ਗੁਰਦਾਸਪੁਰ ਉਪ ਚੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਝਟਕਾ, ਸੂਬੇ ''ਚ ਨਹੀਂ ਬਣੇਗੀ ਕੋਈ ਸੜਕ

09/24/2017 7:14:22 AM

ਜਲੰਧਰ (ਰਵਿੰਦਰ ਸ਼ਰਮਾ) - ਆਰਥਿਕ ਤੰਗੀ ਨਾਲ ਜੂਝ ਰਹੀ ਪੰਜਾਬ ਸਰਕਾਰ ਨੂੰ ਗੁਰਦਾਸਪੁਰ ਉਪ ਚੋਣ ਤੋਂ ਪਹਿਲਾਂ ਇਕ ਹੋਰ ਝਟਕਾ ਲੱਗਾ ਹੈ। ਹੁਣ ਸੂਬੇ ਵਿਚ ਕੋਈ ਨਵੀਂ ਸੜਕ ਨਹੀਂ ਬਣ ਸਕੇਗੀ ਤੇ ਵਿਕਾਸ ਦੀ ਗਤੀ ਰੁਕ ਸਕਦੀ ਹੈ। ਇਸਦਾ ਬੁਰਾ ਅਸਰ ਗੁਰਦਾਸਪੁਰ ਉਪ ਚੋਣ 'ਤੇ ਵੀ ਪੈ ਸਕਦਾ ਹੈ। ਅਜਿਹਾ ਇਸ ਲਈ ਹੋਇਆ ਕਿਉਂਕਿ ਸੂਬੇ ਦੇ ਹਾਟ ਮਿਕਸ ਪਲਾਂਟ ਸੰਚਾਲਕਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਸਰਕਾਰ ਨੇ ਉਨ੍ਹਾਂ ਦੀ 1100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਨਹੀਂ ਕੀਤੀ। ਇਸ ਲਈ ਹੁਣ ਸੰਚਾਲਕਾਂ ਨੇ ਰਕਮ ਜਾਰੀ ਨਾ ਹੋਣ ਤੱਕ ਸੜਕਾਂ ਨਾ ਬਣਾਉਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸੱਤਾ 'ਚ ਆਉਣ ਤੋਂ ਬਾਅਦ ਕੈਪਟਨ ਸਰਕਾਰ ਲਈ ਸਭ ਕੁਝ ਵਧੀਆ ਨਹੀਂ ਚੱਲ ਰਿਹਾ। ਅਜੇ ਤੱਕ ਗੰਭੀਰਤਾ ਨਾਲ ਕਿਸੇ ਵੀ ਵਾਅਦੇ ਨੂੰ ਸਰਕਾਰ ਪੂਰਾ ਨਹੀਂ ਕਰ ਸਕੀ ਤੇ ਰਹਿੰਦੀ-ਖੂੰਹਦੀ ਕਸਰ ਜੀ. ਐੱਸ. ਟੀ. ਨੇ ਪੂਰੀ ਕਰ ਦਿੱਤੀ ਹੈ। ਕੇਂਦਰ ਸਰਕਾਰ ਕੋਲੋਂ ਵੀ ਜੀ. ਐੱਸ. ਟੀ. ਦਾ ਬਕਾਇਆ ਸੂਬੇ ਨੂੰ ਨਹੀਂ ਮਿਲ ਰਿਹਾ, ਜਿਸ ਕਾਰਨ ਇਸ ਮਹੀਨੇ ਤਾਂ ਸਰਕਾਰ ਲਈ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣਾ ਤੱਕ ਮੁਸ਼ਕਿਲ ਹੋ ਗਿਆ ਸੀ। ਉਪਰੋਂ ਹੁਣ ਸਰਕਾਰ ਨੇ ਆਪਣੀ ਸਾਰੀ ਮਸ਼ੀਨਰੀ ਗੁਰਦਾਸਪੁਰ ਵਿਚ ਲਾ ਦਿੱਤੀ ਹੈ। ਅਜਿਹੇ ਵਿਚ ਹਾਟ ਮਿਕਸ ਪਲਾਂਟ ਸੰਚਾਲਕਾਂ ਦੀ ਇਹ ਧਮਕੀ ਸਰਕਾਰ ਲਈ ਭਾਰੂ ਪੈਣ ਜਾ ਰਹੀ ਹੈ।
ਹਾਟ ਮਿਕਸ ਪਲਾਂਟ ਸੰਚਾਲਕ ਇਸ ਸੰਬੰਧੀ ਕੁਝ ਦਿਨ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਵੀ ਮਿਲੇ ਸਨ। ਅਰੁਣ ਜੇਤਲੀ ਨੇ ਸਾਫ ਕਿਹਾ ਸੀ ਕਿ ਕੇਂਦਰ ਸਰਕਾਰ ਆਪਣੇ ਪੱਧਰ 'ਤੇ 1100 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ ਤੇ ਹੁਣ ਗੇਂਦ ਸੂਬਾ ਸਰਕਾਰ ਦੇ ਪਾਲੇ ਵਿਚ ਹੈ। ਕੇਂਦਰ ਸਰਕਾਰ ਦੇ ਬਿਆਨ ਤੋਂ ਬਾਅਦ ਸੰਚਾਲਕਾਂ ਵਿਚ ਰੋਸ ਹੋਰ ਵਧ ਗਿਆ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਦੱਸੇ ਕਿ ਉਨ੍ਹਾਂ ਦਾ ਆਇਆ ਪੈਸਾ ਕਿਸ ਜਗ੍ਹਾ ਖਰਚ ਕੀਤਾ ਗਿਆ।