480 ਸਾਲ ਬਾਅਦ ਉਜਾੜ ਸਰਹੱਦਾਂ 'ਤੇ ਹੋਈ ਗੁਰੂ ਸਾਹਿਬ ਦੀ ਬਖਸ਼ਿਸ਼

10/24/2019 11:25:21 AM

ਗੁਰਦਾਸਪੁਰ (ਹਰਮਨਪ੍ਰੀਤ): ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣਾਏ ਜਾ ਰਹੇ ਲਾਂਘੇ ਨਾਲ ਸਬੰਧਤ ਨਿਰਮਾਣ ਕਾਰਜਾਂ ਨੇ ਜਿਥੇ ਇਸ ਸਥਾਨ 'ਤੇ ਦਿਨ-ਰਾਤ ਰੌਣਕਾਂ ਲਾਈਆਂ ਹੋਈਆਂ ਹਨ, ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਦੇ ਲੰਮੇ ਅਰਸੇ ਦੀਆਂ ਯਾਦਾਂ ਸਮੋਈ ਬੈਠੀ ਇਸ ਪਵਿੱਤਰ ਧਰਤੀ 'ਤੇ ਸਰਹੱਦ ਦੇ ਆਰ ਅਤੇ ਪਾਰ ਬਾਬੇ ਨਾਨਕ ਦੀ ਕ੍ਰਿਪਾ 'ਬਰਸ' ਰਹੀ ਹੈ।

ਕਈ ਬਦਲਾਵਾਂ 'ਚੋਂ ਗੁਜ਼ਰੀ ਹੈ ਕਰਤਾਰਪੁਰ ਸਾਹਿਬ ਦੀ ਪਵਿੱਤਰ ਧਰਤੀ
ਇਸ ਬੇ-ਅਬਾਦ ਧਰਤੀ ਨੂੰ ਆਪਣੇ ਹੱਥੀਂ ਆਬਾਦ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਥੇ ਆਪਣੀ ਜ਼ਿੰਦਗੀ ਦੇ ਅਖੀਰਲੇ ਕਰੀਬ 17 ਸਾਲਾਂ ਦਾ ਸਮਾਂ ਹੀ ਬਿਤਾਇਆ ਸੀ। ਇਸ ਕਾਰਣ ਸ਼ੁਰੂ ਤੋਂ ਹੀ ਲੱਖਾਂ ਸੰਗਤਾਂ ਨੂੰ ਇਸ ਧਰਤੀ ਦੀ ਪਵਿੱਤਰ ਮਿੱਟੀ 'ਤੇ ਸੀਸ ਝੁਕਾਉਣ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨਾਂ ਦੀ ਤੀਬਰ ਇੱਛਾ ਰਹੀ ਹੈ ਪਰ ਗੁਰੂ ਸਾਹਿਬ ਦੇ ਜੋਤੀ-ਜੋਤ ਸਮਾਉਣ ਉਪਰੰਤ ਹੁਣ ਤੱਕ ਦੇ ਕਰੀਬ 480 ਸਾਲਾਂ ਦੇ ਲੰਮੇ ਅਰਸੇ ਦੌਰਾਨ ਇਸ ਇਲਾਕੇ ਅੰਦਰ ਅਨੇਕਾਂ ਭੂਗੋਲਿਕ ਤਬਦੀਲੀਆਂ ਆਉਣ ਦੇ ਨਾਲ-ਨਾਲ ਇਸ ਦੀਆਂ ਮਾਲਕੀਆਂ ਵੀ ਬਦਲਦੀਆਂ ਰਹੀਆਂ ਹਨ। 1947 ਦੌਰਾਨ ਭਾਰਤ ਅਤੇ ਪਾਕਿਸਤਾਨ ਦੀ ਵੰਡ ਮੌਕੇ ਕਈ ਦਿਨ ਇਸ ਇਲਾਕੇ ਦੇ ਬਟਵਾਰੇ ਸਬੰਧੀ ਹੋਈਆਂ ਵਿਚਾਰਾਂ ਤੋਂ ਬਾਅਦ ਆਖਿਰਕਾਰ ਗੁਰੂ ਸਾਹਿਬ ਨਾਲ ਸਬੰਧਤ ਇਹ ਧਰਤੀ 2 ਦੇਸ਼ਾਂ ਦੀ ਮਾਲਕੀ ਵਿਚ ਵੰਡੀ ਗਈ ਸੀ। ਇਸ ਉਪਰੰਤ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਹੋਣ ਕਾਰਣ ਇਸ ਪਾਸੇ ਤਾਂ ਮੁੜ ਰੌਣਕ ਵਧਦੀ ਗਈ ਅਤੇ ਸ਼ੁਰੂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਡੇਰਾ ਬਾਬਾ ਨਾਨਕ ਪਹੁੰਚ ਕੇ ਗੁਰੂ ਸਾਹਿਬ ਨਾਲ ਸਬੰਧਤ ਗੁਰਦੁਆਰਾ ਦਰਬਾਰ ਸਾਹਿਬ ਅਤੇ ਚੋਲਾ ਸਾਹਿਬ ਦੇ ਦਰਸ਼ਨ ਦੀਦਾਰ ਕਰਦੀਆਂ ਰਹੀਆਂ ਹਨ, ਪਰ ਪਾਕਿਸਤਾਨ ਵਾਲੇ ਪਾਸੇ ਅੰਤਰਰਾਸ਼ਟਰੀ ਸਰਹੱਦ ਅਤੇ ਇਸ ਗੁਰਦੁਆਰਾ ਸਾਹਿਬ ਦੇ ਵਿਚਕਾਰ ਰਾਵੀ ਦਰਿਆ ਹੋਣ ਕਾਰਣ ਕਰੀਬ 3 ਤੋਂ 4 ਕਿਲੋਮੀਟਰ ਦਾ ਹਿੱਸਾ ਕਈ ਸਾਲਾਂ ਤੋਂ ਉਜਾੜ ਪਿਆ ਹੋਇਆ ਸੀ। ਕੌਮਾਂਤਰੀ ਸਰਹੱਦ ਹੋਣ ਕਾਰਣ ਇਥੇ ਨਾ ਤਾਂ ਆਮ ਲੋਕ ਆਉਂਦੇ-ਜਾਂਦੇ ਸਨ ਅਤੇ ਦੂਜਾ ਪਾਕਿਸਤਾਨ 'ਚ ਸਿੱਖ ਸੰਗਤ ਦੀ ਗਿਣਤੀ ਘੱਟ ਹੋਣ ਕਾਰਣ ਉਥੇ ਦੇ ਿਸੱਖ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੀਆਂ ਇਮਾਰਤਾਂ ਅਤੇ ਸਾਂਭ-ਸੰਭਾਲ ਦੇ ਕਾਰਜ ਕਰਨ ਦੇ ਇੰਨੇ ਯੋਗ ਨਹੀਂ ਸਨ ਕਿ ਉਥੇ ਭਾਰਤ ਦੇ ਗੁਰੂ ਘਰਾਂ ਵਾਂਗ ਰੌਣਕਾਂ ਲੱਗਦੀਆਂ।

ਸੁੰਨਸਾਨ ਰਹੀ ਧਰਤੀ ਨੂੰ ਚਾਰ ਚੰਨ ਲਗਾ ਰਹੀਆਂ ਨੇ ਸੁੰਦਰ ਇਮਾਰਤਾਂ
ਹੁਣ ਜਦੋਂ ਦੋਵਾਂ ਦੇਸ਼ਾਂ ਨੇ ਕਰੀਬ 72 ਸਾਲਾਂ ਬਾਅਦ ਆਪਸੀ ਸਹਿਮਤੀ ਬਣਾ ਕੇ ਲਾਂਘੇ ਦਾ ਨਿਰਮਾਣ ਕੀਤਾ ਹੈ ਤਾਂ ਗੁਰੂ ਸਾਹਿਬ ਨਾਲ ਸਬੰਧਤ ਇਸ ਪਵਿੱਤਰ ਧਰਤੀ 'ਚ ਵੰਡੀਆਂ ਪਾਉਣ ਵਾਲੀ ਸਰਹੱਦ ਦੇ ਦੋਵੀਂ ਪਾਸੀਂ ਦਿਲਕਸ਼ ਮਾਹੌਲ ਬਣਦਾ ਜਾ ਰਿਹਾ ਹੈ। ਇਸ ਸਥਾਨ 'ਤੇ ਨਾ ਸਿਰਫ ਅੰਤਰਰਾਸ਼ਟਰੀ ਟਰਮੀਨਲਾਂ ਦੀਆਂ ਸੁੰਦਰ ਇਮਾਰਤਾਂ ਇਸ ਵੀਰਾਨ ਧਰਤੀ ਦੀ ਸੁੰਦਰਤਾ ਨੂੰ ਚਾਰ-ਚੰਨ ਲਾ ਰਹੀਆਂ ਹਨ, ਸਗੋਂ ਇਸ ਧਰਤੀ 'ਤੇ ਗੁਰੂ ਸਾਹਿਬ ਨੇ ਮੁੜ ਅਜਿਹੀ ਕ੍ਰਿਪਾ ਕੀਤੀ ਹੈ ਕਿ ਜਿਹੜੀ ਧਰਤੀ 'ਤੇ ਪਹਿਲਾਂ ਦਿਨ ਵੇਲੇ ਵੀ ਕੋਈ ਵਿਰਲਾ ਟਾਂਵਾਂ ਵਿਅਕਤੀ ਦਿਖਾਈ ਦਿੰਦਾ ਸੀ, ਉਥੇ ਹੁਣ ਹਜ਼ਾਰਾਂ ਲੋਕਾਂ ਦੀ ਆਮਦ ਸ਼ੁਰੂ ਹੋ ਚੁੱਕੀ ਹੈ।

ਦੂਰਬੀਨ ਤੋਂ ਬਗੈਰ ਵੀ ਹੁੰਦੇ ਹਨ ਪ੍ਰਤੱਖ ਦਰਸ਼ਨ
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਸਿਰਫ ਦਰਸ਼ਨੀ ਸਥਲ 'ਤੇ ਜਾ ਕੇ ਕੁਝ ਸੰਗਤ ਦੂਰਬੀਨ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੀ ਸੀ ਪਰ ਹੁਣ ਇਸ ਇਲਾਕੇ ਦੀ ਸਾਫ-ਸਫਾਈ ਅਤੇ ਝਾੜੀਆਂ ਨੂੰ ਵੱਢ ਦਿੱਤੇ ਜਾਣ ਕਾਰਣ ਨੰਗੀ ਅੱਖ ਨਾਲ ਵੀ ਗੁਰਦੁਆਰਾ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਜਾ ਸਕਦੇ ਹਨ। ਇਸ ਕਾਰਣ ਭਾਵੇਂ ਲਾਂਘੇ ਵਾਲੇ ਪਾਸੇ ਤਾਂ ਆਮ ਸੰਗਤ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ, ਪਰ ਸੰਗਤਾਂ ਲਈ ਬਣਾਏ ਦਰਸ਼ਨੀ ਸਥਲ 'ਤੇ ਅਨੇਕਾਂ ਸੰਗਤਾਂ ਅਜੇ ਵੀ ਦੂਰਬੀਨ ਨਾਲ ਅਤੇ ਨੰਗੀ ਅੱਖ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੀਆਂ ਹਨ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ
ਸ੍ਰ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨੀਆ ਦੀਆਂ 4 ਉਦਾਸੀਆਂ ਕਰਨ ਤੋਂ ਬਾਅਦ ਆਪਣੀ ਜ਼ਿੰਦਗੀ ਦਾ ਅੰਤਿਮ ਸਮਾਂ ਸ੍ਰੀ ਕਰਤਾਰਪੁਰ ਸਾਹਿਬ 'ਚ ਬਿਤਾਇਆ ਸੀ, ਜਿਥੇ ਉਨ੍ਹਾਂ ਨੇ 17 ਸਾਲ 5 ਮਹੀਨੇ 9 ਦਿਨ ਆਪਣੇ ਹੱਥੀਂ ਖੇਤੀਬਾੜੀ ਦਾ ਕੰਮ ਵੀ ਕੀਤਾ ਅਤੇ ਇਸੇ ਸਥਾਨ ਤੋਂ ਉਨ੍ਹਾਂ ਸਮੁੱਚੀ ਮਾਨਵਤਾ ਨੂੰ ਕਿਰਤ ਕਰਨ ਅਤੇ ਵੰਡ ਛਕਣ ਵਰਗੇ ਉਪਦੇਸ਼ ਦਿੱਤੇ ਸਨ। ਇਸੇ ਪਵਿੱਤਰ ਸਥਾਨ 'ਤੇ ਉਹ 22 ਸਤੰਬਰ 1539 'ਚ ਜੋਤੀ-ਜੋਤ ਸਮਾਏ ਸਨ, ਇਸ ਤੋਂ ਪਹਿਲਾਂ ਉਨ੍ਹਾਂ ਇਸ ਮਹਾਨ ਸਥਾਨ 'ਤੇ ਦੂਸਰੇ ਗੁਰੂ ਅੰਗਦ ਦੇਵ ਸਾਹਿਬ ਨੂੰ ਗੁਰਗੱਦੀ ਸੌਂਪੀ ਸੀ। ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ ਸੀ, ਜਿਸ ਨੂੰ 1995 'ਚ ਪਾਕਿਸਤਾਨ ਦੀ ਸਰਕਾਰ ਨੇ ਮੁਰੰਮਤ ਕਰਵਾ ਕੇ ਨਵੀਂ ਦਿੱਖ ਦਿੱਤੀ ਅਤੇ 2004 ਵਿਚ ਮੁੜ ਇਸ ਦਾ ਨਵੀਨੀਕਰਨ ਕੀਤਾ ਗਿਆ।

 

Shyna

This news is Content Editor Shyna