ਜਗਰਾਓਂ ਦੇ ਗੁਰਦੁਆਰਾ ਸਾਹਿਬ ''ਚ ਖੂਨੀ ਖੇਡ, ਦੋ ਸਕੇ ਭਰਾਵਾਂ ਦਾ ਕਤਲ (ਤਸਵੀਰਾਂ)

08/27/2016 6:46:24 PM

ਜਗਰਾਓਂ\ਹਠੂਰ (ਭੱਟੀ)— ਲਾਗਲੇ ਪਿੰਡ ਚੱਕਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਹੋਈ ਖੂਨੀ ਝੜਪ ''ਚ ਦੋ ਸਕੇ ਭਰਾਵਾਂ ਦਾ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐੱਸ.ਪੀ. ਰਛਪਾਲ ਸਿੰਘ ਢੀਂਡਸਾ ਅਤੇ ਏ.ਐੱਸ.ਆਈ. ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਵਿਚ ਇਕ ਹੀ ਗੁਰਦੁਆਰਾ ਸਾਹਿਬ ਸ਼ਸੋਭਿਤ ਹੈ, ਜਿਸ ਦੀ ਪ੍ਰਧਾਨਗੀ ਲਈ ਦੋ ਤਿੰਨ ਮਹੀਨੇ ਪਹਿਲਾਂ ਸਾਂਝੇ ਤੌਰ ''ਤੇ ਮਤਾ ਪਾ ਕੇ ਸਰਬਸੰਮਤੀ ਨਾਲ ਹੀਰਾ ਸਿੰਘ ਪੁੱਤਰ ਮਕੰਦ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸੀ ਜਦਕਿ ਪਿੰਡ ਦਾ ਹੀ ਇਕ ਹੋਰ ਵਿਅਕਤੀ ਹਰਜੀਤ ਸਿੰਘ ਪੁੱਤਰ ਸੁਖਪਾਲ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਦਾ ਇੱਛੁਕ ਸੀ ਅਤੇ ਹੀਰਾ ਸਿੰਘ ਨੂੰ ਪ੍ਰਧਾਨ ਚੁਣੇ ਜਾਣ ਕਾਰਨ ਰੰਜਿਸ਼ ਰੱਖਦਾ ਸੀ।
ਪਿੰਡ ਦੇ ਲੋਕਾਂ ਮੁਤਾਬਿਕ ਬੀਤੀ ਰਾਤ ਹਰਜੀਤ ਸਿੰਘ ਸਾਈਕਲ ''ਤੇ ਚੜ੍ਹ ਕੇ ਦਰਬਾਰ ਸਾਹਿਬ ਦੇ ਅੱਗਿਓਂ ਲੰਘਿਆ ਤਾਂ ਲਾਗਰੀ ਵੀਰ ਸਿੰਘ ਨੇ ਹਰਜੀਤ ਸਿੰਘ ਨੂੰ ਸਾਈਕਲ ''ਤੇ ਚੜ੍ਹ ਕੇ ਜਾਣ ਤੋਂ ਮਨ੍ਹਾ ਕੀਤਾ ਤਾਂ ਹਰਜੀਤ ਸਿੰਘ ਨੇ ਗੁੱਸੇ ''ਚ ਆ ਕੇ ਆਪਣੀ ਸ੍ਰੀ ਸਾਹਿਬ ਕੱਢ ਲਈ ਤੇ ਵਾਰ ਕਰਨ ਲੱਗਾ ਅਤੇ ਹਾਜ਼ਰ ਸੇਵਾਦਾਰਾਂ ਨੇ ਅਜਿਹਾ ਕਰਨ ਤੋਂ ਰੋਕਿਆ। ਗੁਰਵਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਨੇ ਦੱਸਿਆ ਕਿ ਹਰਜੀਤ ਸਿੰਘ ਨੇ ਮੋਬਾਇਲ ਤੋਂ ਫੋਨ ਕਰਕੇ ਹੋਰਾਂ ਵਿਅਕਤੀਆਂ ਨੂੰ ਹਥਿਆਰ ਲੈ ਕੇ ਗੁਰਦੁਆਰੇ ਆਉਣ ਲਈ ਕਿਹਾ, ਦੇਖਦੇ ਹੀ ਹਰਜੀਤ ਸਿੰਘ ਦਾ ਪਿਤਾ ਸੁਖਪਾਲ ਸਿੰਘ ਅਤੇ ਭਰਾ ਚਰਨਜੀਤ ਸਿੰਘ ਅਸਲੇ ਸਮੇਤ ਪਹੁੰਚ ਗਏ ਅਤੇ ਇਸੇ ਮੌਕੇ ਹੀਰਾ ਸਿੰਘ ਅਤੇ ਉਸ ਦਾ ਭਰਾ ਬਲਬੀਰ ਸਿੰਘ ਵੀ ਆਪਣੀ 12 ਬੋਰ ਦੀ ਰਾਈਫਲ ਲੈ ਕੇ ਪਹੁੰਚੇ ਹੀ ਸਨ ਕਿ ਹਰਜੀਤ ਸਿੰਘ, ਚਰਨਜੀਤ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੇ ਧੜਾ-ਧੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਗੋਲੀਬਾਰੀ ਦੌਰਾਨ ਪ੍ਰਧਾਨ ਹੀਰਾ ਸਿੰਘ ਪੁੱਤਰ ਮੁਕੰਦ ਸਿੰਘ ਅਤੇ ਬਲਬੀਰ ਸਿੰਘ ਪੁੱਤਰ ਮੁਕੰਦ ਸਿੰਘ ਜੋ ਪੰਜਾਬ ਪੁਲਸ ਦਾ ਮੁਲਾਜ਼ਮ ਵੀ ਸੀ, ਦੋਵੇਂ ਸਕੇ ਭਰਾਵਾਂ ਦੀ ਮੌਕੇ ''ਤੇ ਹੀ ਮੌਤ ਹੋ ਗਈ ਅਤੇ ਮ੍ਰਿਤਕਾਂ ਦੇ ਲੜਕੇ ਗੁਰਵਿੰਦਰ ਸਿੰਘ ਅਤੇ ਵੀਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਪਿੰਡ ਦੇ ਲੋਕਾਂ ਨੇ ਮ੍ਰਿਤਕ ਹੀਰਾ ਸਿੰਘ ਅਤੇ ਬਲਬੀਰ ਸਿੰਘ ਸਮੇਤ ਗੁਰਵਿੰਦਰ ਸਿੰਘ ਅਤੇ ਵੀਰ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਪੁਲਸ ਨੂੰ ਸੂਚਨਾ ਮਿਲਦੇ ਹੀ ਥਾਣਾ ਹਠੂਰ ਤੋਂ ਏ.ਐੱਸ.ਆਈ ਮਨੋਹਰ ਲਾਲ ਨੇ ਪੁਲਸ ਪਾਰਟੀ ਸਮੇਤ ਪਹੁੰਚੇ ਕੇ ਸਥਿਤੀ ''ਤੇ ਕਾਬੂ ਪਾਇਆ ਅਤੇ ਮ੍ਰਿਤਕ ਬਲਬੀਰ ਸਿੰਘ ਦੇ ਸਪੁੱਤਰ ਗੁਰਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ''ਤੇ ਕਾਰਵਾਈ ਕਰਦਿਆਂ ਹਰਜੀਤ ਸਿੰਘ, ਚਰਨਜੀਤ ਸਿੰਘ, ਸੁਖਪਾਲ ਸਿੰਘ ਅਤੇ ਉਸ ਦੇ ਸਾਥੀਆਂ ਸਮੇਤ 10-11 ਵਿਆਕਤੀਆਂ ''ਤੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh