ਗੁਰਦਾਸਪੁਰ ਗੈਂਗਵਾਰ : ਵਿੱਕੀ ਗੌਂਡਰ ਬਾਰੇ ਹੋਇਆ ਵੱਡਾ ਖੁਲਾਸਾ, ਇਸ ਤਰ੍ਹਾਂ ਹੋਇਆ ਤਿਹਰਾ ਕਤਲ ਕਾਂਡ (ਤਸਵੀਰਾਂ)

04/24/2017 7:47:34 AM

ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ''ਚ ਵੀਰਵਾਰ ਨੂੰ ਹੋਈ ਗੈਂਗਵਾਰ ਵਿਚ ਵਿੱਕੀ ਗੌਂਡਰ ਤੇ ਉਸ ਦੇ ਸਾਥੀਆਂ ਹੱਥੋਂ ਮਾਰੇ ਗਏ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਨਿਵਾਸੀ ਮੁਸਤਫਾਬਾਦ ਜੱਟਾਂ ਵਿਰੁੱਧ ਗੁਰਦਾਸਪੁਰ ਇਲਾਕੇ ਦੇ ਸਾਰੇ ਜੁਰਮ ਪੇਸ਼ਾ ਨੌਜਵਾਨ ਪ੍ਰੇਸ਼ਾਨ ਹੋ ਚੁੱਕੇ ਸਨ ਅਤੇ ਇਨ੍ਹਾਂ ਸਾਰੇ ਨੌਜਵਾਨਾਂ ਨੇ ਸੁੱਖ ਭਿਖਾਰੀਵਾਲ ਨਾਲ ਮਿਲ ਕੇ ਵਿੱਕੀ ਗੌਂਡਰ ਗੈਂਗ ਦਾ ਹੱਥ ਫੜ ਰੱਖਿਆ ਸੀ।

ਕਿਉਂ ਸੀ ਸਾਰੇ ਜੁਰਮ-ਪੇਸ਼ਾ ਨੌਜਵਾਨ ਹਰਪ੍ਰੀਤ ਸਿੰਘ ਸੂਬੇਦਾਰ ਵਿਰੁੱਧ

ਜਾਣਕਾਰੀ ਅਨੁਸਾਰ ਸਾਲ 2015 ਵਿਚ ਹਰਪ੍ਰੀਤ ਸਿੰਘ ਉਰਫ਼ ਸੂਬੇਦਾਰ ਤੇ ਸਥਾਨਕ ਗੀਤਾ ਭਵਨ ਰੋਡ ''ਤੇ ਸੁੱਖ ਭਿਖਾਰੀਵਾਲ ਤੇ ਜਲੰਧਰ ਵਿਚ ਫੜੇ ਗਏ ਦਮਨਪ੍ਰੀਤ ਸਿੰਘ ਨਿਵਾਸੀ ਨਬੀਪੁਰ ਨੇ ਮਿਲ ਕੇ ਗੋਲੀਆਂ ਚਲਾਈਆਂ ਸਨ। ਬੇਸ਼ੱਕ ਹਰਪ੍ਰੀਤ ਸਿੰਘ ਸੂਬੇਦਾਰ ਨੇ ਉਸ ''ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਪਛਾਣ ਲਿਆ ਸੀ ਪਰ ਉਸ ਦੇ ਬਾਵਜੂਦ ਸੂਬੇਦਾਰ ਨੇ ਪੁਲਸ ਦੇ ਸਾਹਮਣੇ ਮੁਲਜ਼ਮਾਂ ਦੀ ਪਛਾਣ ਨਹੀਂ ਕੀਤੀ ਸੀ ਕਿਉਂਕਿ ਉਹ ਖੁਦ ਦੋਵਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ।
ਸੂਤਰਾਂ ਅਨੁਸਾਰ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਸੂਬੇਦਾਰ ਨੇ ਨਬੀਪੁਰ ਵਿਚ ਜਾ ਕੇ ਦਮਨਪ੍ਰੀਤ ਸਿੰਘ ਦੀ ਮਾਰਕੁੱਟ ਕੀਤੀ ਅਤੇ ਬਾਅਦ ਵਿਚ ਸੁੱਖ ਭਿਖਾਰੀਵਾਲ ਦੀ ਵੀ ਮਾਰਕੁੱਟ ਕੀਤੀ, ਜਿਸ ਕਾਰਨ ਇਹ ਸਾਰੇ ਹਰਪ੍ਰੀਤ ਸਿੰਘ ਸੂਬੇਦਾਰ ਤੋਂ ਖਫ਼ਾ ਹੋ ਚੁੱਕੇ ਸਨ ਅਤੇ ਕਿਸੇ ਵੱਡੇ ਗੈਂਗਸਟਰ ਦੀ ਭਾਲ ਵਿਚ ਸਨ। ਇਸ ਦੌਰਾਨ ਸੁੱਖ ਭਿਖਾਰੀਵਾਲ ਦੀ ਗੱਲਬਾਤ ਕਪੂਰਥਲਾ ਜੇਲ ਵਿਚ ਵਿੱਕੀ ਗੌਂਡਰ ਨਾਲ ਹੋ ਗਈ ਅਤੇ ਵਿੱਕੀ ਗੌਂਡਰ ਨੂੰ ਵੀ ਗੁਰਦਾਸਪੁਰ ਇਲਾਕੇ ਵਿਚ ਆਪਣੇ ਪੈਰ ਜਮਾਉਣ ਲਈ ਆਸਰਾ ਮਿਲ ਗਿਆ। ਉਦੋਂ ਤੋਂ ਹੀ ਇਹ ਨਬੀਪੁਰ ਦੇ ਰਹਿਣ ਵਾਲੇ ਨੌਜਵਾਨ ਤੇ
ਸੁੱਖ ਭਿਖਾਰੀਵਾਲ ਗੁੱਟ ਦੇ ਵਿੱਕੀ ਗੌਂਡਰ ਅਧੀਨ ਕੰਮ ਕਰਦੇ ਆ ਰਹੇ ਸਨ।

ਦੋ ਮਹੀਨੇ ਤੋਂ ਗੁਰਦਾਸਪੁਰ ''ਚ ਰਹਿ ਰਿਹਾ ਸੀ ਗੌਂਡਰ

ਵਿੱਕੀ ਗੌਂਡਰ ਸੂਬੇਦਾਰ ਨੂੰ ਮਾਰ ਕੇ ਜ਼ਿਲਾ ਗੁਰਦਾਸਪੁਰ ਵਿਚ ਆਪਣੀ ਬਾਦਸ਼ਾਹਤ ਸਥਾਪਤ ਕਰਨਾ ਚਾਹੁੰਦਾ ਸੀ। ਉਹ ਫਰਵਰੀ 2017 ਦੇ ਅੰਤ ਵਿਚ ਲਗਭਗ 2 ਮਹੀਨੇ ਜ਼ਿਲਾ ਗੁਰਦਾਸਪੁਰ ਵਿਚ ਰਹਿ ਰਿਹਾ ਸੀ ਅਤੇ ਕਈ ਲੋਕਾਂ ਨੇ ਉਸ ਨੂੰ ਜੀਪ ''ਤੇ ਘੁੰਮਦੇ ਹੋਏ ਵੀ ਵੇਖਿਆ ਸੀ।
ਵਿੱਕੀ ਗੌਂਡਰ ਦੇ ਗੁਰਦਾਸਪੁਰ ਆਉਣ ਸਬੰਧੀ ਪਹਿਲਾਂ ਤਾਂ ਕਿਹਾ ਜਾ ਰਿਹਾ ਸੀ ਕਿ ਉਹ ਗੈਂਗਵਾਰ ਕਰਨ ਤੋਂ ਇਕ ਦਿਨ ਪਹਿਲਾਂ ਹੀ ਜ਼ਿਲਾ ਗੁਰਦਾਸਪੁਰ ਵਿਚ ਆਇਆ ਸੀ। ਪਤਾ ਲੱਗਾ ਹੈ ਕਿ ਉਹ ਡੇਰਾ ਬਾਬਾ ਨਾਨਕ ਕਸਬੇ ਵਿਚ 2 ਮਾਰਚ ਨੂੰ ਹੋਣ ਵਾਲੇ ਚੋਲਾ ਸਾਹਿਬ ਮੇਲੇ ਤੋਂ ਪਹਿਲਾਂ ਹੀ ਜ਼ਿਲਾ ਗੁਰਦਾਸਪੁਰ ਵਿਚ ਆ ਗਿਆ ਸੀ ਅਤੇ ਸੁੱਖ ਭਿਖਾਰੀਵਾਲ ਸਮੇਤ ਹੋਰ ਕਈ ਸੰਪਰਕ ਸੂਤਰਾਂ ਦੇ ਕੋਲ ਰਿਹਾ। ਉਹ ਸੂਬੇਦਾਰ ਦੇ ਦੁਸ਼ਮਣ ਲੜਕਿਆਂ ਕੋਲ ਸ਼ਰਨ ਲੈਂਦਾ ਸੀ ਅਤੇ ਸੂਬੇਦਾਰ ਸਬੰਧੀ ਹਰ ਸੂਚਨਾ ਪ੍ਰਾਪਤ ਕਰਦਾ ਰਹਿੰਦਾ ਸੀ। ਲੰਬੇ ਸਮੇਂ ਤੋਂ ਸੂਬੇਦਾਰ ਨੂੰ ਮਾਰਨ ਲਈ ਉਨ੍ਹਾਂ ਨੇ 20 ਅਪ੍ਰੈਲ ਦਾ ਦਿਨ ਇਸ ਲਈ ਚੁਣਿਆ ਸੀ ਕਿਉਂਕਿ ਉਸ ਦਿਨ ਉਨ੍ਹਾਂ ਨੂੰ ਪਤਾ ਸੀ ਕਿ ਸੂਬੇਦਾਰ ਤੇ ਭੱਟੀ ਅਦਾਲਤ ਵਿਚ ਪੇਸ਼ ਜ਼ਰੂਰ ਹੋਣਗੇ। ਬਹੁਤ ਹੀ ਯੋਜਨਾਬੱਧ ਢੰਗ ਨਾਲ ਉਹ ਸੂਬੇਦਾਰ ਅਤੇ ਸੂਬੇਦਾਰ ਦੇ ਦੋ ਸਾਥੀਆਂ ਨੂੰ ਮਾਰਨ ਵਿਚ ਸਫ਼ਲ ਹੋਏ।

ਹਰਪ੍ਰੀਤ ਸਿੰਘ ਸੂਬੇਦਾਰ ਰਾਜਨੀਤਿਕ ਸ਼ਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਵਿਚ ਸੀ
ਹਰਪ੍ਰੀਤ ਸਿੰਘ ਸੂਬੇਦਾਰ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਰਾਜਨੀਤਿਕ ਨੇਤਾ ਦੀ ਸ਼ਰਨ ਵਿਚ ਸੀ ਅਤੇ ਸਰਗਰਮ ਰਾਜਨੀਤੀ ਕਰਦਾ ਸੀ। ਉਸ ਦੇ ਗੈਂਗ ਦੇ ਸਾਰੇ ਨੌਜਵਾਨ ਉਸ ਦੇ ਇਸ਼ਾਰੇ ''ਤੇ ਚਲਦੇ ਸਨ ਅਤੇ ਉਹ ਬੀਤੇ 10-11 ਸਾਲਾਂ ਤੋਂ ਕਿਸੇ ਨਾ ਕਿਸੇ ਵੱਡੇ ਨੇਤਾ ਦੀ ਸ਼ਰਨ ''ਚ ਰਹਿੰਦਾ ਸੀ। ਵਿਧਾਨ ਸਭਾ ਚੋਣਾਂ ਵਿਚ ਵੀ ਉਸ ਨੇ ਸਰਗਰਮ ਭੂਮਿਕਾ ਨਿਭਾਈ ਸੀ ਅਤੇ ਇਕ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਲਈ ਦਿਨ ਰਾਤ ਕੰਮ ਕੀਤਾ ਸੀ। ਸੂਬੇਦਾਰ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ, ਇਕ ਲੜਕੀ ਨੂੰ ਅਗਵਾ ਕਰਨ, ਬਲਾਤਕਾਰ ਕਰਨ, ਲੜਕੀ ਦਾ ਅਸ਼ਲੀਲ ਵੀਡੀਓ ਬਣਾਉਣ ਸਮੇਤ ਲੜਾਈ ਝਗੜੇ ਦੇ ਕਈ ਕੇਸ ਦਰਜ ਸਨ। ਉਸ ਦੇ ਨਾਲ ਇਸ ਗੈਂਗਵਾਰ ਵਿਚ ਜ਼ਖ਼ਮੀ ਹੋਏ ਪ੍ਰਿੰਸ ਨਿਵਾਸੀ ਝਾਵਰ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਜੁੜੇ ਹੋਏ ਸਨ।

ਜਲੰਧਰ ਵਿਚ ਫੜੇ ਗਏ ਗੌਂਡਰ ਦੇ ਸਾਥੀਆਂ ਕਾਰਨ ਗੁਰਦਾਸਪੁਰ ''ਚ ਦਹਿਸ਼ਤ
ਜਲੰਧਰ ਵਿਚ ਬੀਤੇ ਦਿਨ ਫੜੇ ਗਏ ਵਿੱਕੀ ਗੌਂਡਰ ਗੈਂਗ ਦੇ ਚਾਰ ਨੌਜਵਾਨਾਂ ਦਾ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਨਬੀਪੁਰ ਅਤੇ ਸਿੱਧਵਾਂ ਜਮੀਤਾ ਦੇ ਨਿਵਾਸੀ ਹੋਣ ਤੋਂ ਇਹ ਸਿੱਧ ਹੋ ਗਿਆ ਹੈ ਕਿ ਵਿੱਕੀ ਗੌਂਡਰ ਦਾ ਜ਼ਿਲਾ ਗੁਰਦਾਸਪੁਰ ਵਿਚ ਕਾਫੀ ਪ੍ਰਭਾਵ ਬਣ ਚੁੱਕਾ ਸੀ ਅਤੇ ਉਹ ਆਪਣੀ ਪੈਠ ਇਸ ਜ਼ਿਲੇ ਵਿਚ ਬਣਾ ਚੁੱਕਾ ਸੀ। ਉਸ ਦੇ ਵੱਡੀ ਗਿਣਤੀ ਵਿਚ ਸਾਥੀ ਅਜੇ ਵੀ ਪੁਲਸ ਦੀ ਗ੍ਰਿਫਤ ਤੋਂ ਦੂਰ ਹਨ। ਨਬੀਪੁਰ ਤਾਂ ਇਸ ਸਮੇਂ ਗੁਰਦਾਸਪੁਰ ਨਗਰ ਪਾਲਿਕਾ ਦਾ ਹਿੱਸਾ ਹੈ ਅਤੇ ਉਹ ਹੁਣ ਪਿੰਡ ਨਹੀਂ, ਬਲਕਿ ਇਕ ਵਾਰਡ ਹੈ, ਜਿਸ ਕਰ ਕੇ ਗੁਰਦਾਸਪੁਰ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Gurminder Singh

This news is Content Editor Gurminder Singh