ਪੁਲਸ ਨੇ ਸਿਰਸਾ ਤੋਂ ਪਰਤੇ ਡੇਰਾ ਪ੍ਰੇਮੀਆਂ ਦੀ ਲਈ ਤਲਾਸ਼ੀ

08/29/2017 6:30:54 AM

ਤਪਾ ਮੰਡੀ(ਸ਼ਾਮ,ਗਰਗ, ਮਾਰਕੰਡਾ)- ਸਿਰਸਾ ਤੋਂ ਡੇਰਾ ਪ੍ਰੇਮੀਆਂ ਦੀਆਂ 2 ਬੱਸਾਂ ਪਰਤਣ ਦੀ ਸੂਚਨਾ ਮਿਲਦੇ ਦੀ ਪੁਲਸ ਨੂੰ ਭਾਜੜਾਂ ਪੈ ਗਈਆਂ ਅਤੇ ਇੰਸਪੈਕਟਰ ਮਨਜੀਤ ਸਿੰਘ ਐੈੱਸ. ਐੈੱਚ. ਓ., ਸਿਟੀ ਇੰਚਾਰਜ ਸੁਖਜਿੰਦਰ ਸਿੰਘ ਨੇ ਸਣੇ ਪੈਰਾਮਿਲਟਰੀ ਫੋਰਸ ਦੇ ਤਾਜੋ ਰੋਡ ਪੁਰਾਣੀ ਤਹਿਸੀਲ ਕੰਪਲੈਕਸ ਨੇੜੇ ਦੋਵਾਂ ਬੱਸਾਂ ਨੂੰ ਰੋਕ ਕੇ ਬਾਰੀਕੀ ਨਾਲ ਤਲਾਸ਼ੀ ਲਈ। ਜਦੋਂ ਪੱਤਰਕਾਰਾਂ ਦੀ ਟੀਮ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਲੇਡੀਜ਼ ਪੁਲਸ ਸਣੇ ਸਰਚ ਅਭਿਆਨ ਚੱਲ ਰਿਹਾ ਸੀ। ਪੁਲਸ ਵੱਲੋਂ ਹਰੇਕ ਡੇਰਾ ਪ੍ਰੇਮੀ ਦਾ ਨਾਂ, ਮੋਬਾਇਲ ਨੰਬਰ ਅਤੇ ਪਿੰਡ ਦਾ ਨਾਂ ਪੁੱਛਿਆ ਜਾ ਰਿਹਾ ਸੀ ਤਾਂ ਜੋ ਇਹ ਡੇਰਾ ਪ੍ਰੇਮੀ ਕੋਈ ਗੜਬੜ ਨਾ ਕਰ ਸਕਣ। ਪੁਲਸ ਨੇ ਸਾਰੇ ਡੇਰਾ ਪ੍ਰੇਮੀਆਂ ਦੀ ਵੀਡੀਓਗ੍ਰਾਫੀ ਵੀ ਕੀਤੀ। ਸਰਚ ਅਭਿਆਨ ਦੌਰਾਨ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਇੰਸਪੈਕਟਰ ਮਨਜੀਤ ਸਿੰਘ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ ਕਿਹਾ ਕਿ ਆਪੋ-ਆਪਣੇ ਘਰਾਂ 'ਚ ਬੈਠਣ ਅਤੇ ਸ਼ਾਂਤੀ ਬਣਾਈ ਰੱਖਣ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੋਵਾਂ ਬੱਸਾਂ 'ਚ ਕਰੀਬ 125 ਡੇਰਾ ਪ੍ਰੇਮੀ ਸਨ। ਗੁਰਸੇਵਕ ਸਿੰਘ ਮੱਝੂਕੇ, ਰਵੀ ਸਿੰਘ, ਪਰਮਜੀਤ ਕੌਰ ਢਿਲਵਾਂ, ਲਾਭ ਕੌਰ ਢਿਲਵਾਂ, ਨਸੀਬ ਕੌਰ, ਗੁਰਪ੍ਰੀਤ ਕੌਰ, ਬੰਤ ਕੌਰ, ਪ੍ਰੀਤਮ ਕੌਰ, ਜਰਨੈਲ ਕੌਰ, ਕੁਲਵੰਤ ਕੌਰ ਆਦਿ ਪ੍ਰੇਮੀਆਂ ਨੇ ਦੱਸਿਆ ਕਿ ਸਿਰਸਾ ਡੇਰਾ ਵਿਚ ਪੂਰਨ ਤੌਰ 'ਤੇ ਸ਼ਾਂਤੀ ਹੈ ਅਤੇ ਉਹ ਹੁਣ ਆਪਣੇ ਘਰਾਂ ਨੂੰ ਜਾ ਰਹੇ ਹਨ।