ਗੁਰਦੁਆਰਾ ਐਕਟ 1925 ''ਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕਰਨ ਬਾਰੇ ਕਿਤੇ ਮਨਾਹੀ ਨਹੀਂ : ਪ੍ਰੋ ਬਡੂੰਗਰ

04/09/2018 6:30:34 AM

ਪਟਿਆਲਾ (ਜੋਸਨ, ਬਲਜਿੰਦਰ, ਰਾਣਾ) - ਸ਼੍ਰੋਮਣੀ ਕਮੇਟੀ 'ਚ ਹੋਈ ਭਰਤੀ ਨੂੰ ਬੇਨਿਯਮੀਆਂ ਦੱਸ ਕੇ 523 ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤੇ ਜਾਣ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਇਸ ਨੂੰ ਸਹੀ ਕਰਾਰ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਾ ਐਕਟ 1925 ਹੋਂਦ 'ਚ ਆਇਆ, ਜਿਸ ਵਿਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕੀਤੇ ਜਾਣ ਸਬੰਧੀ ਕਿਤੇ ਵੀ ਮਨਾਹੀ ਨਹੀਂ ਹੈ।  ਭਰਤੀ ਪ੍ਰਕਿਰਿਆ ਬਾਰੇ ਸਪੱਸ਼ਟ ਕਰਦਿਆਂ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਹੋਂਦ 'ਚ ਆਇਆ, ਜਿਸ 'ਚ ਕਿਤੇ ਵੀ ਸ਼੍ਰੋਮਣੀ ਕਮੇਟੀ ਮੈਂਬਰਾਂ ਜਾਂ ਮੁਲਾਜ਼ਮਾਂ ਦੇ ਰਿਸ਼ਤੇਦਾਰਾਂ ਨੂੰ ਭਰਤੀ ਨਾ ਕੀਤੇ ਜਾਣ ਸਬੰਧੀ ਨਹੀਂ ਲਿਖਿਆ ਹੈ। ਉਨ੍ਹਾਂ ਕਿਹਾ ਕਿ 1 ਮਾਰਚ 1997 ਨੂੰ ਅੰਤ੍ਰਿੰਗ ਕਮੇਟੀ 'ਚ ਰਿਸ਼ਤੇਦਾਰਾਂ ਨੂੰ ਭਰਤੀ ਨਾ ਕੀਤੇ ਜਾਣ ਸਬੰਧੀ ਮਤਾ ਪਾਸ ਹੋਇਆ ਸੀ ਪਰ 12 ਨਵੰਬਰ 2002 ਨੂੰ ਹੋਏ ਜਨਰਲ ਇਜਲਾਸ ਵਿਚ ਮਤਾ ਨੰ. 15 ਅਤੇ ਆਈਟਮ ਨੰ. 76 'ਚ ਤਰਮੀਮ ਕੀਤੀ ਗਈ। ਇਸ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਸਾਹਿਬਾਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੁਲਾਜ਼ਮਾਂ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਟਰੱਸਟ, ਐਜੂਕੇਸ਼ਨ ਅਦਾਰਿਆਂ 'ਚ ਪਹਿਲਾਂ ਰੱਖੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਲੋੜ ਅਨੁਸਾਰ ਅੱਗੋਂ ਵੀ ਟਰੱਸਟ ਅਤੇ ਐਜੂਕੇਸ਼ਨ ਅਦਾਰਿਆਂ 'ਚ ਮੈਂਬਰਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਮੈਰਿਟ ਦੇ ਆਧਾਰ 'ਤੇ ਰੱਖਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਹੋਈ ਭਰਤੀ ਐਕਟ, ਯੋਗਤਾ ਅਤੇ ਮੈਰਿਟ ਦੇ ਆਧਾਰ 'ਤੇ ਕੀਤੀ ਗਈ, ਜਿਸ ਨੂੰ ਜਾਣ-ਬੁੱਝ ਕੇ ਬੇਨਿਯਮੀਆਂ ਦੱਸਿਆ ਜਾ ਰਿਹਾ ਹੈ। 523 ਮੁਲਾਜ਼ਮਾਂ ਨੂੰ ਬਿਨਾਂ ਕਿਸੇ ਬੇਨਿਯਮੀ ਦੇ ਕੱਢ ਦੇਣਾ ਬੇਹੱਦ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਭਰਤੀ ਨਿਯਮਾਂ ਅਨੁਸਾਰ ਕੀਤੀ ਗਈ ਪਰ ਜੇ ਜਾਂਚ ਕਮੇਟੀ ਨੇ ਮਾਮਲੇ ਦੀ ਪੜਤਾਲ ਹੀ ਕਰਵਾਉਣੀ ਸੀ ਤਾਂ ਪੰਥ ਸਾਹਮਣੇ ਸਚਾਈ ਲਿਆਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜਾਂ ਸਾਬਕਾ ਜੱਜਾਂ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਹੈ।


Related News