ਮੇਰੇ ਦਾਦਾ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੀ ਕਰਵਾਈ ਸੀ ਸੇਵਾ : ਕੈਪਟਨ

11/28/2018 7:58:04 AM

ਜਲੰਧਰ (ਧਵਨ)– ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਪਾਕਿਸਤਾਨ ਦੇ ਖੇਤਰ ’ਚ ਰੱਖੇ ਜਾਣ ਵਾਲੇ ਨੀਂਹ ਪੱਥਰ ਦੇ ਸਮਾਰੋਹ ’ਚ ਸ਼ਾਮਲ ਹੋਣ ਦੇ ਪਾਕਿਸਤਾਨ ਵਿਦੇਸ਼ ਮੰਤਰੀ ਕੁਰੈਸ਼ੀ ਦੇ ਸੱਦੇ ਨੂੰ ਠੁਕਰਾਉਣ ਪਿੱਛੋਂ ਮੰਗਲਵਾਰ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਹ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦੇ ਦਰਸ਼ਨ-ਦੀਦਾਰ ਕਰਨ ਲਈ ਜਾਣ, ਕਿਉਂਕਿ ਇਸ ਖੇਤਰ ਨਾਲ ਉਨ੍ਹਾਂ ਦੇ ਪਰਿਵਾਰ ਦੇ ਸਦੀਆਂ ਪੁਰਾਣੇ ਸਬੰਧ ਹਨ।

ਇਕ ਟਵੀਟ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1923 ’ਚ ਉਕਤ ਇਤਿਹਾਸਕ ਗੁਰਦੁਆਰੇ ਦੀ ਸੇਵਾ ਮਹਾਰਾਜਾ ਭੁਪਿੰਦਰ ਸਿੰਘ ਨੇ ਕਰਵਾਈ ਸੀ। ਉਨ੍ਹਾਂ ਇਸ ਸਬੰਧੀ ਨੀਂਹ ਪੱਥਰ ਦੀ ਤਸਵੀਰ ਵੀ ਜਾਰੀ ਕੀਤੀ, ਜਿਸ ’ਤੇ ਲਿਖਿਆ ਹੋਇਆ ਹੈ ਕਿ  ਪੰਜਾਬ ਸਟੇਟ ਦੇ ਮਹਾਰਾਜਾ ਭੁਪਿੰਦਰ ਸਿੰਘ ਨੇ ਰਾਵੀ ਦਰਿਆ ’ਚ ਆਉਣ ਵਾਲੇ ਹੜ੍ਹ ਕਾਰਨ ਗੁਰਦੁਆਰਾ ਸਾਹਿਬ ਨੂੰ ਪੁੱਜਣ ਵਾਲੇ ਨੁਕਸਾਨ ਨੂੰ ਦੇਖਦਿਆਂ ਉਸ ਦੀ ਸੁਰੱਖਿਆ ਲਈ ਢੁੱਕਵੇਂ ਪ੍ਰਬੰਧ ਕਰਵਾਏ ਹਨ। ਇਸ ਲਈ ਉਨ੍ਹਾਂ 1,35,600 ਰੁਪਏ ਮੁੜ ਉਸਾਰੀ ਲਈ ਦਿੱਤੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਸ਼ਾਂਤੀ ਸਥਾਪਿਤ ਹੋਣ ਪਿੱਛੋਂ ਉਹ ਆਪਣੇ ਇਸ ਸੁਪਨੇ ਨੂੰ ਪੂਰਾ ਕਰਨਾ ਚਾਹੁਣਗੇ ਤੇ ਸ੍ਰੀ ਕਰਤਾਰਪੁਰ ਜਾ ਕੇ ਇਤਿਹਾਸਕ ਗੁਰੂ ਘਰ ਦੇ ਦਰਸ਼ਨ ਕਰਨਗੇ।  ਇਕ ਨਾਗਰਿਕ ਪਰਮਜੀਤ ਸਿੰਘ ਨੇ ਟਵੀਟ ਦਾ ਜਵਾਬ ਦਿੰਦਿਆ ਕਿਹਾ ਕਿ ਪੰਜਾਬ ਤੁਹਾਡੀ ਰਾਸ਼ਟਰਵਾਦੀ ਭਾਵਨਾ ਦਾ ਸਤਿਕਾਰ ਕਰਦਾ ਹੈ। ਇਕ ਹੋਰ ਨਾਗਰਿਕ ਯੁਵਰਾਜ ਸਿੰਘ ਨੇ ਲਿਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ ਬਿਲਕੁੱਲ ਸੱਚੀਆਂ ਹਨ ਤੇ ਉਹ ਜਲਦੀ ਹੀ ਗੁਰਦੁਆਰੇ ਦੇ ਦਰਸ਼ਨ ਕਰਨਗੇ। ਰਾਮਦੇਵ ਯਾਦਵ ਨੇ ਕਿਹਾ ਕਿ ਕੈਪਟਨ ਨੇ ਪਾਕਿਸਤਾਨੀ ਫੌਜ ਮੁਖੀ ਬਾਜਵਾ ਦੇ ਹੋਸ਼ ਟਿਕਾਣੇ ਲਿਆ ਦਿੱਤੇ ਹਨ। ਸ਼੍ਰੀਮਤੀ ਸੰਤੋਸ਼ ਵਰਮਾ ਨੇ ਲਿਖਿਆ ਕਿ ਗੁਰਦੁਆਰੇ ’ਚ ਲੱਗੀ ਨੀਂਹ ਪੱਥਰ ਵਾਲੀ ਪੱਟੀ ਨੂੰ ਵੇਖ ਕੇ ਖੁਦ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹੈ।