ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਡੁੱਬਿਆ 10 ਸਾਲਾ ਬੱਚਾ (ਵੀਡੀਓ)

05/05/2019 5:54:33 PM

ਸ੍ਰੀ ਮੁਕਤਸਰ ਸਾਹਿਬ (ਤਰੇਸਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਦੇ ਪੱਤੀ ਪੁਜਾਰੀਆ ਵਿਖੇ ਇਕ 8 ਤੋਂ 10 ਸਾਲ ਦੀ ਉਮਰ ਦੇ ਬੱਚੇ ਜਸ਼ਨ ਸਿੰਘ ਦੀ ਗੁਰੂ ਘਰ ਦੇ ਸਰੋਵਰ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਗਲੀ 'ਚ ਖੇਡਦਾ ਹੋਇਆ ਹੋਰਨਾਂ ਬੱਚਿਆਂ ਨਾਲ ਸਰੋਵਰ 'ਚ ਨਹਾਉਣ ਲਈ ਚਲਾ ਗਿਆ ਸੀ। ਬੱਚਿਆਂ ਮੁਤਾਬਕ ਉਸ ਦਾ ਪੈਰ ਫਿਸਲਣ ਕਾਰਨ ਉਹ ਸਰੋਵਰ 'ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਉਥੇ ਪਿੰਡ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਦੋਸ਼ ਲਗਾਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਕਮੇਟੀ ਵਲੋਂ ਸਰੋਵਰ ਦੀ ਦੇਖ-ਰੇਖ ਲਈ ਕੋਈ ਮੁਲਾਜ਼ਮ ਨਹੀਂ ਰੱਖਿਆ ਗਿਆ ਤੇ ਕਮੇਟੀ ਦੀ ਲਾਪਰਵਾਹੀ ਕਾਰਨ ਹੀ ਅੱਜ ਇਹ ਹਾਦਸਾ ਵਾਪਰਿਆ ਹੈ। 

ਪਰਮਜੀਤ ਸਿੰਘ, ਲਖਵਿੰਦਰ ਸਿੰਘ, ਮਨਜੀਤ ਸਿੰਘ, ਸੁੱਖਾ ਸਿੰਘ ਅਤੇ ਗੋਵਿੰਦਾ ਨੇ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਵਾਰ ਕਿਹਾ ਗਿਆ ਹੈ ਕਿ ਇਕ ਕਮਰਾ ਬਣਾ ਕੇ ਸਰੋਵਰ ਕੋਲ ਉੱਥੇ ਸੇਵਾਦਾਰ ਰੱਖਿਆ ਜਾਵੇ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿਚ ਇਸ ਸਰੋਵਰ ਵਿਚ ਹਰ ਰੋਜ਼ ਕਈ ਬੱਚੇ ਨਹਾਉਣ ਆਉਂਦੇ ਹਨ ਅਤੇ ਉਨ੍ਹਾਂ ਨੂੰ ਵਾਰ-ਵਾਰ ਰੋਕਿਆ ਵੀ ਜਾਂਦਾ ਹੈ ਪਰ ਬੱਚੇ ਮੁੜਦੇ ਨਹੀਂ। ਇਸ ਸਰੋਵਰ ਦੇ ਚਾਰੋਂ ਪਾਸੇ ਉੱਚੀਆਂ ਦੀਵਾਰਾਂ ਹੋਣ ਕਰ ਕੇ ਆਸ-ਪਾਸ ਦੇ ਲੋਕਾਂ ਨੂੰ ਕੁਝ ਪਤਾ ਨਹੀਂ ਚੱਲਦਾ ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ, ਜੇ ਇੱਥੇ ਕੋਈ ਸੇਵਾਦਾਰ ਹੁੰਦਾ ਤਾਂ ਸ਼ਾਇਦ ਇਹ ਦੁੱਖਦਾਈ ਘਟਨਾ ਨਾ ਵਾਪਰਦੀ।

rajwinder kaur

This news is Content Editor rajwinder kaur