ਭਾਰਤੀ ਫੌਜ ਵਲੋਂ ਫੜੇ ਪਾਕਿ ਜਾਸੂਸ ਨੇ ਖੋਲ੍ਹੇ ਵੱਡੇ ਰਾਜ

09/20/2019 12:56:47 PM

ਗੁਰਦਾਸਪੁਰ (ਵਿਨੋਦ) : ਕੁਝ ਦਿਨ ਪਹਿਲਾਂ ਮਿਲਟਰੀ ਸਟੇਸ਼ਨ ਤਿੱਬੜੀ ਦੀ ਖੁਫੀਆ ਏਜੰਸੀ ਵਲੋਂ ਕਾਬੂ ਕੀਤੇ ਸ਼ੱਕੀ ਜਾਸੂਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ, ਜਿਸ ਤਹਿਤ ਸਭ ਤੋਂ ਮਹੱਤਵਪੂਰਨ ਗੱਲ ਇਹ ਸਾਹਮਣੇ ਆਈ ਹੈ ਕਿ 10 ਲੱਖ ਰੁਪਏ ਦੇ ਲਾਲਚ 'ਚ ਆ ਕੇ ਇਹ ਨੌਜਵਾਨ ਪਾਕਿਸਤਾਨ ਨੂੰ ਮਿਲਟਰੀ ਸਟੇਸ਼ਨ ਦੀਆਂ ਕਈ ਅਹਿਮ ਤਸਵੀਰਾਂ ਭੇਜ ਚੁੱਕਾ ਸੀ ਅਤੇ ਅਜੇ ਵੀ ਉਸ ਵਲੋਂ ਇਹ ਕੋਸ਼ਿਸ਼ ਜਾਰੀ ਸੀ, ਜਿਸ ਤਹਿਤ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
 

ਆਰਮੀ ਕੈਂਟ 'ਚ ਹੈਂਡਲੂਮ ਦੀ ਦੁਕਾਨ 'ਤੇ ਕਰਦਾ ਸੀ ਕੰਮ
ਉਕਤ ਨੌਜਵਾਨ ਕੋਲੋਂ ਪੁੱਛਗਿੱਛ ਦੇ ਬਾਅਦ ਆਰਮੀ ਨੇ ਇਸ ਨੂੰ ਤਿੱਬੜੀ ਪੁਰਾਣਾਸ਼ਾਲਾ ਪੁਲਸ ਦੇ ਹਵਾਲੇ ਕਰ ਦਿੱਤਾ ਹੈ। ਜਿਸ ਕੋਲੋਂ ਕੀਤੀ ਗਈ ਪੁੱਛਗਿੱਛ ਦੇ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੁਲਜ਼ਮ ਦੀ ਪਛਾਣ ਵਿਪਨ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਭੁੱਲੇ ਚੱਕ ਹਾਲ ਪੁਲ ਤਿੱਬੜੀ ਵਜੋਂ ਹੋਈ ਹੈ, ਜਿਸ ਦਾ ਪਿਤਾ ਸਾਬਕਾ ਫੌਜੀ ਹੈ। ਇਹ ਵਿਅਕਤੀ ਪਿਛਲੇ ਇਕ ਸਾਲ ਤੋਂ ਤਿਬੜੀ ਕੈਂਟ ਦੇ ਥਾਪਾ
ਸੁਵਿਧਾ ਸੈਂਟਰ ਵਿਚ ਹੈਂਡਲੂਮ ਦੀ ਦੁਕਾਨ 'ਤੇ 6000 ਰੁਪਏ ਮਹੀਨਾ ਦੀ ਨੌਕਰੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੈਂਟ ਅੰਦਰ ਜਾਣ ਲਈ ਇਸ ਦਾ ਐਂਟਰੀ ਪਾਸ ਬਣਿਆ ਹੋਇਆ ਸੀ, ਜਿਸ ਕਾਰਣ ਇਹ ਆਸਾਨੀ ਨਾਲ ਕੈਂਟ ਦੇ ਅੰਦਰ-ਬਾਹਰ ਆਉਂਦਾ-ਜਾਂਦਾ ਸੀ।

ਖੁਫੀਆ ਏਜੰਸੀਆਂ ਨੇ ਕੀਤਾ ਕਾਬੂ
ਐੱਸ. ਪੀ. ਸੰਧੂ ਨੇ ਦੱਸਿਆ ਕਿ ਖੁਫੀਆ ਏਜੰਸੀਆਂ ਨੂੰ ਇਸ ਨੌਜਵਾਨ ਦੀਆਂ ਸ਼ੱਕੀ ਗਤੀਵਿਧੀਆਂ ਦਾ ਪਤਾ ਲੱਗਣ 'ਤੇ ਆਰਮੀ ਅਧਿਕਾਰੀਆਂ ਨੇ ਜਦੋਂ ਇਸ ਦਾ ਮੋਬਾਇਲ ਫੋਨ ਚੈੱਕ ਕੀਤਾ ਤਾਂ ਉਸ ਵਿਚੋਂ ਪਾਕਿਸਤਾਨ ਦੇ ਦੋ ਨੰਬਰ ਮਿਲੇ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਇਨ੍ਹਾਂ ਨੰਬਰਾਂ ਰਾਹੀਂ ਇਹ ਪਾਕਿਸਤਾਨ 'ਚ ਬੈਠੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਸੀ।

ਫੋਟੋਆਂ ਭੇਜਣ ਬਦਲੇ ਲੈ ਚੁੱਕੈ 80 ਹਜ਼ਾਰ ਰੁਪਏ
ਐੱਸ. ਪੀ. ਸੰਧੂ ਨੇ ਦੱਸਿਆ ਕਿ ਇਸ ਦੋਸ਼ੀ ਕੋਲੋਂ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਪਾਕਿਸਤਾਨ ਦੇ ਇਕ ਨੰਬਰ ਤੋਂ ਉਸ ਦੇ ਮੋਬਾਇਲ ਨੰਬਰ 'ਤੇ ਫੋਨ ਆਇਆ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਂ ਨਜੀਰ ਅਹਿਮਦ ਦੱਸਿਆ ਸੀ ਅਤੇ ਕਿਹਾ ਸੀ ਕਿ ਉਸ ਨੂੰ ਤਿੱਬੜੀ ਕੈਂਟ ਦੀਆਂ ਵੱਖ-ਵੱਖ ਲੋਕੇਸ਼ਨਾਂ ਦੀਆਂ ਤਸਵੀਰਾਂ ਭੇਜੇਗਾ ਤਾਂ ਉਹ ਉਸ ਨੂੰ 10 ਲੱਖ ਰੁਪਏ ਦੇਵੇਗਾ। 10 ਲੱਖ ਰੁਪਏ ਦੇ ਲਾਲਚ 'ਚ ਆ ਕੇ ਉਸ ਨੇ ਆਪਣੇ ਮੋਬਾਇਲ ਫੋਨ 'ਤੇ ਮਿਲਟਰੀ ਕੈਂਟ ਦੀਆਂ ਕਈ ਮਹੱਤਵਪੂਰਨ ਜਗ੍ਹਾ ਦੀਆਂ ਤਸਵੀਰਾਂ ਖਿੱਚੀਆਂ ਅਤੇ ਵਟਸਐਪ ਰਾਹੀਂ ਪਾਕਿਸਤਾਨ ਦੇ ਨੰਬਰ 'ਤੇ ਭੇਜ ਦਿੱਤੀਆਂ। ਇਹ ਤਸਵੀਰਾਂ ਭੇਜਣ ਬਦਲੇ
ਉਸ ਨੂੰ ਪਾਕਿਸਤਾਨ ਦੇ ਹੀ ਵਟਸਐਪ ਨੰਬਰ ਤੋਂ ਕਾਲ ਕਰ ਕੇ ਕਿਸੇ ਨੇ ਵੱਖ-ਵੱਖ ਥਾਵਾਂ 'ਤੇ ਬੁਲਾ ਕੇ ਪਹਿਲੀ ਵਾਰ 10 ਹਜ਼ਾਰ ਰੁਪਏ ਦਿੱਤੇ। ਇਸੇ ਤਰ੍ਹਾਂ ਦੂਸਰੀ ਵਾਰ ਬੁਲਾ ਕੇ 20 ਹਜ਼ਾਰ ਰੁਪਏ ਅਤੇ ਤੀਜੀ ਵਾਰ 50,000 ਰੁਪਏ ਦਿੱਤੇ। ਉਨ੍ਹਾਂ ਦੱਸਿਆ ਕਿ ਪੈਸੇ ਦੇਣ ਵਾਲੇ ਵਿਅਕਤੀ ਨੇ ਆਪਣਾ ਨਾਂ ਮੁਹੰਮਦ ਦੱਸਿਆ ਸੀ, ਜਦੋਂ ਕਿ ਉਸ ਦਾ ਮੋਬਾਇਲ ਨੰਬਰ ਇਸ ਕੋਲ ਨਹੀਂ ਹੈ ਕਿਉਂਕਿ ਦੋਸ਼ੀ ਨੂੰ ਪਾਕਿਸਤਾਨ ਦੇ ਨੰਬਰ ਤੋਂ ਵਟਸਐਪ ਕਾਲ ਰਾਹੀਂ ਹੀ ਸਮਾਂ ਅਤੇ ਸਥਾਨ ਦੱਸਿਆ ਗਿਆ ਸੀ, ਜਿਥੇ ਆ ਕੇ ਕੋਈ ਵਿਅਕਤੀ ਇਸ ਨੂੰ ਪੈਸੇ ਦੇ ਕੇ ਜਾਂਦਾ ਸੀ।

ਫੋਰੈਂਸਿਕ ਲੈਬ 'ਚ ਹੋਵੇਗੀ ਮੋਬਾਇਲ ਦੀ ਜਾਂਚ
ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਦੇ ਮੋਬਾਇਲ ਫੋਨ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ, ਜਿਸ ਦੀ ਪੂਰੀ ਜਾਂਚ ਲਈ ਇਸ ਨੂੰ ਫੋਰੈਂਸਿਕ ਲੈਬਾਰਟਰੀ ਚੰਡੀਗੜ੍ਹ ਵਿਖੇ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਫੋਨ ਦੀ ਜਾਂਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਸਾਰੀਆਂ ਕਾਲਾਂ ਅਤੇ ਫੋਟੋਆਂ ਭੇਜਣ ਦਾ ਕੰਮ ਇਸੇ ਫੋਨ ਤੋਂ ਹੋਇਆ ਹੈ।

ਹੁਣ ਅੰਮ੍ਰਿਤਸਰ 'ਚ ਪੁੱਛਗਿੱਛ ਕਰਨਗੀਆਂ ਖੁਫੀਆ ਏਜੰਸੀਆਂ
ਸੰਧੂ ਨੇ ਦੱਸਿਆ ਕਿ ਦੋਸ਼ੀ ਖਿਲਾਫ ਆਫੀਸ਼ੀਅਲ ਸੀਕਰੇਟ ਐਕਟ, 66-ਐੱਫ ਆਈ. ਟੀ. ਐਕਟ 13, 17, 18, 20 ਅਨਲਾਅਫੁੱਲ ਐਕਟੀਵਿਟੀ ਐਕਟ 1967 121-ਏ, 123, 419, 120-ਬੀ ਤਹਿਤ ਥਾਣਾ ਪੁਰਾਣਾਸ਼ਾਲਾ ਵਿਚ ਦਰਜ ਕਰ ਲਿਆ ਗਿਆ ਹੈ। ਜਿਸਦੀ ਤਫਤੀਸ਼ ਡੀ. ਐੱਸ. ਪੀ. ਸਬ-ਡਵੀਜ਼ਨ ਦੀਨਾਨਗਰ ਮਹੇਸ਼ ਕੁਮਾਰ ਨੂੰ ਸੌਂਪੀ ਗਈ ਹੈ। ਦੋਸ਼ੀ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਹੈ, ਜਿਸ ਦਾ ਰਿਮਾਂਡ ਹਾਸਲ ਕਰ ਕੇ ਇਸ ਨੂੰ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਭੇਜਿਆ ਜਾਵੇਗਾ ਜਿੱਥੇ ਸਾਰੀਆਂ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਇਸ ਕੋਲੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

Baljeet Kaur

This news is Content Editor Baljeet Kaur