ਐੱਮ. ਪੀ. ਔਜਲਾ ''ਤੇ ਸੋਸਾਇਟੀ ਦੇ ਤਾਲੇ ਤੋੜਨ ਦਾ ਦੋਸ਼, ਪੁਲਸ ਨੂੰ ਦਿੱਤੀ ਸ਼ਿਕਾਇਤ

07/19/2018 7:00:54 AM

ਅੰਮ੍ਰਿਤਸਰ (ਛੀਨਾ) - ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਖਿਲਾਫ ਦਿ ਸੁਲਤਾਨਵਿੰਡ ਤਰਫ/ਮਾਹਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀ ਲਿਮ. ਦੇ ਸੈਕਟਰੀ ਨੇ ਪੁਲਸ ਚੌਕੀ ਸੁਲਤਾਨਵਿੰਡ ਵਿਖੇ ਸ਼ਿਕਾਇਤ ਦਿੱਤੀ ਹੈ ਕਿ ਔਜਲਾ ਨੇ ਆਪਣੇ ਹਮਾਇਤੀਆਂ ਦਾ ਸੋਸਾਇਟੀ 'ਤੇ ਕਬਜ਼ਾ ਕਰਵਾਉਣ ਲਈ ਸੋਸਾਇਟੀ ਦੇ ਤਾਲੇ ਤੋੜ ਕੇ ਆਪਣੇ ਤਾਲੇ ਲਾ ਦਿੱਤੇ ਹਨ। ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿ ਸੁਲਤਾਨਵਿੰਡ ਤਰਫ/ਮਾਹਲ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੋਸਾਇਟੀ ਲਿਮ. ਦੇ ਪ੍ਰਧਾਨ ਮਿਲਾਪ ਸਿੰਘ ਸੁਲਤਾਨਵਿੰਡ ਤੇ ਉਪ ਪ੍ਰਧਾਨ ਜਸਬੀਰ ਸਿੰਘ ਮਾਹਲ ਨੇ ਸਾਂਝੇ ਤੌਰ 'ਤੇ ਕਿਹਾ ਕਿ ਐੱਮ. ਪੀ. ਗੁਰਜੀਤ ਸਿੰਘ ਔਜਲਾ 16 ਜੁਲਾਈ ਦੀ ਸ਼ਾਮ ਨੂੰ ਆਪਣੇ ਹਮਾਇਤੀਆਂ ਦਾ ਕਬਜ਼ਾ ਕਰਵਾਉਣ ਲਈ ਸੋਸਾਇਟੀ 'ਚ ਆਏ ਤੇ ਕਮਰਿਆਂ ਨੂੰ ਲੱਗੇ ਤਾਲੇ ਤੋੜ ਕੇ ਆਪਣੇ ਨਵੇਂ ਤਾਲੇ ਲਾ ਦਿੱਤੇ।
ਉਨ੍ਹਾਂ ਕਿਹਾ ਕਿ ਸੋਸਾਇਟੀ 'ਚ ਖਾਦ ਦੀਆਂ ਬੋਰੀਆਂ ਤੇ ਪੁਰਾਣਾ ਰਿਕਾਰਡ ਮੌਜੂਦ ਸੀ, ਜੋ ਕਿ ਖੁਰਦ-ਬੁਰਦ ਹੋਣ ਦਾ ਖਦਸ਼ਾ ਹੈ। ਪੁਲਸ ਨੂੰ ਸ਼ਿਕਾਇਤ ਕੀਤੀ ਨੂੰ 24 ਘੰਟੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਪੁਲਸ ਨੇ ਅਜੇ ਤੱਕ ਐੱਮ. ਪੀ. ਔਜਲਾ ਖਿਲਾਫ ਕੋਈ ਐਕਸ਼ਨ ਨਹੀਂ ਲਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪੁਲਸ ਪ੍ਰਸ਼ਾਸਨ ਨੇ ਜੇਕਰ ਐੱਮ. ਪੀ. ਔਜਲਾ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ 'ਚ ਢਿੱਲ ਵਰਤੀ ਤਾਂ ਮਾਣਯੋਗ ਹਾਈ ਕੋਰਟ ਤੱਕ ਪਹੁੰਚ ਕੀਤੀ ਜਾਵੇਗੀ।
ਇਸ ਮੌਕੇ ਗੁਰਦੇਵ ਸਿੰਘ, ਸਰਵਣ ਸਿੰਘ, ਅੰਗਰੇਜ਼ ਸਿੰਘ, ਹਰਿੰਦਰ ਸਿੰਘ, ਠਾਕੁਰ ਸਿੰਘ (ਸਾਰੇ ਮੈਂਬਰ ਸੋਸਾਇਟੀ), ਮਨਪ੍ਰੀਤ ਸਿੰਘ ਮਾਹਲ, ਸਾਬਕਾ ਕੌਂਸਲਰ ਗੁਰਮੇਜ ਸਿੰਘ ਬੱਬੀ ਤੇ ਹਰਬੰਸ ਸਿੰਘ ਮਾਹਲ ਸਮੇਤ ਵੱਡੀ ਗਿਣਤੀ 'ਚ ਮੌਜੂਦ ਇਲਾਕੇ ਦੇ ਮੋਹਤਬਰਾਂ ਨੇ ਕਿਹਾ ਕਿ ਇਸ ਜਗ੍ਹਾ 'ਤੇ ਸੋਸਾਇਟੀ 1933 ਤੋਂ ਮੌਜੂਦ ਹੈ, ਜਿਸ 'ਤੇ ਕਿਸੇ ਵੀ ਵਿਅਕਤੀ ਨੂੰ ਜਬਰੀ ਕਾਬਜ਼ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਜਬਰੀ ਤਾਲੇ ਤੋੜਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਾਰੀ ਕਾਰਵਾਈ ਤਹਿਸੀਲਦਾਰ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ 'ਚ ਹੋਈ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵਾਲੀ ਜਗ੍ਹਾ 'ਤੇ ਡਿਸਪੈਂਸਰੀ ਹੁੰਦੀ ਸੀ ਪਰ ਅੱਤਵਾਦ ਵੇਲੇ ਡਾਕਟਰ ਉਥੋਂ ਚਲੇ ਗਏ ਸਨ, ਜਿਸ ਤੋਂ ਬਾਅਦ ਸੋਸਾਇਟੀ ਵਾਲਿਆਂ ਨੇ ਸਾਰੀ ਜਗ੍ਹਾ 'ਤੇ ਆਪਣਾ ਕਬਜ਼ਾ ਜਮਾ ਲਿਆ ਸੀ ਪਰ ਹੁਣ ਇਸ ਜਗ੍ਹਾ 'ਤੇ ਲੋਕਾਂ ਦੀ ਸਹੂਲਤ ਲਈ ਫਿਰ ਤੋਂ ਡਿਸਪੈਂਸਰੀ ਖੋਲ੍ਹੀ ਜਾਵੇਗੀ, ਜਿਸ ਦੀ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ।