ਸ਼ਹਾਦਤ ਦਾ ਜਾਮ ਪੀਣ ਵਾਲੇ ਵਿੰਗ ਕਮਾਂਡਰ ਚੀਮਾ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

02/26/2020 4:28:49 PM

ਗੁਰਦਾਸਪੁਰ (ਗੁਰਪ੍ਰੀਤ ਚਾਵਲਾ, ਵਿਨੋਦ) : ਪਟਿਆਲਾ ਵਿਖੇ ਐੱਨ. ਸੀ. ਸੀ. ਕੈਡਿਟਾਂ ਨੂੰ ਜਹਾਜ਼ ਉਡਾਉਣ ਦੀ ਸਿਖਲਾਈ ਦੇਣ ਮੌਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਹਵਾਈ ਸੈਨਾ ਦੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਚੀਮਾ ਦਾ ਉਨ੍ਹਾਂ ਦੇ ਜੱਦੀ ਪਿੰਡ ਆਲੋਵਾਲ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਨਮ ਅੱਖਾਂ ਨੇ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੱਤੀ, ਜਿਸ ਦੌਰਾਨ ਜਿੱਥੇ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਮੌਜੂਦ ਸਨ, ਉੱਥੇ ਹੀ ਡੀ. ਸੀ. ਮੁਹੰਮਦ ਇਸ਼ਫਾਕ, ਸਕੱਤਰ ਸਿੰਘ ਬੱਲ ਐੱਸ. ਡੀ. ਐੱਮ. ਗੁਰਦਾਸਪੁਰ, ਨਵਜੋਤ ਸਿੰਘ ਸੰਧੂ ਐੱਸ. ਪੀ. (ਹੈੱਡਕੁਆਰਟਰ) ਗੁਰਦਾਸਪੁਰ ਸਮੇਤ ਏਅਰ ਫੋਰਸ ਦੇ ਅਧਿਕਾਰੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਗੁਰਪ੍ਰੀਤ ਸਿੰਘ ਚੀਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੂਰੇ ਦੇਸ਼ ਨੂੰ ਸ਼ਹੀਦ ਗੁਰਪ੍ਰੀਤ ਸਿੰਘ ਚੀਮਾ ਦੀ ਸ਼ਹਾਦਤ ’ਤੇ ਮਾਣ ਹੈ।

13 ਸਾਲਾ ਬੇਟੇ ਨੇ ਦਿਖਾਈ ਮੁੱਖ ਅਗਨੀ

ਇਸ ਮੌਕੇ ਪਠਾਨਕੋਟ ਏਅਰਫੋਰਸ ਸਟੇਸ਼ਨ ਤੋਂ ਵਿੰਗ ਕਮਾਂਡਰ ਰਿੰਕੂ ਡੋਗਰਾ ਦੀ ਅਗਵਾਈ ’ਚ ਏਅਰਫੋਰਸ ਦੇ ਜਵਾਨਾਂ ਅਤੇ ਤਿੱਬਡ਼ੀ ਕੈਂਟ ਤੋਂ ਕੈਪਟਨ ਅਭਿਸ਼ੇਕ ਦੀ ਕਮਾਂਡ ’ਚ ਜਵਾਨਾਂ ਨੇ ਸੰਯੁਕਤ ਤੌਰ ’ਤੇ ਸ਼ਸਤਰ ਉਲਟੇ ਕਰ ਹਵਾ ’ਚ ਗੋਲੀਆਂ ਚਲਾਉਂਦਿਆਂ ਵੈਰਾਗਮਈ ਸੰਗੀਤ ਦੀਆਂ ਧੁੰਨਾਂ ’ਚ ਸ਼ਹੀਦ ਨੂੰ ਅੰਤਿਮ ਸਲਾਮੀ ਦਿੱਤੀ। ਸ਼ਹੀਦ ਦੀ ਚਿਤਾ ਨੂੰ 13 ਸਾਲਾ ਦੇ ਬੇਟੇ ਭਵਗੁਰਨੀਤ ਸਿੰਘ ਨੇ ਮੁੱਖ ਅਗਨੀ ਦਿਖਾਈ ਤਾਂ ਸ਼ਮਸ਼ਾਨਘਾਟ ’ਚ ਮੌਜੂਦ ਅਣਗਿਣਤ ਲੋਕਾਂ ਨੇ ਸ਼ਹੀਦ ਜੀ. ਐੱਸ. ਚੀਮਾ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ।

‘ਗਰਵ ਹੈ ਪਾਪਾ ਦੀ ਸ਼ਹਾਦਤ ’ਤੇ, ਮੈਂ ਵੀ ਬਣਾਂਗਾ ਫੌਜੀ’

ਗਰੁੱਪ ਕੈਪਟਨ ਜੀ. ਐੱਸ. ਚੀਮਾ ਦੇ ਬੇਟੇ ਭਵਗੁਰਨੀਤ ਸਿੰਘ ਨੇ ਕਿਹਾ ਕਿ ਉਸ ਨੂੰ ਆਪਣੇ ਪਾਪਾ ਦੀ ਸ਼ਹਾਦਤ ’ਤੇ ਗਰਵ ਹੈ ਅਤੇ ਉਹ ਵੀ ਫੌਜੀ ਬਣ ਕੇ ਦੇਸ਼ ਸੇਵਾ ਨੂੰ ਪਹਿਲ ਦੇਵੇਗਾ। ਉਸ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਫੋਨ ’ਤੇ ਪਾਪਾ ਨਾਲ ਗੱਲ ਹੋਈ ਸੀ, ਜਿਸ ਦੌਰਾਨ ਉਸ ਦੇ ਪਾਪਾ ਨੇ ਕਿਹਾ ਸੀ ਕਿ ਪੂਰੀ ਮਿਹਨਤ ਕਰ ਕੇ ਚੰਗੀ ਤਰ੍ਹਾਂ ਇਮਤਿਹਾਨ ਦੇਣਾ। ਉਹ ਹਮੇਸ਼ਾ ਕਹਿੰਦੇ ਸਨ ਕਿ ਜ਼ਿੰਦਗੀ ’ਚ ਜੇਕਰ ਮੈਨੂੰ ਕੁੱਝ ਹੋ ਗਿਆ ਤਾਂ ਕਦੇ ਵੀ ਆਪਣੀਆਂ ਅੱਖਾਂ ’ਚ ਹੰਝੂ ਨਹੀਂ ਲਿਆਉਣੇ। ਸ਼ਹੀਦ ਦੇ ਬੇਟੇ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਐੱਨ. ਸੀ. ਸੀ. ਕੈਡਿਟਾਂ ਨੂੰ ਟ੍ਰੇਨਿੰਗ ਦੇਣ ਵਾਲੇ ਜਹਾਜ਼ਾਂ ’ਚ ਬਦਲਾਅ ਕਰੇ ਤਾਂ ਜੋ ਭਵਿੱਖ ’ਚ ਕੋਈ ਵੀ ਇਸ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋਵੇ।

ਪਿਤਾ ਦੇ ਸਸਕਾਰ ਵਾਲੇ ਦਿਨ ਬੇਟੀ ਦੀ ਨੇਵੀ ’ਚ ਹੋਈ ਸਿਲੈਕਸ਼ਨ

ਇਕ ਪਾਸੇ ਸ਼ਹੀਦ ਜੀ. ਐੱਸ. ਚੀਮਾ ਦਾ ਅੰਤਿਮ ਸੰਸਕਾਰ ਹੋ ਰਿਹਾ ਸੀ ਅਤੇ ਦੂਜੇ ਪਾਸੇ ਉਨ੍ਹਾਂ ਦੀ ਧੀ ਕੁੰਜਦੀਪ ਦੀ ਨੇਵੀ ’ਚ ਸਿਲੈਕਸ਼ਨ ਹੋ ਗਈ। ਇਸ ਹੋਣਹਾਰ ਧੀ ਨੇ ਮੰਗਲਵਾਰ ਨੂੰ ਪਟਿਆਲਾ ਪਹੁੰਚ ਕੇ ਸ਼ਹੀਦ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਅੰਤਿਮ ਸੰਸਕਾਰ ਵਾਲੇ ਦਿਨ ਉਸ ਦਾ ਦਿੱਲੀ ’ਚ ਮੈਡੀਕਲ ਹੋ ਗਿਆ, ਜਿਸ ’ਚ ਪਾਸ ਹੋਣ ’ਤੇ ਨੇਵੀ ’ਚ ਉਸ ਦੀ ਸਿਲੈਕਸ਼ਨ ਹੋ ਗਈ। ਇਸ ਤਰ੍ਹਾਂ ਇਸ ਧੀ ਨੇ ਦੇਸ਼ਹਿਤ ਨੂੰ ਪਹਿਲ ਦਿੰਦਿਆਂ ਸ਼ਹੀਦ ਪਿਤਾ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਕਿਉਂਕਿ ਉਸ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਸ ਦੀ ਧੀ ਨੇਵੀ ਦੀ ਅਫਸਰ ਬਣੇ।

ਮੇਰੇ ਪੁੱਤ ਨੇ ਵੱਡੇ ਜਹਾਜ਼ ਉਡਾਏ

ਸ਼ਹੀਦ ਦੀ ਮਾਤਾ ਸਰਬਜੀਤ ਕੌਰ ਨੇ ਨਮ ਅੱਖਾਂ ਨਾਲ ਕਿਹਾ ਕਿ ਨੌਕਰੀ ਦੇ ਦੌਰਾਨ ਉਨ੍ਹਾਂ ਦੇ ਬੇਟੇ ਨੇ ਬਹੁਤ ਜਹਾਜ਼ ਉਡਾਏ। ਕਈ ਵਾਰ ਜਹਾਜ਼ ਲੈ ਕੇ ਜਦੋਂ ਉਹ ਪਿੰਡ ਤੋਂ ਗੁਜ਼ਰਦਾ ਸੀ ਤਾਂ ਜਹਾਜ਼ ਨੂੰ ਹੇਠਾਂ ਕਰ ਲੈਂਦਾ ਸੀ ਅਤੇ ਉਹ ਛੱਤ ’ਤੇ ਜਾ ਕੇ ਹੱਥ ਹਿਲਾ ਕੇ ਬੇਟੇ ਨੂੰ ਆਸ਼ੀਰਵਾਦ ਦਿੰਦੀ ਸੀ। ਉਨ੍ਹਾਂ ਕਿਹਾ ਕਿ ਉਹ ਜਨਵਰੀ ’ਚ ਘਰ ਆਇਆ ਸੀ ਅਤੇ ਮੈਨੂੰ ਇਕ ਕੋਟ ਲੈ ਕੇ ਦੇ ਗਿਆ ਸੀ।

ਪਿੰਡ ’ਚ ਬਣੇ ਸ਼ਹੀਦ ਦੀ ਯਾਦਗਾਰ : ਕੁੰਵਰ ਰਵਿੰਦਰ ਵਿੱਕੀ

ਸ਼ਹੀਦ ਸੈਨਿਕ ਸੁਰੱਖਿਆ ਪਰਿਵਾਰ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਵਿੱਕੀ ਨੇ ਕਿਹਾ ਕਿ ਗਰੁੱਪ ਕੈਪਟਨ ਜੀ. ਐੱਸ. ਚੀਮਾ ਪਿੰਡ ਦਾ ਲਾਡਲਾ ਸੀ ਅਤੇ ਹਰ ਜ਼ਰੂਰਤਮੰਦ ਦੀ ਸਹਾਇਤਾ ਕਰਦਾ ਸੀ । ਅੱਜ ਉਸ ਦੀ ਸ਼ਹਾਦਤ ’ਤੇ ਪਿੰਡ ਹੀ ਨਹੀਂ ਸਗੋਂ ਪੂਰੇ ਇਲਾਕੇ ਨੂੰ ਮਾਣ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਗਰੁੱਪ ਕੈਪਟਨ ਜੀ. ਐੱਸ. ਚੀਮਾ ਦੀ ਸ਼ਹਾਦਤ ਨੂੰ ਹਮੇਸ਼ਾਂ ਅਮਰ ਰੱਖਣ ਲਈ ਪਿੰਡ ’ਚ ਉਨ੍ਹਾਂ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ।

ਇਸ ਸਮੇਂ ਸ਼ਹੀਦ ਦੇ ਭਰਾ ਸਵਰਨਜੀਤ ਸਿੰਘ ਚੀਮਾ, ਗੁਰਜੀਤ ਸਿੰਘ ਚੀਮਾ, ਗੁਰਦੀਪ ਸਿੰਘ ਚੀਮਾ ਅਤੇ ਭੈਣ ਗੁਰਨੀਤ ਕੌਰ, ਭੁਪਿੰਦਰ ਸਿੰਘ ਵਿੱਟੀ ਮੈਂਬਰ ਐੱਸ. ਐੱਸ. ਬੋਰਡ, ਏਅਰਫੋਰਸ ਦੇ ਅਧਿਕਾਰੀ ਆਰ. ਕੇ. ਮੌਰ, ਡੀ. ਐੱਸ. ਦਾਖਾ, ਸਾਬਕਾ ਮੰਤਰੀ ਸੁੱਚਾ ਸਿੰਘ ਛੋਟੇਪੁਰ, ਕੁੰਵਰ ਰਵਿੰਦਰ ਵਿੱਕੀ, ਭੁਪਿੰਦਰ ਸਿੰਘ ਜ਼ਿਲਾ ਭਾਸ਼ਾ ਅਫਸਰ, ਸਤਵੰਤ ਸਿੰਘ ਬਾਠ ਬੀ. ਡੀ. ਪੀ. ਓ. ਗੁਰਜੀਤ ਸਿੰਘ ਕੰਵਲਪ੍ਰੀਤ ਸਿੰਘ ਕਾਕੀ, ਸ਼ਹੀਦ ਲੈਫ. ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸਤਪਾਲ ਅਤਰੀ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਸਿਪਾਹੀ ਰਣਧੀਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਸਮੇਤ ਕਈ ਲੋਕ ਸ਼ਾਮਲ ਸਨ।

Baljeet Kaur

This news is Content Editor Baljeet Kaur