ਏਸ਼ੀਆ ਕੱਪ ਹਾਕੀ ਮੁਕਾਬਲੇ ਦੀ ਜੇਤੂ ਗੁਰਜੀਤ ਕੌਰ ਦਾ ਜਲੰਧਰ 'ਚ ਸਵਾਗਤ

11/08/2017 3:21:34 PM

ਜਲੰਧਰ, (ਬਿਊਰੋ)— ਜਾਪਾਨ 'ਚ ਖਤਮ ਹੋਏ ਮਹਿਲਾਵਾਂ ਦੇ ਏਸ਼ੀਆ ਕੱਪ ਹਾਕੀ ਮੁਕਾਬਲੇ ਦੀ ਜੇਤੂ ਭਾਰਤੀ ਟੀਮ 'ਚ ਸ਼ਾਮਲ ਪੰਜਾਬ ਦੀ ਇਕਮਾਤਰ ਖਿਡਾਰਨ ਗੁਰਜੀਤ ਕੌਰ ਦਾ ਜਲੰਧਰ 'ਚ ਪਹੁੰਚਣ 'ਤੇ ਖੇਡ ਪ੍ਰੇਮੀਆਂ, ਨਗਰ ਵਾਸੀਆਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਈ ਹੋਰਨਾ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਥਾਨਕ ਬੀ.ਐੱਸ.ਐੱਫ. ਚੌਕ 'ਚ ਜ਼ਿਲਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ, ਜ਼ਿਲਾ ਖੇਡ ਅਧਿਕਾਰੀ ਵਿਜੇ ਕੁਮਾਰ ਵੈਸ਼, ਸੁਰਜੀਤ ਹਾਕੀ ਸੋਸਾਈਟੀ ਦੇ ਸੁਰਿੰਦਰ ਸਿੰਘ ਭਾਪਾ ਅਤੇ ਕੁਲਬੀਰ ਸਿੰਘ ਨੇ ਗੁਰਜੀਤ ਕੌਰ ਦਾ ਫੁੱਲ੍ਹਾਂ ਨਾਲ ਸਵਾਗਤ ਕੀਤਾ।

ਇਸ ਮੌਕੇ 'ਤੇ ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਅਤੇ ਹੋਰ ਪਰਿਵਾਰਕ ਮੈਂਬਕਾਂ ਦੇ ਨਾਲ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਦੀ ਪ੍ਰਿੰ. ਨਵਜੋਤ ਕੌਰ, ਖੇਡ ਵਿਭਾਗ ਪ੍ਰਮੁੱਖ ਸੰਗੀਤ ਸਰੀਨ, ਪਰਮਿੰਦਰ ਕੌਰ, ਓਲੰਪੀਅਨ ਵਰਿੰਦਰ ਸਿੰਘ, ਸੁਰਜੀਤ ਹਾਕੀ ਅਕੈਡਮੀ ਦੇ ਟਰੇਨਰ ਅਤੇ ਲਾਇਲਪੁਰ ਖਾਲਸਾ ਕਾਲਜ ਦੀਆਂ ਖਿਡਾਰਨਾਂ ਨੇ ਗੁਰਜੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ। ਗੁਰਜੀਤ ਨੇ ਸਥਾਨਕ ਸਾਥੀ ਖਿਡਾਰੀਆਂ ਅਤੇ ਜੂਨੀਅਰ ਖਿਡਾਰੀਆਂ ਦੇ ਨਾਲ ਢੋਲ ਦੀ ਤਾਲ 'ਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਪ੍ਰਗਟਾਈ। ਬਾਅਦ 'ਚ ਖੁੱਲ੍ਹੀ ਜੀਪ 'ਚ ਬਿਠਾ ਕੇ ਗੁਰਜੀਤ ਕੌਰ ਨੂੰ ਲਾਇਲਪੁਰ ਖਾਲਸਾ ਕਾਲਜ ਨੂੰ ਲੈਕੇ ਗਏ, ਜਿੱਥੇ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪ੍ਰਿੰਸੀਪਲ ਨੇ ਉਨ੍ਹਾਂ ਨੂੰ ਫੁਲਕਾਰੀ ਨਾਲ ਸਨਮਾਨਤ ਕੀਤਾ।

ਗੁਰਜੀਤ ਕੌਰ ਨੇ ਕਾਲਜ ਕੰਪਲੈਕਸ 'ਚ ਪਹੁੰਚ ਕੇ ਸਭ ਤੋਂ ਪਹਿਲਾਂ ਖੇਡ ਮੈਦਾਨ 'ਤੇ ਜਾ ਕੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ। ਇਸ ਸਨਮਾਨ ਦੇ ਲਈ ਲਈ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਗੁਰਜੀਤ ਨੇ ਕਿਹਾ ਕਿ ਇਸ ਨਾਲ ਉਸ ਦੇ ਹੌਸਲੇ ਹੋਰ ਵੀ ਬੁਲੰਦ ਹਨ। ਉਨ੍ਹਾਂ ਕਿਹਾ ਕਿ ਏਸ਼ੀਆ ਕੱਪ ਜਿੱਤਣਾ ਇਕ ਸ਼ਾਨਦਾਰ ਉਪਲਬਧੀ ਹੈ, ਪਰ ਉਸ ਦਾ ਟੀਚਾ ਓਲੰਪਿਕ ਗੋਲਡ ਅਤੇ ਉਹ ਹੋਰ ਵੀ ਲਗਨ ਨਾਲ ਮਿਹਨਤ ਕਰੇਗੀ। ਇਸ ਮੁਕਾਬਲੇ 'ਚ ਹੋਈਆਂ ਗਲਤੀਆਂ ਤੋਂ ਸਬਕ ਲੈਂਦੇ ਹੋਏ ਉਹ ਭਵਿੱਖ ਦੇ ਮੁਕਾਬਲਿਆਂ 'ਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗੀ।