ਮਾਤਾ-ਪਿਤਾ ਕਰ ਰਹੇ ਸਨ ਪੁੱਤ ਦੇ ਵਿਆਹ ਦੀ ਤਿਆਰੀ, ਚੀਨ ਤੋਂ ਆਈ ਮੌਤ ਦੀ ਖਬਰ

11/29/2019 1:02:38 PM

ਗੁਰਦਾਸਪੁਰ : ਇਕ ਪਾਸੇ ਮਾਤਾ-ਪਿਤਾ ਵਿਦੇਸ਼ ਗਏ ਆਪਣੇ ਪੁੱਤ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਕਿ ਉਨ੍ਹਾਂ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਨ੍ਹਾਂ ਦੇ ਬੇਟੇ ਦੀ ਸਮੁੰਦਰ 'ਚ ਡੁੱਬਣ ਕਾਰਨ ਮੌਤ ਹੋ ਗਈ ਹੈ। ਇਸ ਗੱਲ ਦਾ ਪਤਾ ਚੱਲਦੇ ਹੀ ਪਰਿਵਾਰ ਦੇ ਸਾਰੇ ਸੁਪਨੇ ਟੁੱਟ ਗਏ। ਪਰਿਵਾਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪੁੱਤ ਨੂੰ ਨਸਲੀ ਭੇਦਭਾਵ, ਕੇਸ ਕਟਵਾਉਣ ਅਤੇ ਸ਼ਰਾਬ ਪੀਣ ਦੇ ਲਈ ਦਬਾਅ ਪਾਇਆ ਜਾਂਦਾ ਰਿਹਾ ਹੈ, ਜਿਸ ਦੇ ਕਾਰਨ ਉਸ ਦਾ ਕਤਲ ਕਰਕੇ ਲਾਸ਼ ਨੂੰ ਸਮੁੰਦਰ 'ਚ ਸੁੱਟਿਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਪੁੱਤ ਲਕਸ਼ਮਣ ਦੀ ਲਾਸ਼ ਸਰਕਾਰੀ ਖਰਚ 'ਤੇ ਵਾਪਸ ਲਿਆਂਦੀ ਜਾਵੇ। ਇਸ ਤੋਂ ਇਲਾਵਾ ਸੂਬਾ ਅਤੇ ਕੇਂਦਰ ਸਰਕਾਰਾਂ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਵੀ ਸਖਤ ਤੋਂ ਸਖਤ ਸਜ਼ਾ ਦਿਵਾਏ। ਉਨ੍ਹਾਂ ਨੇ ਸਾਂਸਦ ਸੰਨੀ ਦਿਓਲ ਨੂੰ ਪੱਤਰ ਲਿਖਿਆ ਹੈ।

ਜਾਣਕਾਰੀ ਮੁਤਾਬਕ ਲਕਸ਼ਮਣ ਸਿੰਘ (22) ਪੁੱਤਰ ਜਸਵੰਤ ਸਿੰਘ ਵਾਸੀ ਦੋਸਤਪੁਰ ਅੰਮ੍ਰਿਧਾਰੀ ਸਿੱਖ ਸੀ। ਉਹ ਚੀਨ ਦੇ ਵੇਅਤਨਾਮ ਮਰਚੈਂਟ ਨੇਵੀ 'ਚ ਤਾਇਨਾਤ ਸੀ। ਪਿਤਾ ਨੇ ਦੱਸਿਆ ਕਿ 24 ਨਵੰਬਰ ਨੂੰ ਲਕਸ਼ਮਣ ਨੇ ਆਪਣੇ ਤਾਏ ਨੂੰ ਫੋਨ ਕਰਕੇ ਦੱਸਿਆ ਸੀ ਕਿ ਇਥੇ ਉਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਲਕਸ਼ਮਣ ਦੀ ਮਾਂ ਅਕਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸਦੇ ਪੁੱਤ ਦੀ ਲਾਸ਼ ਨੂੰ ਕੱਢਿਆ ਜਾ ਰਿਹਾ ਸੀ ਤਾਂ ਉਸ ਦੇ ਸਰੀਰ 'ਤੇ ਨਾ ਕੱਪੜੇ ਸਨ ਅਤੇ ਨਾ ਕਕਾਰ। ਜਿਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਸ ਦਾ ਕਤਲ ਕਰਕੇ ਲਾਸ਼ ਨੂੰ ਸਮੁੰਦਰ 'ਚ ਸੁੱਟਿਆ ਗਿਆ ਹੈ।

ਲਕਸ਼ਮਣ ਦੇ ਭਰਾ ਨੇ ਦੱਸਿਆ ਕਿ ਪਰਿਵਾਰ ਵਲੋਂ ਉਸ ਦੇ ਵਿਆਹ ਦੀ ਤਿਆਰੀ ਕੀਤੀ ਜਾ ਰਹੀ ਸੀ। ਫਰਵਰੀ 2020 'ਚ ਲਕਸ਼ਮਣ ਨੇ  ਛੁੱਟੀ 'ਤੇ ਘਰ ਆਉਣਾ ਸੀ। ਉਸ ਦੇ ਕੁੜੀ ਵੀ ਦੇਖੀ ਹੋਈ ਸੀ। ਪਰਿਵਾਰਕ ਮੈਂਬਰਾਂ ਨੇ ਭਾਰਤ ਤੇ ਚੀਨ ਦੀਆਂ ਸਰਕਾਰਾਂ ਨੂੰ ਲਕਸ਼ਮਣ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ।

 

Baljeet Kaur

This news is Content Editor Baljeet Kaur