ਔਜਲਾ ਨੇ ਅੰਮ੍ਰਿਤਸਰ ਤੋਂ ਸ੍ਰੀ ਹਜ਼ੂਰ ਸਾਹਿਬ ਸਿੱਧੀ ਉਡਾਣ ਸ਼ੁਰੂ ਹੋਣ ''ਤੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ

12/21/2017 7:51:34 AM

ਅੰਮ੍ਰਿਤਸਰ  (ਵਾਲੀਆ/ਛੀਨਾ) - ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਔਜਲਾ ਦੇ ਅਥਾਹ ਯਤਨਾਂ ਸਦਕਾ ਅੰਮ੍ਰਿਤਸਰ ਤੋਂ ਸ੍ਰੀ ਅਬਚਲ ਨਗਰ ਨੰਦੇੜ ਸ੍ਰੀ ਹਜ਼ੂਰ ਸਾਹਿਬ ਮਹਾਰਾਸ਼ਟਰ ਦਰਮਿਆਨ ਏਅਰ ਇੰਡੀਆ ਕੰਪਨੀ ਵੱਲੋਂ 23 ਦਸੰਬਰ ਤੋਂ ਉਡਾਣ ਲਈ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। 23 ਦਸੰਬਰ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਆਪਣੇ ਪਰਿਵਾਰਕ ਮੈਂਬਰਾਂ ਅਤੇ ਸੰਗਤਾਂ ਨਾਲ ਪਹਿਲੀ ਫਲੈਟ ਵਿਚ ਸ੍ਰੀ ਹਜ਼ੂਰ ਸਾਹਿਬ ਜਾ ਰਹੇ ਹਨ। ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਦੁਆਰਾ ਡੇਰਾ ਬਾਬਾ ਨਿਧਾਨ ਸਿੰਘ ਲੰਗਰ ਸਾਹਿਬ ਨੰਦੇੜ ਦੇ ਮੁਖੀ ਸੰਤ ਬਾਬਾ ਨਰਿੰਦਰ ਸਿੰਘ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਪ੍ਰੇਮ ਸਿੰਘ ਮੁਖੀ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਨੰਦੇੜ ਏਅਰਪੋਰਟ ਵਿਖੇ ਸੰਗਤਾਂ ਦਾ ਨਿੱਘਾ ਸਵਾਗਤ ਕਰਨਗੇ।
ਅੱਜ ਔਜਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਦੋਵੇਂ ਤਖ਼ਤਾਂ ਦਰਮਿਆਨ ਸਿੱਧੀ ਹਵਾਈ ਉਡਾਣ ਸ਼ੁਰੂ ਹੋਣ 'ਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਆਏ ਹਨ। ਉਨ੍ਹਾਂ ਕਿਹਾ ਕਿ ਗੁਰੂ ਮਹਾਰਾਜ ਦੀ ਅਪਾਰ ਕ੍ਰਿਪਾ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ, ਇਸ ਲਈ ਉਹ ਉਨ੍ਹਾਂ ਨਾਲ ਯਤਨ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਵਾਈ ਸੇਵਾ ਪਹਿਲਾਂ ਹਫਤੇ ਵਿਚ 2 ਦਿਨ ਚੱਲੇਗੀ ਅਤੇ ਬਾਅਦ ਵਿਚ ਸੰਗਤਾਂ ਨੂੰ ਦੇਖਦਿਆਂ ਇਸ ਉਡਾਣ ਨੂੰ ਰੋਜ਼ਾਨਾ ਕੀਤਾ ਜਾਵੇਗਾ। ਉਨ੍ਹਾਂ ਸਿੱਖ ਸੰਗਤਾਂ ਨੂੰ ਨੰਦੇੜ-ਅੰਮ੍ਰਿਤਸਰ ਦਰਮਿਆਨ ਚੱਲਣ ਵਾਲੀ ਹਵਾਈ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਦੀ ਸਿੱਧੀ ਉਡਾਣ ਜਨਵਰੀ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋ ਜਾਵੇਗੀ।
ਇਸ ਮੌਕੇ ਕੰਵਲਜੀਤ ਸਿੰਘ ਗੁੰਮਟਾਲਾ, ਹਰਪ੍ਰੀਤ ਸਿੰਘ ਗੋਲਡੀ ਕੌਂਸਲਰ, ਸੁਖਰਾਜ ਸਿੰਘ, ਅਮਰਿੰਦਰ ਸਿੰਘ, ਮਨਪ੍ਰੀਤ ਸਿੰਘ, ਅਜੇ ਕਪੂਰ, ਤਜਿੰਦਰ ਸਿੰਘ, ਹੈਪੀ ਸ਼ੀਂਹ, ਗੁਰਵਿੰਦਰ ਸਿੰਘ ਬਿੱਲਾ, ਗੋਲਡੀ ਹੇਰ, ਦਲਬੀਰ ਸਿੰਘ ਰਾਜਾ, ਸੰਨਪ੍ਰੀਤ ਸਿੰਘ ਔਜਲਾ, ਸਾਹਿਬ ਸਿੰਘ, ਬਲਰਾਜ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਸਿੰਘ ਸ਼ੇਰਗਿੱਲ, ਮੁਖਤਿਆਰ ਸਿੰਘ ਆਦਿ ਹਾਜ਼ਰ ਸਨ।