ਗੁਰਦਾਸਪੁਰ: ਨੌਜਵਾਨ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ

01/12/2018 10:06:05 AM

ਗੁਰਦਾਸਪੁਰ (ਦੀਪਕ, ਵਿਨੋਦ) – ਗੁਰਦਾਸਪੁਰ ਦੇ ਪਿੰਡ ਨਾਨੋਵਾਲ ਜੀਦੜ ਦੇ ਨੌਜਵਾਨ ਪਰਮਜੀਤ ਸਿੰਘ (27) ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਪਰਮਜੀਤ ਸਿੰਘ ਜੇ. ਸੀ. ਬੀ ਆਪਰੇਟਰ ਸੀ ਤੇ ਗੁਜਰਾਤ 'ਚ ਕੰਮ ਕਰਦਾ ਸੀ। ਮ੍ਰਿਤਕ ਨੇ ਆਪਣੀ ਲਾਈਵ ਵੀਡੀਓ 'ਚ ਦੋਸ਼ ਲਗਾਇਆ ਹੈ ਕਿ ਉਸ ਦੇ ਸਹੁਰੇ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਤੇ ਉਸ ਦੀ ਪਤਨੀ ਨਾਲ ਉਸ ਦੀ ਗੱਲ ਨਹੀਂ ਕਰਵਾਉਂਦੇ ਸੀ। 10 ਦਿਨ ਪਹਿਲਾਂ ਹੀ ਮ੍ਰਿਤਕ ਪਰਮਜੀਤ ਸਿੰਘ ਦੇ ਘਰ ਲੜਕਾ ਹੋਇਆ ਸੀ, ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਸੀ ਤੇ ਆਪਣੀ ਪਤਨੀ ਨਾਲ ਗੱਲ ਕਰਨਾ ਚਾਹੁੰਦਾ ਸੀ ਪਰ ਉਸ ਦੀ ਸੱਸ ਤੇ ਸਹੁਰਾ ਉਸ ਦੀ ਗੱਲ ਉਸ ਦੀ ਪਤਨੀ ਨਾਲ ਨਹੀਂ ਕਰਵਾਉਂਦੇ ਸਨ, ਜਿਸ ਕਾਰਨ ਉਸ ਨੇ ਪਰੇਸ਼ਾਨ ਹੋ ਕੇ ਖੁਦਕੁਸ਼ੀ ਦਾ ਰਸਤਾ ਅਪਣਾ ਲਿਆ। ਪੁਲਸ ਨੇ ਲਾਈਵ ਵੀਡੀਓ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ 'ਚ ਮ੍ਰਿਤਕ ਦੇ ਭਰਾ ਗਗਨਦੀਪ ਨੇ ਦੱਸਿਆ ਸਹੁਰੇ ਵਾਲੇ ਪਰਮਜੀਤ ਸਿੰਘ ਨੂੰ ਤੰਗ ਪਰੇਸ਼ਾਨ ਕਰਦੇ ਸਨ ਤੇ ਉਸ 'ਤੇ ਝੂਠੇ ਦੋਸ਼ ਲਗਾਉਂਦੇ ਸਨ ਪਰ ਪਤਨੀ ਨਾਲ ਗੱਲ ਨਾ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਸੀ ਇਸ ਲਈ ਫੇਸਬੁੱਕ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰ ਲਈ। ਗਗਨਦੀਪ ਨੇ ਦੋਸ਼ ਲਗਾਇਆ ਕਿ ਉਸ ਦੇ ਭਰਾ ਨੇ ਆਪਣੇ ਸਹੁਰਿਆਂ ਤੋਂ ਤੰਗ ਹੋ ਕੇ ਖੁਦਕੁਸ਼ੀ ਕੀਤੀ ਹੈ। ਸਾਨੂੰ ਇਨਸਾਫ ਚਾਹੀਦਾ ਹੈ। 
ਕੀ ਕਹਿਣਾ ਹੈ ਹਰਵਿੰਦਰ ਸਿੰਘ ਐੱਸ. ਪੀ. ਡੀ. ਦਾ
ਇਸ ਸਬੰਧੀ ਐੱਸ. ਪੀ. ਡੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਨੇ ਖੁਦਕੁਸ਼ੀ ਕਰਕੇ ਫੇਸਬੁੱਕ 'ਤੇ ਲਾਈਵ ਵੀਡੀਓ ਪਾਈ ਹੈ। ਵੀਡੀਓ 'ਚ ਉਸ ਨੇ ਖੁਦਕੁਸ਼ੀ ਦਾ ਕਾਰਨ ਆਪਣੇ ਸਹੁਰੇ ਪਰਿਵਾਰ ਨੂੰ ਦੱਸਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ ਤੇ ਵੀਡੀਓ ਦੇ ਆਧਾਰ 'ਤੇ ਸਹੁਰਿਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।