ਗੁਰਦਾਸਪੁਰ 'ਚ ਵੱਡੀ ਵਾਰਦਾਤ : ਨੌਜਵਾਨਾਂ ਨੇ ਘਰ 'ਚ ਦਾਖਲ ਹੋ ਕੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨ੍ਹਿਆ

03/18/2020 10:57:07 AM

ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਹਰਚੋਵਾਲ 'ਚ ਨੌਜਵਾਨਾਂ ਵਲੋਂ ਇਕ ਘਰ 'ਚ ਦਾਖਲ ਹੋ ਕੇ ਸੁੱਤੇ ਹੋਏ ਪਰਿਵਾਰ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਜਦਕਿ 3 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਨਿਰੰਜਨ ਸਿੰਘ ਦੇ ਪਰਿਵਾਰ ਦੇ ਲਡ਼ਕਿਆਂ ਦੀ ਕਿਸੇ ਹੋਰ ਪਿੰਡ ਦੇ ਲਡ਼ਕੇ ਨਾਲ ਤਕਰਾਰ ਹੋ ਗਈ ਸੀ, ਜਿਸਦੇ ਬਾਅਦ ਪਤਵੰਤਿਆਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਸੀ ਪਰ ਦੂਜੇ ਗੁੱਟ ਨੇ ਰੰਜਿਸ਼ਨ ਬੀਤੀ ਰਾਤ ਨੂੰ ਨਿਰੰਜਨ ਦੇ ਪਰਿਵਾਰ ’ਤੇ ਹਮਲਾ ਕਰਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹਮਲਾਵਰਾਂ ਨੇ ਘਰ ਦੀ ਹੇਠਲੀ ਮੰਜ਼ਿਲ ’ਤੇ ਸੁੱਤੀ ਘਰ ਦੀ ਮੁਖੀ ਔਰਤ ਜਸਬੀਰ ਕੌਰ ਉਰਫ ਚਰਨਜੀਤ ਕੌਰ ਪਤਨੀ ਨਿਰੰਜਨ ਸਿੰਘ ’ਤੇ ਗੋਲੀਆਂ ਚਲਾਉਂਦੇ ਹੋਏ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸਦੇ ਬਾਅਦ ਹਮਲਾਵਰਾਂ ਨੇ ਘਰ ਦੀ ਉਪਰਲੀ ਮੰਜ਼ਿਲ ’ਤੇ ਸੁੱਤੇ ਹੋਏ ਅਮਰਜੀਤ ਸਿੰਘ ਅਤੇ ਉਸਦੀ ਪਤਨੀ ’ਤੇ ਵੀ ਗੋਲੀਆਂ ਚਲਾਈਆਂ ਜੋ ਵਾਲ-ਵਾਲ ਬਚ ਗਏ ਪਰ ਹੋਰ ਪਰਿਵਾਰਿਕ ਮੈਂਬਰਾਂ ਨਿਰੰਜਨ ਸਿੰਘ, ਉਸਦਾ ਭਰਾ ਪ੍ਰਤਾਪ ਸਿੰਘ, ਉਸਦੀ ਪਤਨੀ ਅਤੇ ਉਨ੍ਹਾਂ ਦਾ ਪੁੱਤਰ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਚੌਕੀ ਹਰਚੋਵਾਲ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਸਬੰਧ ਵਿਚ ਅਸਲਾ ਐਕਟ ਤਹਿਤ ਤਹਿਤ ਥਾਣਾ ਸ੍ਰੀ ਹਰਗੋਬਿੰਦਪੁਰ ਵਿਚ ਸਬੰਧਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਮਲਾਵਰਾਂ ਵਿਚ ਜਿਥੇ ਸਥਾਨਕ ਨਜ਼ਦੀਕੀ ਪਿੰਡਾਂ ਦੇ ਨੌਜਵਾਨ ਸ਼ਾਮਲ ਸਨ, ਉਥੇ ਨਾਲ ਹੀ ਭਗੌਡ਼ੇ ਗੈਂਗਸਟਰ ਗੈਂਗ ਦੇ ਕੁਝ ਨਾਮਵਰ ਮੁਲਜ਼ਮ ਵੀ ਇਸ ਹਮਲੇ ਵਿਚ ਸ਼ਾਮਲ ਦੱਸੇ ਜਾ ਰਹੇ ਹਨ।

 

Baljeet Kaur

This news is Content Editor Baljeet Kaur