ਮਾਲਵਾ ਦੇ ਨੇਤਾ ਨੇ ਮਾਝੇ ''ਚ ਕਾਇਮ ਕੀਤੀ ਸਰਦਾਰੀ

10/16/2017 7:01:24 PM

ਜਲੰਧਰ(ਰਵਿੰਦਰ ਸ਼ਰਮਾ)— ਗੁਰਦਾਸਪੁਰ ਉਪ ਚੋਣਵਿਚ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੀ ਵੱਡੀ ਜਿੱਤ ਸੂਬੇ ਦੀ ਸਿਆਸਤ ਅਤੇ ਪਾਰਟੀ ਦੀ ਅੰਦਰੂਨੀ ਸਿਆਸਤ ਲਈ ਮਾਇਨੇ ਰੱਖਦੀ ਹੈ। ਇਕ ਪਾਸੇ ਕਾਂਗਰਸ ਦੀ ਵੱਡੀ ਜਿੱਤ ਸੂਬੇ ਵਿਚ ਅਕਾਲੀ-ਭਾਜਪਾ ਦੇ ਦੁਬਾਰਾ ਉਭਰਦੇ ਸਰੂਪ ਨੂੰ ਖਤਮ ਕਰਨ ਦਾ ਕੰਮ ਕਰੇਗੀ ਤਾਂ ਦੂਜੇ ਪਾਸੇ ਜਿਸ ਤਰ੍ਹਾਂ ਮਾਲਵਾ ਤੋਂ ਆ ਕੇ ਜਾਖੜ ਨੇ ਮਾਝੇ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ, ਉਸ ਨਾਲ ਮਾਝਾ ਅਤੇ ਮਾਲਵਾ ਲਾਬੀ ਵਿਚ ਚੱਲ ਰਹੀ ਲੜਾਈ ਵੀ ਕਮਜ਼ੋਰ ਹੋਵੇਗੀ। ਜਾਖੜ ਨੇ ਜਿਸ ਤਰ੍ਹਾਂ ਸਰਦਾਰੀ ਕਾਇਮ ਕੀਤੀ ਹੈ, ਉਸ ਨਾਲ ਪ੍ਰਤਾਪ ਸਿੰਘ ਬਾਜਵਾ ਦੀ ਮਾਝੇ ਵਿਚ ਕਾਇਮ ਸਰਕਾਰੀ 'ਤੇ ਕਾਫੀ ਅਸਰ ਪਵੇਗਾ।
ਸੂਬੇ ਵਿਚ ਕਾਂਗਰਸ ਰਾਜਨੀਤੀ ਦੀ ਗੱਲ ਕਰੀਏ ਤਾਂ ਕੈਪਟਨ ਅਤੇ ਬਾਜਵਾ ਲਾਬੀ ਵਿਚ ਲੰਮੇ ਸਮੇਂ ਤੋਂ ਛੱਤੀ ਦਾ ਅੰਕੜਾ ਰਿਹਾ ਹੈ। ਬਾਜਵਾ ਇਕ ਸਮੇਂ ਮਾਝਾ ਲਾਬੀ 'ਤੇ ਆਪਣਾ ਚੰਗਾ ਪ੍ਰਭਾਵ ਰੱਖਦੇ ਸਨ ਪਰ ਕੈਪਟਨ ਨੇ ਕੁਝ ਸਮਾਂ ਪਹਿਲਾਂ ਹੀ ਬਾਜਵਾ ਨੂੰ ਰਾਜਨੀਤੀ ਪਟਖਣੀ ਦੇਣ ਦੀ ਖੁਡ ਸ਼ੁਰੂ ਕਰ ਦਿੱਤੀ ਸੀ। ਸਭ ਤੋਂ ਪਹਿਲਾਂ ਕੈਪਟਨ ਨੇ ਬਾਜਵਾ ਨੂੰ ਪ੍ਰਦੇਸ਼ ਦੀ ਪ੍ਰਧਾਨਗੀ ਤੋਂ ਹਟਾ ਕੇ ਵੱਡੀ ਖੇਡ ਖੇਡੀ ਸੀ। ਉਸ ਦੇ ਬਾਅਦ ਰਾਜ ਸਭਾ ਵਿਚ ਭੇਜ ਕੇ ਬਾਜਵਾ ਨੂੰ ਸੂਬੇ ਦੀ ਰਾਜਨੀਤੀ ਤੋਂ ਦੂਰ ਕਰ ਦਿੱਤਾ ਸੀ। ਹੁਣ ਤੀਜੀ ਵਾਰ ਕੈਪਟਨ ਆਪਣੀ ਲਾਬੀ ਦੇ ਖਾਸਮਖਾਸ ਸੁਨੀਲ ਜਾਖੜ ਨੂੰ ਮਾਲਵਾ ਤੋਂ ਲੈ ਕੇ ਮਾਝੇ ਦੀ ਰਾਜਨੀਤੀ ਵਿਚ ਉਤਾਰ ਕੇ ਸਿੱਧੇ ਤੌਰ 'ਤੇ ਬਾਜਵਾ ਦੀ ਬਚੀ-ਖੁਚੀ ਰਾਜਨੀਤੀ ਨੂੰ ਚੁਣੌਤੀ ਦੇਣ ਦਾ ਕੰਮ ਕੀਤਾ ਹੈ। ਸ਼ੁਰੂ ਦੇ ਦੌਰ ਵਿਚ ਲੱਗਾ ਸੀ ਕਿ ਬਾਜਵਾ ਜੇ ਵਿਰੋਧ ਕਰਦੇ ਹਨ ਤਾਂ ਜਾਖੜ ਲਈ ਜਿੱਤਣਾ ਸੌਖਾ ਨਹੀਂ ਹੋਵੇਗਾ ਪਰ ਕੀ ਸਾਫ ਅਕਸ ਅਤੇ ਕੈਪਟਨ ਲਾਬੀ ਦੀ ਚੁਣਾਵੀ ਕੰਪੇਨ ਨੇ ਬਾਜਵਾ ਲਾਬੀ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਕੈਪਟਨ ਲਾਬੀ ਇਹ ਲੜਾਈ ਦੋ-ਦੋ ਫਰੰਟ 'ਤੇ ਲੜ ਰਹੀ ਸੀ। ਇਕ ਸਿੱਧੇ ਵਿਰੋਧੀ ਉਮੀਦਵਾਰ ਅਤੇ ਦੂਜੀ ਪਾਰਟੀ ਦੇ ਅੰਦਰ ਹੀ ਜਾਖੜ ਨੂੰ ਉਮੀਦਵਾਰ ਐਲਾਨ ਕਰਨ ਦਾ ਵਿਰੋਧ ਕਰਨ ਵਾਲੀ ਲਾਬੀ। ਕੈਪਟਨ ਲਾਬੀ ਨੇ ਦੋਹਾਂ ਫਰੰਟਾਂ 'ਤੇ ਜਿੱਤ ਪ੍ਰਾਪਤ ਕਰਕੇ ਖੁਦ ਨੂੰ ਦੁਬਾਰਾ ਮਜ਼ਬੂਤੀ ਨਾਲ ਸਥਾਪਤ ਕੀਤਾ ਹੈ। ਜਾਖੜ ਦੀ ਵੱਡੀ ਜਿੱਤ ਕਿਧਰੇ ਨਾ ਕਿਧਰੇ ਹੁਣ ਮਾਝੇ ਵਿਚ ਨਵੀਂ ਰਾਜਨੀਤੀ ਦੀ ਕਿਰਨ ਦੇ ਤੌਰ 'ਤੇ ਸਥਾਪਤ ਹੋਵੇਗੀ। ਗੁਰਦਾਸਪੁਰ ਉਪ ਚੋਣ ਦੀ ਜਿੱਤ ਆਉਣ ਵਾਲੇ ਸਮੇਂ ਵਿਚ ਕੈਪਟਨ ਨੂੰ ਆਕਸੀਜਨ ਦੇਵੇਗੀ ਅਤੇ ਨਾਲ ਹੀ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਜਿੱਤ ਦਾ ਰਸਤਾ ਤੈਅ ਕਰੇਗੀ। ਇਸ ਜਿੱਤ ਨਾਲ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਵਧੇਗਾ ਅਤੇ ਸੂਬੇ ਭਰ ਵਿਚ ਵਿਗੜੀ ਅਰਥਵਿਵਸਥਾ ਨਾਲ ਜੋ ਵਿਰੋਧ ਕੈਪਟਨ ਸਰਕਾਰ ਦਾ ਹੋ ਰਿਹਾ ਸੀ, ਉਹ ਕੁਝ ਰੁਕਦਾ ਨਜ਼ਰ ਆਵੇਗਾ। ਕਾਂਗਰਸੀ ਵਰਕਰਾਂ ਦਾ ਇਹੀ ਜੋਸ਼ ਨਗਰ ਨਿਗਮ ਦੀਆਂ ਚੋਣਾਂ ਵਿਚ ਪਾਰਟੀ ਦੀ ਜਿੱਤ ਦਾ ਰਸਤਾ ਸਾਫ ਕਰੇਗਾ।
ਇਕ ਹੋਰ ਵੱਡੀ ਹਾਰ ਸਾਂਪਲਾ ਦੀ ਪ੍ਰਧਾਨਗੀ 'ਤੇ ਲਾਏਗੀ ਗ੍ਰਹਿਣ
ਸੂਬਾ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਆਪਣੇ ਰਾਜਨੀਤਕ ਵਿਸ਼ਲੇਸ਼ਣ ਵਿਚ ਪੂਰੀ ਤਰ੍ਹਾਂ ਨਾਲ ਫਲਾਪ ਸਾਬਤ ਹੋਏ ਹਨ। ਪਹਿਲਾਂ ਉਨ੍ਹਾਂ ਦੀ ਅਗਵਾਈ ਹੇਠ ਵਿਧਾਨ ਸਭਾ ਦੀਆਂ ਚੋਣਾਂ ਵਿਚ ਪਾਰਟੀ ਨੂੰ ਹਾਰ ਦੇਖਣੀ ਪਈ। ਸੂਬੇ ਵਿਚ ਪਾਰਟੀ ਨੂੰ ਕੇਵਲ 3 ਸੀਟਾਂ ਹੀ ਮਿਲ ਸਕੀਆਂ ਸਨ। ਹੁਣ ਉਨ੍ਹਾਂ ਦੀ ਅਗਵਾਈ ਵਿਚ ਪਾਰਟੀ ਨੇ ਗੁਰਦਾਸਪੁਰ ਦੀ ਉਪ ਚੋਣ ਲੜੀ। ਵੱਡੇ-ਵੱਡੇ ਦਾਅਵੇ ਕੀਤੇ ਗਏ ਪਰ ਤਕਰੀਬਨ ਦੋ ਲੱਖ ਵੋਟਾਂ ਦੀ ਭਾਰੀ ਹਾਰ ਹੁਣ ਪਾਰਟੀ ਹਾਈ ਕਮਾਨ ਨੂੰ ਵੀ ਵਿਜੇ ਸਾਂਪਲਾ ਦੀ ਅਗਵਾਈ ਦੇ ਬਾਰੇ ਵਿਚ ਸੋਚਣ ਨੂੰ ਮਜਬੂਰ ਕਰੇਗੀ।
ਜੀ. ਐੱਸ. ਟੀ. ਨੇ ਵਿਗਾੜੀ ਸਲਾਰੀਆ ਦੀ ਖੇਡ
ਗੁਰਦਾਸਪੁਰ ਵਿਚ ਕਾਂਗਰਸ ਦੀ ਵੱਡੀ ਜਿੱਤ ਨੇ ਕੇਂਦਰ ਦੀ ਮੋਦੀ ਸਰਕਾਰ ਦੇ ਲਈ ਇਕ ਸਬਕ ਪੈਦਾ ਕੀਤਾ ਹੈ। 2019 ਦੀਆਂ ਚੋਣਾਂ ਲਈ ਤਿਆਰੀਆਂ ਵਿਚ ਲੱਗੀ ਮੋਦੀ ਸਰਕਾਰ ਨੂੰ ਇਹ ਨਤੀਜੇ ਕਰਾਰਾ ਝਟਕਾ ਹਨ। ਮੋਦੀ ਦੀ ਸਾਖ ਸੂਬੇ ਅਤੇ ਦੇਸ਼ ਵਿਚ ਡਿਗਦੀ ਨਜ਼ਰ ਆ ਰਹੀ ਹੈ। ਸਰਕਾਰ ਦੇ ਜੀ. ਐੱਸ. ਟੀ. ਨੂੰ ਲੈ ਕੇ ਲਏ ਗਏ ਫੈਸਲੇ ਉਨ੍ਹਾਂ ਦੇ ਖਿਲਾਫ ਜਾ ਰਹੇ ਹਨ। ਜੀ. ਐੱਸ. ਟੀ. ਕਾਰਨ ਜਿਸ ਤਰ੍ਹਾਂ ਪੂਰਾ ਉਦਯੋਗ ਤੇ ਵਪਾਰੀ ਜਗਤ ਪ੍ਰੇਸ਼ਾਨ ਹੈ, ਉਸ ਦਾ ਪੂਰਾ ਅਸਰ ਇਨ੍ਹਾਂ ਚੋਣਾਂ ਵਿਚ ਦਿਖਾਈ ਦਿੱਤਾ ਹੈ ਅਤੇ ਜਨਤਾ ਦਾ ਭਾਰੀ ਗੁੱਸਾ ਭਾਜਪਾ ਦੇ ਖਿਲਾਫ ਗਿਆ। ਜੀ. ਐੱਸ. ਟੀ. ਦੀ ਖੇਡ ਨੇ ਪੂਰੀ ਤਰ੍ਹਾਂ ਭਾਜਪਾ ਦੇ ਉਮੀਦਵਾਰ ਸਲਾਰੀਆ ਦੀ ਖੇਡ ਵਿਗਾੜ ਦਿੱਤੀ ਹੈ।