ਕਰਤਾਰਪੁਰ ਸਾਹਿਬ ''ਚ ਪੱਗਾਂ ਵਾਲਿਆਂ ਨੂੰ ਘੁੱਟ-ਘੁੱਟ ਜੱਫੀਆਂ ਪਾਉਂਦੇ ਨੇ ਪਾਕਿਸਤਾਨੀ ਭਾਈ

12/12/2019 8:44:38 AM

ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘਾ ਖੁੱਲ੍ਹਿਆਂ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਅਤੇ ਰੋਜ਼ਾਨਾ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੀਆਂ ਹਨ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈਆਂ ਸੰਗਤਾਂ ਨੇ ਦੱਸਿਆ ਕਿ ਉੱਥੇ ਪੱਗਾਂ ਵਾਲਿਆਂ ਨੂੰ ਤਾਂ ਪਾਕਿਸਤਾਨੀ ਭਾਈ ਜੱਫੀਆਂ ਪਾ-ਪਾ ਕੇ ਮਿਲਦੇ ਹਨ ਅਤੇ ਆਪਣੀਆਂ ਰਿਸ਼ਤੇਦਾਰੀਆਂ ਵੀ ਕੱਢਦੇ ਹਨ। ਸੰਗਤਾਂ ਨੇ ਦੱਸਿਆ ਕਿ ਉਧਰ ਦੇ ਲੋਕ ਸੰਗਤਾਂ ਦੀ ਦਿਲੋਂ ਸੇਵਾ ਕਰਦੇ ਹਨ ਅਤੇ ਬਹੁਤ ਖੁਸ਼ ਹੁੰਦੇ ਹਨ। ਜੇਕਰ ਆਂਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਸੰਗਤ ਗਿਣਤੀ ਦੇ ਲਾਏ ਗਏ ਅੰਦਾਜ਼ੇ ਤੋਂ ਘੱਟ ਪਾਈ ਗਈ ਹੈ।

ਇਸ ਸਬੰਧੀ ਜਦੋਂ ਸੰਗਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਾਸਪੋਰਟ ਦੀ ਸ਼ਰਤ ਬਹੁ-ਗਿਣਤੀ ਸੰਗਤ ਦੇ ਕਰਤਾਰਪੁਰ ਸਾਹਿਬ ਨਾ ਜਾਣ ਦਾ ਕਾਰਨ ਬਣ ਰਹੀ ਹੈ। ਇਸ ਲਈ ਪਾਸਪੋਰਟ ਦੀ ਬਜਾਏ ਆਧਾਰ ਕਾਰਡ ਜਾਂ ਵੋਟਰ ਕਾਰਡ ਨੂੰ ਹੀ ਪਛਾਣ ਪੱਤਰ ਦੇ ਤੌਰ 'ਤੇ ਵਰਤਿਆ ਜਾਵੇ। ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਵਲੋਂ ਪਾਕਿਸਤਾਨੀ ਪ੍ਰਬੰਧਾਂ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ ਜਾਂਦੀ ਹੈ ਅਤੇ ਨਾਲ ਹੀ ਪਾਕਿਸਤਾਨ ਵਲੋਂ ਰੱਖੀ 20 ਡਾਲਰ ਦੀ ਫੀਸ ਨੂੰ ਵੀ ਜਾਇਜ਼ ਦੱਸਿਆ ਜਾਂਦਾ ਹੈ। ਇਸ ਮੌਕੇ ਦਰਸ਼ਨਾਂ ਲਈ ਪੁੱਜੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਆਸਟ੍ਰੇਲੀਅਨ ਸੰਗਤ 'ਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਹੁਤ ਉਤਸ਼ਾਹ ਹੈ ਅਤੇ ਉਹ ਖੁਦ ਪਰਿਵਾਰ ਸਮੇਤ ਆਸਟ੍ਰੇਲੀਆ ਤੋਂ ਖਾਸ ਤੌਰ 'ਤੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਈ ਹੈ।

Babita

This news is Content Editor Babita