ਖੇਤੀਬਾੜੀ ਵਿਭਾਗ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਹਵਾਲੇ ਨਾਲ ਕਿਸਾਨਾਂ ਨੂੰ ਕਰ ਰਿਹੈ ਅਪੀਲਾਂ

10/29/2019 2:45:42 PM

ਗੁਰਦਾਸਪੁਰ (ਹਰਮਨਪ੍ਰੀਤ) : ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਇਸ ਸਾਲ ਪੰਜਾਬ ਦਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਹਰ ਹੀਲਾ ਅਪਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਵਿਭਾਗ ਵਲੋਂ ਕਿਸਾਨਾਂ ਨੂੰ ਸਬਸਿਡੀ 'ਤੇ ਸੰਦ ਮੁਹੱਈਆ ਕਰਵਾਉਣ ਅਤੇ ਅੱਗ ਦੇ ਨੁਕਸਾਨਾਂ ਤੋਂ ਸੁਚੇਤ ਕਰਨ ਦੇ ਕੀਤੇ ਜਾ ਰਹੇ ਯਤਨਾਂ ਦੇ ਨਾਲ-ਨਾਲ ਕਿਸਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਵੱਲੋਂ ਕੁਦਰਤ ਨੂੰ ਪਿਆਰ ਕਰਨ ਸਬੰਧੀ ਦਿੱਤੀਆਂ ਗਈਆਂ ਸਿੱਖਿਆਵਾਂ ਦਾ ਹਵਾਲਾ ਦੇ ਕੇ ਪਰਾਲੀ ਨੂੰ ਅੱਗ ਨਾ ਲਾਉਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ। ਖਾਸ ਤੌਰ 'ਤੇ ਕਪੂਰਥਲਾ ਅਤੇ ਗੁਰਦਾਸਪੁਰ ਸਮੇਤ ਜਿਹੜੇ ਜ਼ਿਲਿਆਂ ਵਿਚ ਗੁਰੂ ਸਾਹਿਬ ਦੀਆਂ ਪਵਿੱਤਰ ਯਾਦਾਂ ਜੁੜੀਆਂ ਹੋਣ ਕਾਰਣ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਸੰਗਤ ਦੀ ਆਮਦ ਹੋਣੀ ਹੈ, ਉਨ੍ਹਾਂ ਜ਼ਿਲਿਆਂ ਦੇ ਖੇਤੀਬਾੜੀ ਅਧਿਕਾਰੀ ਕਿਸਾਨਾਂ ਨਾਲ ਰਾਬਤਾ ਬਣਾ ਕੇ ਇਹ ਅਪੀਲ ਕਰ ਰਹੇ ਹਨ ਕਿ ਕਿਸਾਨ ਆਪਣੇ ਗੁਰੂ ਸਾਹਿਬ ਵੱਲੋਂ ਦਿਖਾਏ ਮਾਰਗ 'ਤੇ ਚੱਲਦਿਆਂ ਕਿਸੇ ਵੀ ਹਾਲਤ ਵਿਚ ਪਰਾਲੀ ਨੂੰ ਅੱਗ ਨਾ ਲਾਉਣ। ਇਸ ਦੇ ਨਾਲ ਹੀ ਅਧਿਕਾਰੀ ਇਸ ਗੱਲ ਦਾ ਪ੍ਰਚਾਰ ਕਰਨ ਲਈ ਵੀ ਹਰ ਕੋਸ਼ਿਸ਼ ਕਰ ਰਹੇ ਹਨ ਕਿ ਪਿਛਲੇ ਸਾਲ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਏ ਬਿਨਾਂ ਝੋਨੇ ਦੀ ਕਾਸ਼ਤ ਕੀਤੀ ਸੀ, ਉਨ੍ਹਾਂ ਦਾ ਖੇਤੀ ਖਰਚਾ ਵੀ ਘਟਿਆ ਅਤੇ ਪੈਦਾਵਾਰ ਵੀ ਵਧੀਆ ਨਿਕਲੀ ਹੈ।

ਪਿਛਲੇ ਸਾਲ ਦੀ ਸਥਿਤੀ
ਜੇਕਰ ਹਾੜ੍ਹੀ ਦੇ ਪਿਛਲੇ ਸੀਜ਼ਨ ਵਿਚ ਕਣਕ ਦੀ ਬੀਜਾਈ ਸਬੰਧੀ ਅੰਕੜਿਆਂ 'ਤੇ ਝਾਤ ਮਾਰੀ ਜਾਵੇ ਤਾਂ ਉਸ ਮੌਕੇ ਕਰੀਬ 40 ਫੀਸਦੀ ਕਿਸਾਨਾਂ ਨੇ ਖੇਤਾਂ ਵਿਚ ਅੱਗ ਨਾ ਲਾ ਕੇ ਹੈਪੀ ਸੀਡਰ ਨਾਲ ਕਣਕ ਦੀ ਬੀਜਾਈ ਕੀਤੀ ਸੀ ਅਤੇ ਫਸਲ ਪੱਕਣ 'ਤੇ ਇਨ੍ਹਾਂ ਕਿਸਾਨਾਂ ਨੇ ਜਨਤਕ ਤੌਰ 'ਤੇ ਸਪੱਸ਼ਟ ਕੀਤਾ ਸੀ ਕਿ ਅੱਗ ਨਾ ਲਾਏ ਜਾਣ ਦੇ ਬਾਵਜੂਦ ਉਨ੍ਹਾਂ ਦੇ ਖੇਤਾਂ ਵਿਚ ਕਣਕ ਦੀ ਪੈਦਾਵਾਰ ਵਧੀਆ ਸੀ। ਇਨ੍ਹਾਂ ਖੇਤਾਂ ਵਿਚ ਮੁੜ ਅੱਗ ਲਾਏ ਬਿਨਾਂ ਝੋਨੇ ਦੀ ਕੀਤੀ ਗਈ ਕਾਸ਼ਤ ਵੀ ਸਫਲ ਦੱਸੀ ਜਾ ਰਹੀ ਹੈ ਅਤੇ ਕਿਸਾਨ ਇਹ ਦਾਅਵੇ ਕਰ ਰਹੇ ਹਨ ਕਿ ਝੋਨੇ ਦਾ ਝਾੜ ਵੀ ਵਧੀਆ ਨਿਕਲ ਰਿਹਾ ਹੈ।

ਜਾਗਰੂਕਤਾ ਲਈ ਤਾਇਨਾਤ ਕੀਤੇ ਹਜ਼ਾਰਾਂ ਅਧਿਕਾਰੀ
ਅੱਗ ਦੇ ਰੁਝਾਨ ਨੂੰ ਰੋਕਣ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਹੈਪੀ ਸੀਡਰ, ਰੋਟਾਵੇਟਰ, ਸੁਪਰ ਐੱਸ. ਐੱਮ. ਐੱਸ. ਸਮੇਤ ਹੋਰ ਵੱਖ-ਵੱਖ ਤਰ੍ਹਾਂ ਦੇ ਸੰਦ ਸਬਸਿਡੀ 'ਤੇ ਦਿੱਤੇ ਜਾ ਰਹੇ ਹਨ, ਜਿਸ ਤਹਿਤ ਪਿਛਲੇ ਸਾਲ 27 ਹਜ਼ਾਰ ਤੋਂ ਜ਼ਿਆਦਾ ਸੰਦ ਦਿੱਤੇ ਗਏ ਸਨ ਅਤੇ ਇਸ ਸਾਲ ਵੀ ਇਹ ਪ੍ਰਕਿਰਿਆ ਜਾਰੀ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡਾਂ ਅੰਦਰ 8000 ਦੇ ਕਰੀਬ ਨੋਡਲ ਅਫਸਰ ਤਾਇਨਾਤ ਕਰਦਿਆਂ ਸਰਕਾਰ ਨੇ ਪੰਚਾਇਤ ਸਕੱਤਰ, ਸਹਿਕਾਰੀ ਸੋਸਾਇਟੀਆਂ ਦੇ ਸਕੱਤਰ, ਜੂਨੀਅਰ ਇੰਜੀਨੀਅਰ, ਲਾਈਨਮੈਨਾਂ ਸਮੇਤ ਖੇਤੀਬਾੜੀ, ਬਾਗਬਾਨੀ ਵਿਭਾਗ ਦੇ ਅਧਿਕਾਰੀ, ਕਰਮਾਚਾਰੀ ਤਾਇਨਾਤ ਕੀਤੇ ਹਨ।

ਕਦੋਂ ਕਿੰਨੇ ਕਿਸਾਨਾਂ ਨੇ ਲਾਈ ਅੱਗ
ਪੰਜਾਬ ਅੰਦਰ ਸਾਲ 2016-17 ਦੌਰਾਨ 21 ਲੱਖ 39 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਨੇ ਅੱਗ ਲਾਈ ਸੀ, ਜਦੋਂਕਿ ਸਾਲ 2017-18 'ਚ ਝੋਨੇ ਹੇਠਲੇ ਕੁੱਲ 30 ਲੱਖ 60 ਹਜ਼ਾਰ ਹੈਕਟੇਅਰ ਰਕਬੇ ਵਿਚੋਂ 19 ਲੱਖ 77 ਹਜ਼ਾਰ ਹੈਕਟੇਅਰ ਰਕਬੇ ਵਿਚ ਕਿਸਾਨਾਂ ਨੇ ਅੱਗ ਲਾ ਕੇ ਪਰਾਲੀ ਦਾ ਨਿਪਟਾਰਾ ਕੀਤਾ ਸੀ। ਸਾਲ 2018 ਦੌਰਾਨ ਕਿਸਾਨਾਂ ਨੇ ਪੰਜਾਬ ਅੰਦਰ ਝੋਨੇ ਹੇਠਲੇ 30 ਲੱਖ 42 ਹਜ਼ਾਰ ਹੈਕਟੇਅਰ ਰਕਬੇ ਵਿਚੋਂ 17 ਲੱਖ 80 ਹਜ਼ਾਰ ਹੈਕਟੇਅਰ ਰਕਬੇ 'ਚ ਅੱਗ ਲਾਈ ਸੀ। ਇਸ ਸਾਲ ਭਾਵੇਂ ਕਈ ਕਿਸਾਨਾਂ ਵੱਲੋਂ ਅੱਗ ਲਾਈ ਜਾ ਰਹੀ ਹੈ ਪਰ ਤਸੱਲੀ ਵਾਲੀ ਗੱਲ ਇਹ ਹੈ ਕਿ ਬਹੁਤ ਸਾਰੇ ਕਿਸਾਨ ਹੁਣ ਕਿਸੇ ਪ੍ਰਭਾਵ ਜਾਂ ਡਰ ਕਾਰਣ ਅੱਗ ਲਾਉਣ ਤੋਂ ਗੁਰੇਜ਼ ਕਰਨ ਦੀ ਬਜਾਏ ਖੁਦ ਇਸ ਗੱਲ ਨੂੰ ਸਮਝ ਚੁੱਕੇ ਹਨ ਕਿ ਅੱਗ ਲਾਉਣ ਨਾਲ ਵਾਤਾਵਰਣ ਅਤੇ ਖੇਤਾਂ ਦਾ ਵੱਡਾ ਨੁਕਸਾਨ ਹੁੰਦਾ ਹੈ।

ਕਿਸਾਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ : ਡਾ. ਹਰਤਰਨਪਾਲ ਸਿੰਘ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਤਰਨਪਾਲ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਵਾ ਅਤੇ ਪਾਣੀ ਨੂੰ ਬਹੁਤ ਮਹਾਨ ਦਰਜਾ ਦਿੱਤਾ ਸੀ ਅਤੇ ਕੁਦਰਤ ਨੂੰ ਸੰਭਾਲਣ ਅਤੇ ਬਚਾਉਣ ਦੀ ਸਿੱਖਿਆ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਦਿਨੋ-ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਜਿਥੇ ਹੋਰ ਵਰਗਾਂ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ, ਉਥੇ ਕਿਸਾਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਹ ਖੇਤਾਂ ਵਿਚ ਅੱਗ ਲਾ ਕੇ ਮਿੱਟੀ, ਪਾਣੀ ਅਤੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਟੀਮਾਂ ਹਰੇਕ ਪਿੰਡਾਂ ਵਿਚ ਪਹੁੰਚ ਕਰ ਕੇ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ, ਜਿਸ ਤਹਿਤ ਹੁਣ ਤੱਕ ਪਿੰਡਾਂ ਅੰਦਰ ਸੈਂਕੜੇ ਕੈਂਪ ਲਾਏ ਜਾ ਚੁੱਕੇ ਹਨ।

Baljeet Kaur

This news is Content Editor Baljeet Kaur