ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਲੱਗੇ ਨਾਕੇ, ਹੱਥ ਜੋੜ ਪੁਲਸ ਨੇ ਸੰਗਤਾਂ ਨੂੰ ਭੇਜਿਆ ਵਾਪਸ

04/06/2020 11:41:08 AM

ਅੰਮ੍ਰਿਤਸਰ (ਅਣਜਾਣ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁ. ਸ਼ਹੀਦ ਗੰਜ ਸਾਹਿਬ ਅਤੇ ਇਨ੍ਹਾਂ ਨਾਲ ਲੱਗਦੇ ਗੁਰਦੁਆਰਾ ਸਾਹਿਬਾਨ ’ਚ ਐਤਵਾਰ ਵਾਲੇ ਦਿਨ ਸੰਗਤਾਂ ਦੀ ਵੱਡੀ ਗਿਣਤੀ ’ਚ ਭੀੜ ਦੇਖਣ ਨੂੰ ਮਿਲਦੀ ਹੁੰਦੀ ਸੀ। ਕੋਰੋਨਾ ਵਾਇਰਸ ਦੇ ਕਾਰਣ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਅਹਿਤਿਆਦ ਵਰਤਦਿਆਂ ਪੁਲਸ ਪ੍ਰਸ਼ਾਸਨ ਵਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਬੰਧਤ ਗੁਰਦੁਆਰਾ ਸਾਹਿਬਾਨ ਦੇ ਚਾਰ-ਚੁਫੇਰੇ ਨਾਕੇ ਲਾ ਕੇ ਸੰਗਤਾਂ ਨੂੰ ਹੱਥ ਜੋੜ ਕੇ ਵਾਪਸ ਭੇਜਦਿਆਂ ਦੇਖਿਆ ਗਿਆ। ਇਸ ਤੋਂ ਇਲਾਵਾ ਪੁਲਸ ਕਮਿਸ਼ਨਰੇਟ ਅਤੇ ਕਿਊ. ਆਰ. ਟੀ. ਗੱਡੀਆਂ ਵਲੋਂ ਵੀ ਸੰਗਤਾਂ ਨੂੰ ਰੋਕਿਆ ਗਿਆ, ਜਿਸ ਕਾਰਣ ਕੁਝ ਸੰਗਤਾਂ ਬਾਹਰੋਂ ਹੀ ਨਤਮਸਤਕ ਹੋ ਕੇ ਚਲੇ ਗਈਆਂ। ਇਸ ਦੌਰਾਨ ਬਹੁਤ ਘੱਟ ਸੰਗਤਾਂ ਦਰਸ਼ਨ ਕਰਨ ਪਹੁੰਚੀਆਂ।

ਪੜ੍ਹੋ ਇਹ ਵੀ ਖਬਰ - ਫਤਿਹਗੜ੍ਹ ਸਾਹਿਬ ’ਚ ਸਾਹਮਣੇ ਆਈਆਂ ਕੋਰੋਨਾ ਪਾਜ਼ੇਟਿਵ 2 ਔਰਤਾਂ

ਪੜ੍ਹੋ ਇਹ ਵੀ ਖਬਰ - ਕਰਮਚਾਰੀਆਂ ਲਈ ਖੁਸ਼ਖਬਰੀ : ਕੋਰੋਨਾ ਸੰਕਟ ਦੇ ਬਾਵਜੂਦ ਮਿਲੇਗੀ ਪੂਰੀ ਤਨਖਾਹ  

ਸ਼ਰਧਾ ਅੱਗੇ ਕਿਸੇ ਦਾ ਜ਼ੋਰ ਨਹੀਂ


ਕੋਰੋਨਾ ਮਹਾਮਾਰੀ ਨੇ ਭਾਵੇਂ ਆਪਣੀ ਦਹਿਸ਼ਤ ਮਚਾ ਕੇ ਰੱਖੀ ਹੋਈ ਹੈ, ਫਿਰ ਵੀ ਕੁਝ ਲੋਕ ਸਾਵਧਾਨੀ ਵਰਤਣ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ। ਜੇ ਇਹ ਕਹਿ ਲਈਏ ਕਿ ਸ਼ਰਧਾ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਤਾਂ ਇਸ ਨਾਜ਼ੁਕ ਸਮੇਂ ਇਹ ਕਿਥੋਂ ਤੱਕ ਸਹੀ ਹੋਵੇਗਾ, ਕੁਝ ਕਹਿ ਨਹੀਂ ਸਕਦੇ। ਅੰਮ੍ਰਿਤ ਵੇਲੇ ਜਲੰਧਰ ਤੋਂ 3 ਵਿਅਕਤੀ ਸੰਗਤੀ ਰੂਪ ’ਚ ਸਪੈਸ਼ਲ ਆਗਿਆ ਲੈ ਕੇ ਸੱਚਖੰਡ ਨਤਮਸਤਕ ਹੋਏ। ਜਦ ਉਨ੍ਹਾਂ ਨੂੰ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਡਾਕਟਰੀ ਸਟਾਫ਼ ਵੱਲੋਂ ਗੁਰੂ ਰਾਮਦਾਸ ਸਰਾਂ ਵਿਖੇ ਸਥਾਪਿਤ ਸੈਂਟਰ ’ਚ ਥਰਮਲ ਸਕਰੀਨਿੰਗ ਉਪਰੰਤ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 25-30 ਸਾਲਾਂ ਤੋਂ ਹਰ ਐਤਵਾਰ ਸੇਵਾ ਕਰਨ ਆਉਂਦੇ ਹਾਂ, ਅੱਜ ਵੀ ਡੀ. ਸੀ. ਸਾਹਿਬ ਕੋਲੋਂ ਇਜਾਜ਼ਤ ਲੈ ਕੇ ਆਏ ਹਾਂ।

ਸਰਾਵਾਂ ’ਚ ਅਜੇ ਵੀ ਠਹਿਰੇ ਨੇ ਯਾਤਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਸਮੇਂ ਸਿਰ ਡਿਪਟੀ ਕਮਿਸ਼ਨਰ ਵਲੋਂ ਸਪੈਸ਼ਲ ਆਗਿਆ ਲੈ ਕੇ ਫ੍ਰੀ ਬੱਸ ਸੇਵਾ ਰਾਹੀਂ ਬਹੁਤ ਸਾਰੇ ਯਾਤਰੀ ਉਨ੍ਹਾਂ ਦੇ ਥਾਂ-ਟਿਕਾਣਿਆਂ ਤੱਕ ਪਹੁੰਚਾ ਦਿੱਤੇ ਗਏ ਹਨ। ਜਦ ਜਗ ਬਾਣੀ/ਪੰਜਾਬ ਕੇਸਰੀ ਦੀ ਟੀਮ ਨੇ ਪਤਾ ਲਾਉਣਾ ਚਾਹਿਆ ਤਾਂ ਸ੍ਰੀ ਹਰਿਮੰਦਰ ਸਾਹਿਬ ਨਾਲ ਲੱਗਦੀਆਂ ਸਰਾਵਾਂ ਜਿਨ੍ਹਾਂ ’ਚ ਮਾਤਾ ਗੰਗਾ ਜੀ ਨਿਵਾਸ ’ਚ 25, ਗੁਰੂ ਹਰਿਗੋਬਿੰਦ ਨਿਵਾਸ ’ਚ 40 ਤੋਂ 42, ਗੁਰੂ ਅਰਜਨ ਦੇਵ ਨਿਵਾਸ ’ਚ 20 ਅਤੇ ਗੁਰੂ ਰਾਮਦਾਸ ਸਰਾਂ ’ਚ 45 ਦੇ ਲਗਭਗ ਯਾਤਰੀ ਠਹਿਰੇ ਹਨ, ਜੋ ਵੱਖ-ਵੱਖ ਥਾਵਾਂ ਤੋਂ ਦਰਸ਼ਨਾਂ ਲਈ ਆਏ ਸਨ। ਇਸ ਸਬੰਧੀ ਜਦ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ਦੇ ਮੈਨੇਜਰ ਨਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੇਰੇ ਅੰਦਾਜ਼ੇ ਮੁਤਾਬਕ ਇਸ ਸਮੇਂ ਸਰਾਵਾਂ ’ਚ 50 ਦੇ ਕਰੀਬ ਯਾਤਰੀ ਹਨ। ਕੁਝ ਸਵਾਲਾਂ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਸਿਰਫ਼ ਦਿੱਲੀ ਤੱਕ ਬੱਸਾਂ ਲਿਜਾਣ ਦੀ ਇਜਾਜ਼ਤ ਮਿਲੀ ਸੀ। ਇਨ੍ਹਾਂ ’ਚ ਕੁਝ ਯਾਤਰੀ ਸ਼ਾਇਦ ਕੇਰਲਾ ਆਦਿ ਦੇ ਹਨ।

rajwinder kaur

This news is Content Editor rajwinder kaur