ਗੁਰਦਾਸਪੁਰ ਫਤਿਹ ਕਰਨ ਤੋਂ ਬਾਅਦ ਨਵੇਂ ਪੰਗੇ ''ਚ ਫਸੇ ਸੰਨੀ ਦਿਓਲ

06/19/2019 6:40:26 PM

ਚੰਡੀਗੜ੍ਹ/ਗੁਰਦਾਸਪੁਰ : ਗੁਰਦਾਸਪੁਰ ਦੀ ਲੋਕ ਸਭਾ ਸੀਟ ਵੱਡੇ ਫਰਕ ਨਾਲ ਫਤਿਹ ਕਰਨ ਵਾਲੇ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਇਕ ਨਵੇਂ ਵਿਵਾਦ 'ਚ ਘਿਰ ਗਏ ਹਨ। ਇਹ ਵਿਵਾਦ ਚੋਣਾਂ 'ਤੇ ਕੀਤੇ ਗਏ ਵਾਧੂ ਖਰਚ ਨੂੰ ਲੈ ਕੇ ਪੈਦਾ ਹੋਇਆ ਹੈ। ਦਰਅਸਲ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਲਈ ਕੁੱਲ ਖਰਚ ਦੀ ਹੱਦ 70 ਲੱਖ ਰੁਪਏ ਤੈਅ ਕੀਤੀ ਸੀ। ਕਿਹਾ ਗਿਆ ਸੀ ਕਿ 70 ਲੱਖ ਤੋਂ ਵਾਧੂ ਖਰਚ ਸਾਬਤ ਹੋਣ 'ਤੇ ਸੰਬੰਧਤ ਉਮੀਦਵਾਰ ਖਿਲਾਫ ਸਖਤ ਕਾਰਵਾਈ ਹੋਵੇਗੀ। ਇਥੋਂ ਤਕ ਜਿੱਤੇ ਹੋਏ ਉਮੀਦਵਾਰ ਦੀ ਮੈਂਬਰਸ਼ਿਪ ਵੀ ਰੱਦ ਕਰਕੇ ਦੂਜੇ ਨੰਬਰ 'ਤੇ ਰਹਿਣ ਵਾਲੇ ਉਮੀਦਵਾਰ ਨੂੰ ਜੇਤੂ ਐਲਾਨਿਆ ਜਾ ਸਕਦਾ ਹੈ। ਗੁਰਦਾਸਪੁਰ ਸੀਟ 'ਤੇ ਚੋਣ ਲੜ ਕੇ ਜਿੱਤ ਹਾਸਲ ਕਰਨ ਵਾਲੇ ਭਾਜਪਾ ਉਮੀਦਵਾਰ ਸੰਨੀ ਦਿਓਲ ਦਾ ਚੋਣ ਖਰਚ 86 ਲੱਖ ਰੁਪਏ ਤੋਂ ਵੱਧ ਪਾਇਆ ਗਿਆ ਹੈ। 

ਚੋਣ ਖਰਚ ਦਾ ਹਿਸਾਬ ਲਗਾਉਣ 'ਚ ਜੁਟੇ ਆਬਜ਼ਰਵਰਾਂ ਨੇ ਸੰਨੀ ਦਿਓਲ ਤੋਂ ਚੋਣਾਂ 'ਚ ਖਰਚ ਕੀਤੇ ਗਏ ਪੈਸਿਆਂ ਦੀ ਦੋਬਾਰਾ ਡਿਟੇਲ ਮੰਗੀ ਹੈ। ਇਸ ਤੋਂ ਪਹਿਲਾਂ ਗੁਰਦਾਸਪੁਰ ਦੇ ਡੀ. ਸੀ. ਨੇ ਸੰਨੀ ਦਿਓਲ ਨੂੰ ਨੋਟਿਸ ਜਾਰੀ ਕਰਕੇ ਚੋਣ ਖਰਚ ਦਾ ਹਿਸਾਬ ਕਿਤਾਬ ਦੇਣ ਲਈ ਕਿਹਾ ਸੀ। ਦੂਜੇ ਪਾਸੇ ਸੰਨੀ ਦਿਓਲ ਦੇ ਲੀਗਲ ਐਡਵਾਈਜ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕਲਾਇੰਟ ਦੇ ਚੋਣ ਖਰਚ ਦਾ ਹਿਸਾਬ ਕਿਤਾਬ ਲਗਾਉਣ ਵਿਚ ਚੋਣ ਕਮਿਸ਼ਨ ਦੀ ਟੀਮ ਤੋਂ ਚੂਕ ਹੋਈ ਹੈ। ਚੋਣ ਐਕਸਪੈਂਡੀਚਰ ਜਾਂਚ ਰਹੇ ਆਬਜ਼ਰਵਰਾਂ ਨੂੰ ਸਹੀ ਖਰਚ ਦੀ ਡਿਟੇਲ ਦੇ ਦਿੱਤੀ ਜਾਵੇਗੀ। ਮੰਗਲਵਾਰ ਨੂੰ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿਆਂ ਦੇ ਵੱਖ-ਵੱਖ ਖਰਚ ਆਬਜ਼ਰਵਰ ਪਹੁੰਚੇ ਅਤੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ।  

ਜਾਖੜ ਨੇ ਖਰਚੇ 63 ਲੱਖ
ਗੁਰਦਾਸਪੁਰ ਹਲਕੇ 'ਚ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਾ ਸ਼ਾਮਲ ਹੈ। ਦੋਵੇਂ ਜ਼ਿਲਿਆਂ ਵਿਚ ਭਾਜਪਾ, ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਪ੍ਰੋਗਰਾਮਾਂ ਦਾ ਖਰਚ ਵੱਖ-ਵੱਖ ਜੋੜ ਕੇ ਕੰਪਾਇਲ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਜੇ ਧਰਮਿੰਦਰ ਉਰਫ ਸੰਨੀ ਦਿਓਲ ਦਾ ਖਰਚ 86 ਲੱਖ ਤੋਂ ਵੱਧ ਪਾਇਆ ਗਿਆ ਹੈ। ਸੰਨੀ ਤੋਂ ਹਾਰਨ ਵਾਲੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੇ 63 ਲੱਖ , 'ਆਪ' ਦੇ ਪੀਟਰ ਮਸੀਹ ਨੇ 7 ਲੱਖ 65 ਹਜ਼ਾਰ, ਲਾਲਚੰਦ ਕਟਾਰੂਚੱਕ ਨੇ 9 ਲੱਖ 62 ਹਜ਼ਾਰ, ਸ਼ਾਰਦਾ ਨੇ 51,600 ਅਤੇ ਪ੍ਰੀਤਮ ਸਿੰਘ ਨੇ 1 ਲੱਖ 13 ਹਜ਼ਾਰ ਰੁਪਏ ਖਰਚ ਕੀਤੇ ਹਨ।

Gurminder Singh

This news is Content Editor Gurminder Singh