ਗੁਰਦੁਆਰਾ ਸਾਹਿਬ ''ਚ ਮੈਨੇਜਰ ਨੇ ਕੀਤੀ ਖੁਦਕੁਸ਼ੀ

01/13/2020 8:47:35 PM

ਖੰਨਾ:  ਪਾਇਲ ਦੇ ਪਿੰਡ ਘੁੜਾਣੀ ਦੇ ਗੁਰਦੁਆਰਾ ਸਾਹਿਬ 'ਚ ਮੈਨੇਜਰ ਵਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜਗਤਾਰ ਸਿੰਘ ਜਡਾਲੀ ਮੌਜੂਦਾ ਸਮੇਂ 'ਚ ਘੁੜਾਨੀ ਕਲਾਂ ਦੇ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਨਿੰਮਸਰ ਸਾਹਿਬ 'ਚ ਪਿਛਲੇ ਡੇਢ ਸਾਲ ਤੋਂ ਬਤੌਰ ਮੈਨੇਜਰ ਡਿਊਟੀ ਦੇ ਰਿਹਾ ਸੀ। ਰਾਤ ਨੂੰ ਡਿਊਟੀ ਦੇ ਬਾਅਦ ਉਹ ਗੁਰਦੁਆਰਾ ਸਾਹਿਬ 'ਚ ਹੀ ਬਣੇ ਕਮਰੇ 'ਚ ਸੌਣ ਚਲਾ ਗਿਆ ਪਰ ਜਦ ਸਵੇਰੇ ਉਹ ਬਾਹਰ ਨਾ ਨਿਕਲਿਆ ਤਾਂ ਕਮਰੇ 'ਚ ਸੇਵਾਦਾਰਾਂ ਨੇ ਜਾ ਕੇ ਦੇਖਿਆ ਤਾਂ ਜਗਤਾਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ।

ਉਥੇ ਇਸ ਸਬੰਧ 'ਚ ਐਸ. ਜੀ. ਪੀ. ਸੀ. ਮੈਂਬਰ ਹਰਪਾਲ ਸਿੰਘ ਜੱਲਾ ਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਜਗਤਾਰ ਸਿੰਘ ਐਸ. ਜੀ. ਪੀ. ਸੀ. ਅਧੀਨ ਚੱਲ ਰਹੇ ਗੁਰਦੁਆਰਾ ਨਿੰਮਸਰ ਸਾਹਿਬ 'ਚ ਮੈਨੇਜਰ ਦੇ ਤੌਰ 'ਤੇ ਡਿਊਟੀ ਦੇ ਰਹੇ ਸਨ। ਉਹ ਬਹੁਤ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਸਨ। ਉਨ੍ਹਾਂ ਵਲੋਂ ਖੁਦਕੁਸ਼ੀ ਕਰਨ ਪਿੱਛੇ ਆਰਥਿਕ ਤੰਗੀ ਤੇ ਪਰਿਵਾਰਕ ਕਾਰਨ ਹਨ। ਉਨ੍ਹਾਂ ਕਿਹਾ ਕਿ ਐਸ. ਜੀ. ਪੀ. ਸੀ. ਪਰਿਵਾਰ ਦੇ ਨਾਲ ਖੜੀ ਹੈ ਅਤੇ ਪਰਿਵਾਰ ਦੀ ਮਦਦ ਕੀਤੀ ਜਾਵੇਗੀ। ਇਸ ਬਾਰੇ 'ਚ ਐਸ. ਜੀ. ਪੀ. ਸੀ. ਪ੍ਰਧਾਨ ਭਾਈ ਲੌਂਗੋਵਾਲ ਦੇ ਧਿਆਨ 'ਚ ਲਿਆ ਦਿੱਤਾ ਗਿਆ ਹੈ। ਉਥੇ ਹੀ ਇਸ ਸਬੰਧ 'ਚ ਐਸ. ਐਚ. ਚ. ਪਾਇਲ ਕਰਨੈਲ ਸਿੰਘ ਨੇ ਦੱਸਿਆ ਕਿ ਐਸ. ਜੀ. ਪੀ. ਸੀ. ਅਧੀਨ ਗੁਰਦੁਆਰਾ ਨਿੰਮਸਰ ਸਾਹਿਬ 'ਚ ਮੈਨੇਜਰ ਦੇ ਤੌਰ 'ਤੇ ਡਿਊਟੀ ਕਰ ਰਿਹਾ ਸੀ, ਜਿਸ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਉਹ ਆਰਥਿਕ ਰੂਪ ਤੋਂ ਪਰੇਸ਼ਾਨ ਸਨ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ।