ ਲੋਕਾਂ ਨੂੰ ਵੀ ਰੋਜ਼ਗਾਰ ਮਿਲੇ। ਮੈਂ ਗੱਲਬਾਤ ਕੀਤੀ ਸੀ ਕਿ ਇਸ ਤਰ੍ਹਾਂ ਜ਼ਮੀਨ ਹੈ। ਮੈਂ ਇਹ ਵੀ ਸਮਝਦਾ ਹਾਂ ਕਿ ਇਕੋ ਸਾਲ ਵਿਚ ਇਹ ਸਾਰਾ ਕੁਝ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ : 11 ਸਾਲਾਂ ਤੋਂ ਬਾਅਦ ਦਸੰਬਰ ਦੇ ਆਖਰੀ ਦਿਨ ਸਭ ਤੋਂ ਠੰਡੇ, ਸੀਤ ਲਹਿਰ ਨੇ ਠੁਰ-ਠੁਰ ਕਰਨੇ ਲਾਏ ਲੋਕ

ਸਵਾਲ-ਕੈਬਨਿਟ ’ਚ ਸ਼ਾਮਲ ਹੋਣ ਵਾਲਿਆਂ ’ਚ ਤੁਹਾਡੇ ਨਾਂ ’ਤੇ ਵੀ ਚਰਚਾ ਹੈ, ਹੁਣ ਤੱਕ ਤੁਹਾਨੂੰ ਕੈਬਨਿਟ ਵਿਚ ਸ਼ਾਮਲ ਨਾ ਕਰਨ ਨੂੰ ਕਿਵੇਂ ਵੇਖਦੇ ਹੋ?
ਜਵਾਬ-
ਮੈਂ ਇਹ ਨਹੀਂ ਕਹਿੰਦਾ ਕਿਉਂਕਿ ਮੈਨੂੰ ਤਾਂ ਪਾਰਟੀ ਨੇ ਬਹੁਤ ਕੁਝ ਦੇ ਦਿੱਤਾ। ਜੇ ਮੈਂ ਕਹਾਂ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਮੈਨੂੰ ਬੁਲਾਇਆ ਸੀ ਕਿ ਤੁਸੀਂ ਪੰਜਾਬ ਦੀ ਵਿਧਾਨ ਸਭਾ ਵਿਚ ਆਉਣਾ ਚਾਹੁੰਦੇ ਹੋ ਤਾਂ ਕਿਥੋਂ ਚੋਣ ਲੜੋਗੇ, ਜਿਸ ਦੇ ਜਵਾਬ ’ਚ ਮੈਂ ਆਪਣੇ ਜੱਦੀ ਹਲਕੇ ਲੰਬੀ ਦੀ ਹੀ ਚੋਣ ਕੀਤੀ। ਹਾਂ ਉਨ੍ਹਾਂ ਮੈਨੂੰ ਕਿਹਾ ਸੀ ਕਿ ਉਥੋਂ ਪ੍ਰਕਾਸ਼ ਸਿੰਘ ਬਾਦਲ ਵੀ ਲੜ ਰਹੇ ਹਨ ਤਾਂ ਮੈਂ ਕਿਹਾ ਕਿ ਕੋਈ ਗੱਲ ਨਹੀਂ। ਜੋ ਲੋਕ ਚਾਹੁਣਗੇ ਉਹ ਲੋਕਾਂ ਦਾ ਫ਼ੈਸਲਾ ਹੈ। ਇਹ ਤਾਂ ਸਰਕਾਰ ਦੀ ਮਰਜ਼ੀ ਹੁੰਦੀ ਹੈ ਟੀਮ ਬਣਾਉਣ ਦੀ।

ਸਵਾਲ- ਤੁਹਾਨੂੰ ਲੱਗਦਾ ਹੈ ਕਿ ਸਾਧਾਰਨ ਐੱਮ. ਐੱਲ. ਏ. ਤੋਂ ਖ਼ਾਸ ਬਣਨ ਲਈ ਮੰਤਰੀ ਬਣਨਾ ਲਾਜ਼ਮੀ ਹੈ?
ਜਵਾਬ- ਮੰਤਰੀ ਤਾਂ ਗਿਣਤੀ ਦੇ ਹੁੰਦੇ ਹਨ। ਮੇਰਾ ਜੋ ਹਲਕਾ ਸੀ, ਉਹ ਪਹਿਲਾਂ ਮੁੱਖ ਮੰਤਰੀ ਦਾ ਹਲਕਾ ਸੀ। ਮੁੱਖ ਮੰਤਰੀ ਹਲਕੇ ਅੰਦਰ 10-15 ਦਿਨਾਂ ਅੰਦਰ ਆਉਂਦੇ ਸਨ ਪਰ ਮੈਂ ਤਾਂ ਆਪਣੇ ਹਲਕੇ ਅੰਦਰ ਹਰ ਵੇਲੇ ਹਾਜ਼ਰ ਹਾਂ। ਜਿੱਥੋਂ ਤੱਕ ਮੰਤਰੀ ਬਣਨ ਦੀ ਗੱਲ ਹੈ ਤਾਂ ਸਾਰੇ ਤਾਂ ਮੰਤਰੀ ਨਹੀਂ ਬਣ ਸਕਦੇ। ਮੈਂ ਇਹ ਮਹਿਸੂਸ ਕਰਦਾ ਹੈ ਕਿ ਜੇਕਰ ਸਾਡੇ ਕੋਲ ਕੋਈ ਤਾਕਤ ਹੋਵੇ ਅਤੇ ਨੀਅਤ ਸਾਫ਼ ਹੋਵੇ ਤਾਂ ਲੋਕਾਂ ਦਾ ਬਹੁਤ ਕੁਝ ਸੰਵਾਰਿਆ ਜਾ ਸਕਦਾ।

ਸਵਾਲ- ਸਰਕਾਰ ਦੀ ਨੀਅਤ ’ਤੇ ਵਿਰੋਧੀ ਸਵਾਲ ਚੁੱਕ ਰਹੇ ਹਨ, ਕਹਿੰਦੇ ਸਰਕਾਰ ਨੇ ਕਰਜ਼ਾ ਹੀ ਬਹੁਤ ਚੁੱਕ ਲਿਆ?
ਜਵਾਬ- ਕਈ ਵਾਰ ਜਦ ਘਰ ਟੁੱਟ ਚੁੱਕਾ ਹੋਵੇ, ਕੋਈ ਹਾਲਾਤ ਦਿੱਸਦੇ ਨਾ ਹੋਣ ਤਾਂ ਅਸੀਂ ਥੋੜ੍ਹਾ ਬਹੁਤਾ ਕਰਜ਼ਾ ਚੁੱਕ ਕੇ ਇਕ ਵਾਰ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਆਉਣ ਵਾਲੀ ਫ਼ਸਲ ਵੀ ਚੰਗੀ ਹੋ ਸਕਦੀ ਹੈ, ਆਉਣ ਵਾਲੇ ਕਾਰੋਬਾਰ ਵੀ ਚੰਗੇ ਹੋ ਸਕਦੇ ਹਨ। ਜਦੋਂ ਸਾਡੀ ਸਰਕਾਰ ਆਈ ਤਾਂ ਸਾਡੇ ਕੋਲ ਹੀ ਕੁਝ ਨਹੀਂ ਸੀ। ਸਰਕਾਰ ਤਾਂ ਪੈਸਿਆਂ ਨਾਲ ਹੀ ਚੱਲਣੀ ਸੀ ਤੇ ਪੈਸੇ ਕਿਸੇ ਨਾ ਕਿਸੇ ਪਾਸਿਓਂ ਲੈਣੇ ਹੀ ਪੈਣੇ ਸਨ।

ਇਹ ਵੀ ਪੜ੍ਹੋ : ਅਗਲੇ 24 ਘੰਟਿਆਂ ’ਚ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ, ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

ਸਵਾਲ- ਸੁਖਬੀਰ ਬਾਦਲ ਸੂਬੇ ਅੰਦਰ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕਦੇ ਨੇ, ਤੁਸੀਂ ਕਿਵੇਂ ਵੇਖਦੇ ਹੋ?
ਜਵਾਬ- ਅੱਜ ਸੁਖਬੀਰ ਬਾਦਲ ਸਰਕਾਰ ਤੋਂ ਬਾਹਰ ਨੇ, ਉਨ੍ਹਾਂ ਲਈ ਅਜਿਹੀਆਂ ਗੱਲਾਂ ਕਰਨੀਆਂ ਸੌਖੀਆਂ ਹਨ। ਸਰਕਾਰ ਰਹਿੰਦਿਆਂ ਤਾਂ ਉਹ ਸਾਲ-ਡੇਢ ਸਾਲ ਫਰੀਦਕੋਟ ਹੀ ਨਹੀਂ ਵੜੇ ਸਨ। ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਘਰੋਂ ਨਿਕਲਣ ਨਹੀਂ ਸੀ ਦਿੱਤਾ ਪਰ ਅੱਜ ਅਸੀਂ ਪੰਜਾਬ ਅੰਦਰ 24 ਘੰਟੇ ਲੋਕਾਂ ਦੀ ਸੇਵਾ ’ਚ ਹਾਜ਼ਰ ਹਾਂ। ਮੌਜੂਦਾ ਪੰਜਾਬ ਦੇ ਜੋ ਵੀ ਹਾਲਾਤ ਨੇ, ਉਹ ਇਕ ਜਾਂ 2 ਦਿਨ ਜਾਂ ਫਿਰ ਇਕ ਸਾਲ ’ਚ ਨਹੀਂ ਹੋਏ ਸਗੋਂ ਲੰਬੇ ਸਮੇਂ ਤੋਂ ਅਜਿਹੇ ਹਾਲਾਤ ਦਾ ਪਾਲਣ-ਪੋਸ਼ਣ ਹੋ ਰਿਹਾ ਸੀ, ਜਿਸ ਕਾਰਨ ਅੱਜ ਅਜਿਹੇ ਹਾਲਾਤ ਝੱਲਣੇ ਪੈ ਰਹੇ ਹਨ। ਪੰਜਾਬ ’ਚ ਬੇਹੱਦ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਹਨ। ਪੰਜਾਬ ਇਕ ਛੋਟਾ ਜਿਹਾ ਸੂਬਾ ਹੈ ਤੇ ਅਜਿਹੀਆਂ ਵਾਰਦਾਤਾਂ ਨਾਲ ਸੂਬੇ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ।

ਸਵਾਲ- ਜ਼ੀਰਾ ਸ਼ਰਾਬ ਫੈਕਟਰੀ ਦੇ ਘਟਨਾਚੱਕਰ ਬਾਰੇ ਕੀ ਕਹੋਗੇ?
ਜਵਾਬ- ਫੈਕਟਰੀ ਨੂੰ ਲਾਇਸੈਂਸ ਦੇਣ ਅਤੇ ਇਲਾਕੇ ’ਚ ਇਸ ਫੈਕਟਰੀ ਨੂੰ ਲਗਵਾਉਣ ਵਾਲੇ ਵੀ ਅੱਜ ਫੈਕਟਰੀ ਖ਼ਿਲਾਫ਼ ਗੱਲਾਂ ਕਰ ਰਹੇ ਹਨ। ਇਹ ਠੀਕ ਹੈ ਕਿ ਅੱਜ ਉਥੇ ਦਾ ਧਰਤੀ ਹੇਠਲਾ ਪਾਣੀ ਖ਼ਰਾਬ ਹੋ ਰਿਹਾ ਹੈ, ਉਸ ਨਾਲ ਨੁਕਸਾਨ ਹੈ। ਮੈਂ ਪਾਣੀ ਖ਼ਰਾਬ ਕਰਨ ਵਾਲਿਆਂ ਦੇ ਹੱਕ ’ਚ ਨਹੀਂ। ਪਾਣੀ ਦੀਆਂ ਰਿਪੋਰਟਾਂ ਦੇ ਦਾਅਵਿਆਂ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਇੰਨਾ ਹੀ ਨਹੀਂ ਅੱਜ ਤਾਂ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਪੀਣ ਯੋਗ ਨਹੀਂ ਰਹਿ ਗਿਆ।

ਸਵਾਲ- ਕਿਹੜੇ ਕੰਮਾਂ ਨੂੰ ਪਹਿਲ ਦੇਵੋਗੇ।
ਜਵਾਬ- ਨਹਿਰਾਂ ਦਾ ਨਵੀਨੀਕਰਨ, ਪੱਛੜੀ ਹੋਈ ਸਿੱਖਿਆ ਪ੍ਰਣਾਲੀ ਨੂੰ ਬਦਲਣ, ਮੈਡੀਕਲ ਦੇ ਨਾਂ ’ਤੇ ਹੁੰਦੀ ਲੁੱਟ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ।

ਸਵਾਲ- ਪੰਜਾਬ ਦੀ ਕੈਬਨਿਟ ’ਚ ਕਦੇ ਪੰਜਾਬ ਦੀ ਆਬੋ-ਹਵਾ ਅਤੇ ਖਾਣੇ ’ਤੇ ਚਰਚਾ ਹੋਵੇਗੀ?
ਜਵਾਬ- ਉਮੀਦ ਰੱਖਣੀ ਚਾਹੀਦੀ ਹੈ, ਜੇਕਰ ਚੰਗਾ ਸੋਚਾਂਗੇ ਤਾਂ ਕਦੇ ਤਾਂ ਚੰਗਾ ਦਿਨ ਆਵੇਗਾ ਹੀ। ਸਾਰੇ ਪੰਜਾਬ ਵਾਸੀ ਇਸ ਪਾਸੇ ਨੂੰ ਸੋਚਣ, ਇਕੱਲੇ ਸਰਕਾਰਾਂ ਚਲਾਉਣ ਵਾਲੇ ਨਹੀਂ, ਜਿਹੜੇ ਵਿਗਾੜਣ ਵਾਲੇ ਨੇ ਉਨ੍ਹਾਂ ਦਾ ਵੀ ਫਰਜ਼ ਹੈ, ਜੋ ਚੁੱਪ-ਚਾਪ ਵੇਖਦੇ ਹਨ, ਇਹ ਫਰਜ਼ ਉਨ੍ਹਾਂ ਦਾ ਵੀ ਹੈ। ਅਸੀਂ ਸਾਰੇ ਰਲ-ਮਿਲ ਕੇ ਪੰਜਾਬ ਨੂੰ ਫਿਰ ਤੋਂ ਸੱਚਾ-ਸੁੱਚਾ ਬਣਾ ਸਕਦੇ ਹਾਂ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਖ਼ਬਰ ਨੇ ਪਰਿਵਾਰ 'ਚ ਪੁਆਏ ਵੈਣ, ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri