ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਵੱਡੇ ਖੁਲਾਸੇ, ''ਟੀਕੇ ਲਾਉਣ ਲਈ ਕੀਤਾ ਜਾਂਦੈ ਮਜਬੂਰ''

01/07/2020 2:34:27 PM

ਗੁਰਦਾਸਪੁਰ (ਹਰਮਨਪ੍ਰੀਤ) : ਨਸ਼ਿਆਂ ਦੀ ਗ੍ਰਿਫਤ 'ਚ ਫਸ ਕੇ ਜ਼ਿੰਦਗੀਆਂ ਖਰਾਬ ਕਰ ਰਹੇ ਨੌਜਵਾਨਾਂ ਨੂੰ ਭਟਕਣ ਤੋਂ ਬਚਾਉਣ ਲਈ ਬੇਸ਼ੱਕ ਨੌਜਵਾਨਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਖੇਡ 'ਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ ਪਰ ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਲਈ ਆਏ ਕਬੱਡੀ ਦੇ ਇਕ ਅੰਤਰਰਾਸ਼ਟਰੀ ਖਿਡਾਰੀ ਵੱਲੋਂ ਅਜਿਹੇ ਖੁਲਾਸੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਨਾ ਸਿਰਫ ਖੇਡਾਂ ਕਰਵਾਉਣ ਲਈ ਪ੍ਰਬੰਧਕਾਂ ਦੇ ਕਈ ਰਾਜ ਉਜਾਗਰ ਕਰ ਦਿੱਤੇ ਹਨ, ਸਗੋਂ ਇਹ ਹੈਰਾਨੀਜਨਕ ਗੱਲ ਵੀ ਸਾਹਮਣੇ ਲਿਆਂਦੀ ਹੈ ਕਿ ਕਿਸ ਢੰਗ ਨਾਲ ਖੇਡਾਂ ਨੂੰ ਵਪਾਰ ਬਣਾ ਕੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਦਾ ਸੇਵਨ ਕਰ ਕੇ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ।

ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਿਆ ਨਸ਼ੇੜੀ
ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਵਿਖੇ ਇਲਾਜ ਕਰਵਾਉਣ ਆਏ ਪੰਜਾਬ ਦੇ ਦੁਆਬੇ ਇਲਾਕੇ ਨਾਲ ਸਬੰਧਤ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਦੱਸਿਆ ਕਿ ਉਹ 2006 ਤੋਂ ਕਬੱਡੀ ਖੇਡ ਰਿਹਾ ਹੈ ਅਤੇ 2012 ਦੌਰਾਨ ਉਸ ਨੇ ਪਹਿਲੀ ਵਾਰ ਯੂ. ਕੇ. 'ਚ ਕਿਸੇ ਪ੍ਰਾਈਵੇਟ ਕਲੱਬ ਵੱਲੋਂ ਕਰਵਾਏ ਗਏ ਅੰਤਰਰਾਸ਼ਟਰੀ ਪੱਧਰ ਦਾ ਮੈਚ ਖੇਡਿਆ ਸੀ। 2012 ਤੋਂ ਪਹਿਲਾਂ ਉਹ ਕੋਈ ਵੀ ਨਸ਼ਾ ਕੀਤੇ ਬਗੈਰ ਹੀ ਖੇਡਦਾ ਰਿਹਾ ਪਰ 2012 ਦੌਰਾਨ ਉਸ ਦੀ ਟੀਮ ਨੂੰ ਸਪਾਂਸਰ ਕਰਨ ਵਾਲੇ ਪ੍ਰਬੰਧਕ ਉਸ ਨੂੰ ਨਸ਼ਾ ਕਰ ਕੇ ਅਤੇ ਟੀਕਾ ਲਾ ਕੇ ਖੇਡਣ ਲਈ ਮਜਬੂਰ ਕਰਨ ਲੱਗੇ। ਉਸ ਨੇ ਦੱਸਿਆ ਕਿ ਜਿੰਨੀ ਦੇਰ ਉਸ ਨੇ ਨਸ਼ੇ ਵਾਲਾ ਟੀਕਾ ਨਹੀਂ ਲਾਇਆ, ਓਨੀ ਦੇਰ ਉਸ ਨੂੰ ਖੇਡ ਕੇ ਆਪਣੀ ਕਾਬਲੀਅਤ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਕਿਉਂਕਿ ਖੇਡਾਂ ਕਰਵਾਉਣ ਵਾਲੇ ਪ੍ਰਬੰਧਕ ਹਰ ਹਾਲਤ ਵਿਚ ਮੈਚ ਜਿੱਤਣਾ ਚਾਹੁੰਦੇ ਸਨ। ਅਜਿਹੇ ਪ੍ਰਬੰਧਕਾਂ ਦਾ ਇਹ ਦਾਅਵਾ ਸੀ ਕਿ ਨਸ਼ੇ ਤੋਂ ਬਗੈਰ ਖਿਡਾਰੀ ਦੇ ਸਰੀਰ ਵਿਚ ਪੂਰੀ ਚੁਸਤੀ ਨਹੀਂ ਆਉਂਦੀ। ਉਸ ਨੂੰ ਮਜਬੂਰੀਵੱਸ ਟੀਕਾ ਲਵਾਉਣਾ ਪਿਆ ਅਤੇ ਟੀਕਾ ਲਵਾਉਣ ਤੋਂ ਬਾਅਦ ਉਸ ਦੇ ਸਰੀਰ 'ਚ ਇਕਦਮ ਬਹੁਤ ਜੋਸ਼ ਆ ਗਿਆ ਅਤੇ ਉਨ੍ਹਾਂ ਦੀ ਟੀਮ ਨੇ ਮੈਚ ਜਿੱਤ ਲਿਆ। ਉਸ ਤੋਂ ਬਾਅਦ ਟੀਕੇ ਲਾਉਣ ਦਾ ਅਜਿਹਾ ਦੌਰ ਸ਼ੁਰੂ ਹੋਇਆ ਕਿ ਹੁਣ ਤੱਕ ਪ੍ਰਾਈਵੇਟ ਕਲੱਬਾਂ ਵੱਲੋਂ ਕਰਵਾਏ ਜਾਂਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਬੱਡੀ ਮੁਕਾਬਲਿਆਂ 'ਚ ਉਹ ਟੀਕੇ ਲਾ ਕੇ ਅਤੇ ਹੋਰ ਨਸ਼ੇ ਕਰ ਕੇ ਖੇਡਣ ਲਈ ਮਜਬੂਰ ਹੁੰਦਾ ਗਿਆ, ਜਿਸ ਤਹਿਤ ਉਹ ਯੂ. ਕੇ., ਯੂ. ਐੱਸ. ਏ., ਕੈਨੇਡਾ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ 'ਚ ਪ੍ਰਾਈਵੇਟ ਕਲੱਬਾਂ ਤੇ ਸੰਸਥਾਵਾਂ ਵੱਲੋਂ ਕਰਵਾਏ ਮੈਚ ਖੇਡ ਚੁੱਕਾ ਹੈ। ਨਸ਼ੇ ਦੇ ਸਹਾਰੇ ਖੇਡ ਕੇ ਉਸ ਨੇ ਮੈਡਲ ਅਤੇ ਪੈਸੇ ਤਾਂ ਜਿੱਤ ਲਏ ਪਰ ਉਹ ਅਜਿਹੇ ਟੀਕੇ ਲਾਉਣ ਦੇ ਨਾਲ-ਨਾਲ ਹੈਰੋਇਨ ਪੀਣ ਦਾ ਵੀ ਆਦੀ ਹੋ ਗਿਆ।

ਪੈਸਿਆਂ ਦਾ ਲਾਲਚ ਦੇ ਕੇ ਕਰਵਾਇਆ ਜਾਂਦਾ ਹੈ ਨਸ਼ਾ
ਕਬੱਡੀ ਖਿਡਾਰੀ ਨੇ ਕਿਹਾ ਕਿ ਕਈ ਪ੍ਰਬੰਧਕ ਖਿਡਾਰੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਨਸ਼ਾ ਕਰਨ ਲਈ ਮਜਬੂਰ ਕਰਦੇ ਹਨ ਅਤੇ ਕਈ ਖਿਡਾਰੀ ਇਸ ਆਫਰ ਨੂੰ ਸਵੀਕਾਰ ਕਰ ਲੈਂਦੇ ਹਨ ਕਿਉਂਕਿ ਜਦੋਂ ਉਸ ਨੇ ਪਹਿਲੀ ਵਾਰ ਨਸ਼ੇ ਦਾ ਟੀਕਾ ਲਵਾਇਆ ਸੀ ਤਾਂ ਉਸ ਮੌਕੇ ਉਨ੍ਹਾਂ ਨੂੰ ਵੈਸੇ ਤਾਂ 16 ਹਜ਼ਾਰ ਪੌਂਡ ਮਿਲਣੇ ਸਨ ਪਰ ਜਦੋਂ ਟੀਮ ਜਿੱਤ ਗਈ ਤਾਂ ਉਨਾਂ ਨੂੰ 22 ਹਜ਼ਾਰ ਪੌਂਡ ਮਿਲੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਨੇ ਖੇਡਾਂ ਨੂੰ ਵਪਾਰ ਬਣਾ ਲਿਆ ਹੈ, ਜਿਨ੍ਹਾਂ ਵੱਲੋਂ ਆਪਣੀ ਟੀਮ ਨੂੰ ਜਿਤਾਉਣ 'ਤੇ ਪੈਸੇ ਕਮਾਉਣ ਲਈ ਹਰ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਾਰਣ ਖਿਡਾਰੀਆਂ ਨੂੰ ਨਸ਼ੇ ਕਰਵਾਏ ਜਾ ਰਹੇ ਹਨ।

ਬਾਕੀ ਦੀ ਜ਼ਿੰਦਗੀ ਬਚਾਉਣ ਲਈ ਨਸ਼ੇ ਛੱਡਣ ਦਾ ਲਿਆ ਸੰਕਲਪ
ਉਕਤ ਖਿਡਾਰੀ ਨੇ ਦੱਸਿਆ ਕਿ ਉਹ ਕੈਨੇਡਾ ਰਹਿੰਦਾ ਹੈ ਅਤੇ ਉਸ ਦੇ ਘਰ ਵਿਚ ਉਸ ਦੀ ਮਾਂ ਹੈ। ਹੁਣ ਉਸ ਦੀ ਮੰਗਣੀ ਵੀ ਹੋ ਗਈ ਹੈ ਜਿਸ ਕਾਰਣ ਉਸ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੋਰ ਵਧਣ ਵਾਲੀਆਂ ਹਨ ਪਰ ਹੈਰੋਇਨ ਪੀਣ ਦਾ ਆਦੀ ਹੋਣ ਕਾਰਣ ਉਸ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਕਾਰਣ ਉਸ ਨੇ ਨਸ਼ਾ ਛੱਡਣ ਦਾ ਮਨ ਬਣਾਇਆ ਹੈ।

ਕੀ ਕਹਿਣੈ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਦਾ?
ਨਸ਼ਾ ਛੁਡਾਊ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਰੋਮੇਸ਼ ਮਹਾਦਜ ਨੇ ਕਿਹਾ ਕਿ ਉਕਤ ਖਿਡਾਰੀ ਤਾਂ ਸਮੇਂ ਸਿਰ ਸੰਭਲ ਕੇ ਇਲਾਜ ਕਰਵਾ ਰਿਹਾ ਹੈ ਜਿਸ ਨੂੰ ਬਹੁਤ ਜਲਦੀ ਠੀਕ ਕਰ ਦਿੱਤਾ ਜਾਵੇਗਾ ਪਰ ਤ੍ਰਾਸਦੀ ਇਹ ਹੈ ਕਿ ਅਜੇ ਵੀ ਬਹੁਤ ਸਾਰੇ ਹੋਰ ਨੌਜਵਾਨ ਨਸ਼ੇ ਦੀ ਦਲਦਲ 'ਚ ਫਸੇ ਹੋਏ ਹਨ।

cherry

This news is Content Editor cherry