'ਇਸ ਵਾਰ ਹਰਸਿਮਰਤ ਨੂੰ ਹਰਾ ਕੇ ਹੀ ਰਹਾਂਗੇ' (ਵੀਡੀਓ)

02/09/2019 6:50:57 PM

ਅੰਮ੍ਰਿਤਸਰ : ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਹਮਖਿਆਲੀ ਧਿਰਾਂ ਵਲੋਂ ਬਣਾਏ ਚੌਥੇ ਫਰੰਟ ਤੋਂ ਕਾਂਗਰਸ ਨੂੰ ਕੋਈ ਖਤਰਾ ਨਾ ਹੋਣ ਦੀ ਗੱਲ ਆਖੀ ਹੈ। ਔਜਲਾ ਨੇ ਕਿਹਾ ਕਿ ਚੌਥੇ ਫਰੰਟ ਤੋਂ ਸਿਰਫ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਖਤਰਾ ਹੈ ਜਦਕਿ ਕਾਂਗਰਸ ਨੂੰ ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਹਰਸਿਮਰਤ ਕੌਰ ਬਾਦਲ ਖਿਲਾਫ ਬਠਿੰਡਾ ਤੋਂ ਚੋਣ ਲੜਨ ਸਬੰਧੀ ਬੋਲਦੇ ਹੋਏ ਔਜਲਾ ਨੇ ਕਿਹਾ ਕਿ ਖਹਿਰਾ ਜਿੱਥੋਂ ਮਰਜ਼ੀ ਚੋਣ ਲੜ ਲੈਣ ਪਰ ਹਰਸਿਮਰਤ ਬਾਦਲ ਨੂੰ ਤਾਂ ਸਿਰਫ ਕਾਂਗਰਸ ਹੀ ਹਰਾ ਸਕਦੀ ਹੈ ਅਤੇ ਉਹ ਇਸ ਗੱਲ ਨੂੰ ਸਾਬਿਤ ਕਰ ਕੇ ਵਿਖਾਉਣਗੇ।
ਇਸ ਦੇ ਨਾਲ ਹੀ ਔਜਲਾ ਨੇ ਆਮ ਆਦਮੀ ਪਾਰਟੀ ਦੇ ਬਸਪਾ ਵਿਚਾਲੇ ਗਠਜੋੜ ਸਬੰਧੀ ਚੱਲ ਰਹੀ ਚਰਚਾ 'ਤੇ ਬੋਲਦੇ ਹੋਏ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਇਸ ਗਠਜੋੜ ਦਾ ਨਾ ਤਾਂ ਕਾਂਗਰਸ ਨੂੰ ਕੋਈ ਨੁਕਸਾਨ ਹੋਵੇਗਾ ਅਤੇ ਨਾ ਹੀ 'ਆਪ' ਨੂੰ ਕੋਈ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਜਦੋਂ ਬਸਪਾ ਅਕਾਲੀਆਂ ਨਾਲ ਸੀ ਤਾਂ ਉਦੋਂ ਕਿਹੜਾ ਉਨ੍ਹਾਂ ਨੇ ਸਰਕਾਰ ਬਣਾ ਲਈ ਸੀ। 
ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਸੰਗਰੂਰ ਵਿਚ ਸ਼ੁਰੂ ਕੀਤੇ ਬਿਜਲੀ ਅੰਦੋਲਨ ਸਬੰਧੀ ਔਜਲਾ ਨੇ ਕਿਹਾ ਕਿ ਹੌਲੀ-ਹੌਲੀ ਉਹ ਪੰਜਾਬ ਅੰਦਰ ਬਿਜਲੀ ਸਸਤੀ ਕਰ ਦੇਣਗੇ। ਸਾਰੇ ਫੈਸਲੇ ਹੌਲੀ-ਹੌਲੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਧਰਨੇ ਪ੍ਰਦਰਸ਼ਨ ਕਰਨ ਨਾਲ ਬਿਜਲੀ ਸਸਤੀ ਨਹੀਂ ਹੋਵੇਗੀ ।

Gurminder Singh

This news is Content Editor Gurminder Singh