'ਸਿਰੜ' ਅਤੇ 'ਸਿਦਕ' ਦੀ ਵਿਲੱਖਣ ਮਿਸਾਲ ਹੈ ਪੰਜਾਬ ਦੀ ਇਹ ਧੀ

06/11/2020 10:02:18 AM

ਗੁਰਦਾਸਪੁਰ (ਹਰਮਨ) : ਅਜੋਕੇ ਸਮੇਂ ਦੀ ਨੌਜਵਾਨ ਪੀੜ੍ਹੀ ਬੇਸ਼ੱਕ ਸਮਾਜਿਕ ਕਦਰਾਂ ਕੀਮਤਾਂ ਅਤੇ ਹੱਥੀਂ ਕੰਮ ਕਰਨ ਦੀ ਰਵਾਇਤ ਨੂੰ ਤਿਆਗ ਕੇ ਵਿਦੇਸ਼ ਜਾਣ ਦੀ ਦੌੜ 'ਚ ਲੱਗੀ ਹੋਈ ਹੈ। ਪਰ ਦੂਜੇ ਪਾਸੇ ਪੰਜਾਬ ਦੇ ਸੰਗਰੂਰ ਜ਼ਿਲੇ ਨਾਲ ਸਬੰਧਤ ਪਿੰਡ ਕਨੋਈ 'ਚ ਆਪਣੇ ਹੱਥਾਂ ਨਾਲ ਖੇਤੀਬਾੜੀ ਦਾ ਕੰਮ ਕਰ ਰਹੀ 20 ਸਾਲਾ ਨੌਜਵਾਨ ਲੜਕੀ ਨਾ ਸਿਰਫ ਹੋਰ ਲੜਕੀਆਂ ਲਈ ਮਾਰਗ ਦਰਸ਼ਕ ਬਣਕੇ ਸਾਹਮਣੇ ਆਈ ਹੈ, ਸਗੋਂ ਸਿਰੜ ਤੇ ਸਿਦਕ ਦੀ ਪੱਕੀ ਇਸ ਹੋਣਹਾਰ ਮਿਹਨਤੀ ਧੀ ਨੇ ਪੰਜਾਬ ਦੇ ਉਨ੍ਹਾਂ ਹਜ਼ਾਰਾਂ ਨੌਜਵਾਨਾਂ ਲਈ ਵੀ ਇਕ ਮਿਸਾਲ ਪੇਸ਼ ਕੀਤੀ ਹੈ ਜੋ ਆਪਣੇ ਖੇਤਾਂ 'ਚ ਕੰਮ ਕਰਨ ਦੀ ਬਜਾਏ ਵਿਦੇਸ਼ਾਂ 'ਚ ਜਾ ਕੇ ਮਜ਼ਦੂਰੀ ਕਰਦੇ ਹਨ।

ਇਹ ਵੀ ਪੜ੍ਹੋਂ : ਸ੍ਰੀ ਹਰਿਮੰਦਰ ਸਾਹਿਬ 'ਚ ਰੌਣਕਾਂ ਲੱਗਣੀਆਂ ਸ਼ੁਰੂ, ਵੱਡੀ ਗਿਣਤੀ 'ਚ ਪੁੱਜ ਰਹੀਆਂ ਨੇ ਸੰਗਤਾਂ

ਪਿਤਾ ਨਾਲ 35 ਏਕੜ ਰਕਬੇ 'ਚ ਕਰਦੀ ਹੈ ਖੇਤੀ
ਪਿੰਡ ਕਨੋਈ ਦੇ ਵਸਨੀਕ ਹਰਮਿਲਾਪ ਸਿੰਘ ਤੂਰ ਦੀ ਹੋਣਹਾਰ ਧੀ ਅਮਨਦੀਪ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪਿਤਾ ਦੇ ਨਾਲ 35 ਏਕੜ ਜ਼ਮੀਨ ਵਿਚ ਖੇਤੀ ਕਰਦੀ ਹੈ। ਉਸ ਦਾ ਵੱਡਾ ਭਰਾ ਚੰਡੀਗੜ੍ਹ ਵਿਖੇ ਪੜ੍ਹਾਈ ਕਰਦਾ ਹੈ ਅਤੇ ਉਥੇ ਹੀ ਰਹਿੰਦਾ ਹੈ। ਇਸ ਲਈ ਉਸਨੇ ਆਪਣੇ ਪਿਤਾ ਨਾਲ ਕਾਫੀ ਸਾਲ ਪਹਿਲਾਂ ਤੋਂ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਹੁਣ ਉਹ ਸਾਰਾ ਕੰਮ ਕਰਨਾ ਸਿੱਖ ਚੁੱਕੀ ਹੈ ਅਤੇ ਖੁਦ ਟਰੈਕਟਰ ਚਲਾ ਕੇ ਖੇਤੀ ਦਾ ਸਾਰਾ ਕੰਮ ਕਰਦੀ ਹੈ।

ਇਹ ਵੀ ਪੜ੍ਹੋਂ : ਅੰਮ੍ਰਿਤਸਰ ਦੀ ਬੀਬੀ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ

ਵਿਦੇਸ਼ ਜਾਣ ਦੇ ਆਖਰੀ ਮੌਕੇ ਬਦਲਿਆ ਫੈਸਲਾ
ਅਮਨਦੀਪ ਕੌਰ ਨੇ ਦੱਸਿਆ ਕਿ ਉਹ ਪਟਿਆਲਾ ਵਿਖੇ ਫੂਡ ਪ੍ਰੋਸੈਸਿੰਗ ਵਿਸ਼ੇ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਹੀ ਹੈ। ਪਰ ਇਸ ਤੋਂ ਪਹਿਲਾਂ ਜਦੋਂ ਉਸ ਨੇ 12ਵੀਂ ਜਮਾਤ ਪਾਸ ਕੀਤੀ ਤਾਂ ਉਸ ਮੌਕੇ ਆਈਲਟਸ ਵਿਚੋਂ 6.5 ਬੈਂਡ ਲੈ ਕੇ ਉਸ ਨੇ ਵਿਦੇਸ਼ ਜਾਣ ਦੀ ਤਿਆਰੀ ਕੀਤੀ ਸੀ। ਉਸ ਮੌਕੇ ਉਸ ਦਾ ਆਫਰ ਲੈਟਰ ਵੀ ਆ ਗਿਆ ਸੀ ਅਤੇ ਮੈਡੀਕਲ ਸਮੇਤ ਹੋਰ ਕਾਰਵਾਈਆਂ ਵੀ ਮੁਕੰਮਲ ਹੋ ਗਈਆਂ ਸਨ। ਪਰ ਐਨ ਮੌਕੇ ਉਸਨੇ ਆਪਣੇ ਪਰਿਵਾਰ ਨਾਲ ਸਲਾਹ ਕਰ ਕੇ ਆਪਣਾ ਇਰਾਦਾ ਬਦਲ ਲਿਆ ਅਤੇ ਹੁਣ ਉਹ ਜਿਥੇ ਪੜ੍ਹਾਈ ਦਾ ਕੰਮ ਕਰ ਰਹੀ ਹੈ ਉਸਦੇ ਨਾਲ ਹੀ ਆਪਣੀ ਮਾਂ ਭੂਮੀ ਅਤੇ ਪਰਿਵਾਰ ਦੀ ਸੇਵਾ ਵੀ ਕਰ ਰਹੀ ਹੈ।

ਇਹ ਵੀ ਪੜ੍ਹੋਂ : ਵਿਦਿਆਰਥੀਆਂ ਨੂੰ ਜਲਦ ਮਿਲਣਗੇ ਸਮਾਰਟਫੋਨ, ਪੰਜਾਬ ਸਰਕਾਰ ਵਲੋਂ ਸਿੱਖਿਆ ਮਹਿਕਮੇ ਨੂੰ ਨਿਰਦੇਸ਼ ਜਾਰੀ

ਕਦੇ ਮੁੱਲ ਨਹੀਂ ਲਿਆ ਦੁੱਧ ਅਤੇ ਸਬਜ਼ੀਆਂ
ਅਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿਤਾ ਵੀ ਸਖਤ ਮਿਹਨਤ ਕਰਦੇ ਹਨ ਅਤੇ ਉਨਾਂ ਨੇ ਕਰੀਬ 5 ਦੁਧਾਰੂ ਪਸ਼ੂ ਵੀ ਰੱਖੇ ਹੋਏ ਹਨ। ਉਨ੍ਹਾਂ ਨੇ ਕਦੀ ਵੀ ਦੁੱਧ ਮੁੱਲ ਨਹੀਂ ਲਿਆ। ਇਸੇ ਤਰ੍ਹਾਂ ਉਹ 35 ਏਕੜ ਰਕਬੇ 'ਚੋਂ ਕਰੀਬ ਇਕ ਏਕੜ ਰਕਬੇ ਵਿਚ ਚਾਰਾ ਬੀਜਦੇ ਹਨ ਜਦੋਂ ਕਿ ਉਨਾਂ ਘਰੇਲੂ ਬਗੀਚੀ ਵੀ ਬਣਾਈ ਹੈ ਜਿਸ ਵਿਚ ਤਿਆਰ ਕੀਤੀਆਂ ਸਬਜ਼ੀਆਂ ਹੀ ਘਰ ਵਿਚ ਵਰਤਦੇ ਹਨ। ਉਨ੍ਹਾਂ ਦੱਸਿਆ ਕਿ ਬਾਕੀ ਦੇ ਖੇਤਾਂ 'ਚ ਕਣਕ-ਝੋਨਾ/ਬਾਸਮਤੀ ਦੀ ਕਾਸ਼ਤ ਕਰਦੇ ਹਨ।

ਇਹ ਵੀ ਪੜ੍ਹੋਂ : ਬਿਨ੍ਹਾਂ ਵਿਆਹ ਦੇ ਰਹਿੰਦੇ ਜੋੜੇ ਦਾ ਕਾਰਾ, ਚਿੱਟਾ ਦੇ ਮਾਰ ਦਿੱਤਾ ਪੁੱਤ ਬੇਗਾਨਾ (ਵੀਡੀਓ)

ਆਧੁਨਿਕ ਖੇਤੀ ਨੂੰ ਦੇ ਰਹੀ ਹੈ ਤਰਜ਼ੀਹ
ਅਮਨਦੀਪ ਨੇ ਦੱਸਿਆ ਕਿ ਹੁਣ ਜਦੋਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣ ਸਮੇਤ ਖੇਤੀਬਾੜੀ ਨੂੰ ਹੋਰ ਕਈ ਚੁਣੌਤੀਆਂ ਪੇਸ਼ ਆ ਰਹੀਆਂ ਹਨ ਤਾਂ ਉਨ੍ਹਾਂ ਨੇ ਨਵੇਂ ਢੰਗ ਤਰੀਕੇ ਅਪਣਾ ਕੇ ਖੇਤੀਬਾੜੀ ਦਾ ਕੰਮ ਸ਼ੁਰੂ ਕੀਤਾ ਹੈ। ਹੁਣ ਇਸ ਸਾਲ ਉਨ੍ਹਾਂ ਨੇ ਕਰੀਬ 8 ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਕੀਤੀ ਹੈ ਅਤੇ ਆਉਣ ਵਾਲੇ ਸਮੇਂ 'ਚ ਉਹ ਹੋਰ ਜ਼ਿਆਦਾ ਰਕਬਾ ਇਸ ਵਿਧੀ ਹੇਠ ਲਿਆਉਣਗੇ। ਅਮਨਦੀਪ ਨੇ ਦੱਸਿਆ ਕਿ ਉਹ ਖੇਤ 'ਚ ਅੱਗ ਵੀ ਨਹੀਂ ਲਗਾਉਂਦੇ ਉਨ੍ਹਾਂ ਨੇ ਪਿਛਲੇ ਸੀਜਨ 'ਚ ਕਟਰ ਮਾਰ ਕੇ ਝੋਨੇ ਦੀ ਰਹਿੰਦ-ਖੂੰਹਦ ਦਾ ਨਿਪਟਾਰਾ ਕੀਤਾ ਸੀ ਅਤੇ ਬਾਅਦ 'ਚ ਹੈਪੀ ਸੀਡਰ ਨਾਲ ਕਣਕ ਬੀਜ ਕੇ ਕਰੀਬ 20 ਕੁਇੰਟਲ ਪ੍ਰਤੀ ਏਕੜ ਪੈਦਾਵਾਰ ਪ੍ਰਾਪਤ ਕੀਤੀ। ਅਮਨਦੀਪ ਨੇ ਅੱਜ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੱਥੀਂ ਕੰਮ ਕਰਨ ਅਤੇ ਸਖ਼ਤ ਮਿਹਨਤ 'ਚ ਵਿਸ਼ਵਾਸ਼ ਰੱਖਣ।

Baljeet Kaur

This news is Content Editor Baljeet Kaur