ਗੁਰਦਾਸਪੁਰ ਜ਼ਿਮਨੀ ਚੋਣਾਂ : ਹਿੰਦੂ ਵੋਟਰ ਵੰਡਿਆ, ਸਿੱਖ ਵੋਟਰ ਕਾਰਡ ''ਤੇ ਹੋਵੇਗੀ ਰੱਜ ਕੇ ਸਿਆਸਤ

09/27/2017 11:16:11 AM

ਗੁਰਦਾਸਪੁਰ (ਵਿਨੋਦ)-ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਪ ਚੋਣ ਦਾ ਕਈ ਦਿਨਾਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਇਸ ਚੋਣ ਲਈ ਮੁੱਖ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਆਪਣੇ-ਆਪਣੇ ਉਮੀਦਵਾਰ ਐਲਾਨ ਕਰਨ ਸੰਬੰਧੀ ਇਕ-ਦੂਜੇ ਦਲ ਵੱਲ ਵੇਖਿਆ ਜਾ ਰਿਹਾ ਸੀ ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਇਸ ਚੋਣ ਨੂੰ ਜਿੱਤਣ ਵਾਲਾ ਉਮੀਦਵਾਰ ਮਾਤਰ 18 ਮਹੀਨੇ ਲਈ ਸੰਸਦ ਚੁਣਿਆ ਜਾਣਾ ਹੈ। ਇਸ ਲਈ ਮੁੱਖ ਰਾਜਨੀਤਿਕ ਦਲ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਕਾਫੀ ਕਸ਼ਮਕਸ਼ ਵਿਚ ਰਹੇ। 
ਪਹਿਲੀ ਵਾਰ ਤਿੰਨੇ ਪ੍ਰਮੁੱਖ ਰਾਜਨੀਤਿਕ ਦਲ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਹਿੰਦੂ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਜਿਥੋਂ ਤੱਕ ਭਾਜਪਾ ਦਾ ਸੰਬੰਧ ਹੈ, ਉਹ ਤਾਂ ਸ਼ੁਰੂ ਤੋਂ ਹੀ ਹਿੰਦੂ ਉਮੀਦਵਾਰ ਨੂੰ ਹੀ ਲੋਕ ਸਭਾ ਚੋਣ ਵਿਚ ਉਤਾਰਦੀ ਰਹੀ ਹੈ ਪਰ ਕਾਂਗਰਸ ਪਾਰਟੀ ਨੇ ਲਗਭਗ 40 ਸਾਲ ਬਾਅਦ ਮਹਿਸੂਸ ਕੀਤਾ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹਿੰਦੂ ਉਮੀਦਵਾਰ ਹੀ ਮੁਕਾਬਲਾ ਕਰ ਸਕਦਾ ਹੈ ਅਤੇ ਇਹੀ ਕਾਰਨ ਹੈ ਕਿ ਕਾਂਗਰਸ ਨੇ ਇਸ ਵਾਰ ਸੁਨੀਲ ਜਾਖੜ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਜਦਕਿ 'ਆਪ' ਨੇ ਵੀ ਟਿਕਟ ਦੇ ਚਾਹਵਾਨ ਸਿੱਖ ਉਮੀਦਵਾਰ ਦੀ ਬਜਾਏ ਹਿੰਦੂ ਉਮੀਦਵਾਰ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਜਦਕਿ ਭਾਜਪਾ ਨੇ ਸਵਰਨ ਸਲਾਰੀਆ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। 
ਇਸ ਲੋਕ ਸਭਾ ਹਲਕੇ ਲਈ ਸਾਲ 1952 ਤੋਂ ਲੈ ਕੇ 2014 ਤੱਕ 16 ਲੋਕ ਸਭਾ ਚੋਣ ਹੋਏ ਹਨ। ਇਨ੍ਹਾਂ 16 ਚੋਣਾਂ 'ਚ 11 ਵਾਰ ਕਾਂਗਰਸ, 1 ਵਾਰ ਜਨਤਾ ਪਾਰਟੀ ਤੇ 4 ਵਾਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਹਨ। ਜਦਕਿ ਸਭ ਤੋਂ ਜ਼ਿਆਦਾ ਰਿਕਾਰਡ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਹੈ। ਜਿਨ੍ਹਾਂ ਨੇ 5 ਵਾਰ ਇਸ ਹਲਕੇ ਦੀ ਅਗਵਾਈ ਕੀਤੀ ਸੀ।

ਤਿੰਨੋਂ ਦਲ ਸਮਝਦੇ ਹਨ ਹਿੰਦੂ ਵੋਟਰਾਂ ਦਾ ਮਹੱਤਵ
ਤਿੰਨੇ ਪ੍ਰਮੁੱਖ ਰਾਜਨੀਤਿਕ ਦਲਾਂ ਨੇ ਹਿੰਦੂ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਹਨ, ਕਿਉਂਕਿ ਬੀਤੇ 2 ਚੋਣਾਂ ਦੇ ਨਤੀਜੇ, ਇਸ ਹੋ ਰਹੇ ਚੋਣ ਦੇ ਵਿਸ਼ਲੇਸ਼ਣ ਲਈ ਬਹੁਤ ਮਹੱਤਵ ਰੱਖਦੇ ਹਨ। ਸਾਲ 2009 ਵਿਚ ਹੋਏ ਲੋਕ ਸਭਾ ਚੋਣ 'ਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਭਾਜਪਾ ਦੇ ਵਿਨੋਦ ਖੰਨਾ ਨੂੰ ਮਾਤਰ 8342 ਵੋਟਾਂ ਦੇ ਫਰਕ ਨਾਲ ਹਰਾਇਆ ਸੀ, ਜਦਕਿ ਸਾਲ 2014 ਦੇ ਲੋਕ ਸਭਾ ਚੋਣ 'ਚ ਵਿਨੋਦ ਖੰਨਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ 136065 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਹੀ ਕਾਰਨ ਹੈ ਕਿ ਤਿੰਨੇ ਰਾਜਨੀਤਿਕ ਦਲਾਂ ਨੂੰ ਹਿੰਦੂ ਵੋਟਰਾਂ ਦਾ ਮਹੱਤਵ ਸਮਝ ਵਿਚ ਆ ਗਿਆ ਹੈ। 
ਪਠਾਨਕੋਟ, ਭੋਆ, ਸੁਜਾਨਪੁਰ, ਦੀਨਾਨਗਰ ਹਿੰਦੂ ਵੋਟਰਾਂ ਵਾਲੇ ਵਿਧਾਨ ਸਭਾ ਹਲਕੇ, ਜਦਕਿ ਗੁਰਦਾਸਪੁਰ ਵਿਧਾਨ ਸਭਾ ਹਲਕਿਆਂ ਲਈ ਇਹ ਫੀਸਦੀ ਲਗਭਗ ਬਰਾਬਰ ਹੈ ਪਰ ਬਟਾਲਾ, ਕਾਦੀਆਂ, ਫਤਿਹਗੜ੍ਹ ਚੂੜੀਆਂ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਿਆਂ 'ਚ ਸਿੱਖ ਵੋਟਰ ਜ਼ਿਆਦਾ ਹੈ, ਜੋ ਇਹ ਸਪੱਸ਼ਟ ਕਰਦਾ ਹੈ ਕਿ ਜੇਕਰ 9 ਵਿਧਾਨ ਸਭਾ ਹਲਕਿਆਂ ਦਾ ਗਣਿਤ ਤਿਆਰ ਕੀਤਾ ਜਾਵੇ ਤਾਂ ਸਾਰੇ ਲੋਕ ਸਭਾ ਹਲਕੇ 'ਚ ਹਿੰਦੂ ਅਤੇ ਸਿੱਖ ਲਗਭਗ ਬਰਾਬਰ ਹਨ।  ਉੱਤਰ ਪ੍ਰਦੇਸ਼ ਸੂਬੇ 'ਚ ਭਾਜਪਾ ਨੇ ਸਿੱਖ ਉਮੀਦਵਾਰ ਹਿੰਦੂ ਭਾਈਚਾਰੇ ਨਾਲ ਖੜ੍ਹੇ ਕਰ ਕੇ ਜੂਆ ਖੇਡਿਆ ਸੀ ਅਤੇ ਇਕ ਵੀ ਮੁਸਲਮਾਨ ਨੂੰ ਉਮੀਦਵਾਰ ਨਹੀਂ ਬਣਾਇਆ ਸੀ, ਜਿਸ ਸਬੰਧੀ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਨੇ ਕਾਫੀ ਸ਼ੋਰ ਮਚਾ ਕੇ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਜਪਾ ਦਾ ਇਹ ਫਾਰਮੂਲਾ ਸਫਲ ਰਿਹਾ। ਇਹੀ ਕਾਰਨ ਹੈ ਕਿ ਭਾਜਪਾ ਨੇ ਹਿੰਦੂ ਕਾਰਡ ਖੇਡਣਾ ਜਾਰੀ ਰੱਖਿਆ ਹੈ ਪਰ ਕਾਂਗਰਸ ਨੇ ਵੀ ਇਸ ਵਾਰ ਭਾਜਪਾ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਹਿੰਦੂ ਉਮੀਦਵਾਰ ਨੂੰ  ਚੋਣ ਮੈਦਾਨ 'ਚ ਉਤਾਰਿਆ ਹੈ।

ਕੀ ਸਥਿਤੀ ਰਹੇਗੀ ਸਿੱਖ ਵੋਟਰਾਂ ਦੀ
ਜ਼ਿਲਾ ਗੁਰਦਾਸਪੁਰ 'ਚ ਜਿੰਨੇ ਹਿੰਦੂ ਵੋਟਰ ਹਨ, ਉਨ੍ਹੇ ਹੀ ਲਗਭਗ ਸਿੱਖ ਵੋਟਰ ਹਨ, ਪਰ ਇਸ ਵਾਰ ਇਸ ਲੋਕ ਸਭਾ ਉਪ ਚੋਣ 'ਚ ਪ੍ਰਮੁੱਖ ਰਾਜਨੀਤਿਕ ਦਲਾਂ ਦਾ ਸਿੱਖ ਉਮੀਦਵਾਰ ਨਾ ਹੋਣ ਕਾਰਨ ਸਿੱਖ ਵੋਟਰ ਵੀ ਤਿੰਨ ਹਿੱਸਿਆਂ ਵਿਚ ਵੰਡਣ ਦੀ ਸੰਭਾਵਨਾ ਬਣੀ ਹੋਈ ਹੈ ਪਰ ਜਿਸ ਤਰ੍ਹਾਂ ਨਾਲ ਅੱਜ ਆਮ ਆਦਮੀ ਪਾਰਟੀ ਦੇ ਮਾਝਾ ਜ਼ੋਨ ਦੇ ਸੰਯੋਜਕ ਕੰਵਲਪ੍ਰੀਤ ਸਿੰਘ ਕਾਕੀ ਅਤੇ ਡਾ. ਮਨਮੋਹਨ ਸਿੰਘ ਭਾਗੋਵਾਲੀਆਂ ਨੇ ਆਮ ਆਦਮੀ ਪਾਰਟੀ ਤੋਂ ਇਹ ਕਹਿ ਕੇ ਤਿਆਗ ਪੱਤਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਸਿੱਖ ਵਿਰੋਧੀ ਹੈ। ਇਸ ਨਾਲ ਵੀ ਆਮ ਆਦਮੀ ਪਾਰਟੀ ਨੂੰ ਕੁਝ ਨੁਕਸਾਨ ਜ਼ਰੂਰ ਹੋਵੇਗਾ। 
ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਖੜ੍ਹਾ ਹੈ, ਜਦਕਿ ਕਾਂਗਰਸ ਆਪਣੇ ਦਮ 'ਤੇ ਅਤੇ ਆਪਣੇ ਸਿੱਖ ਨੇਤਾਵਾਂ ਦੇ ਦਮ 'ਤੇ ਕਿੰਨੀਆਂ ਸਿੱਖ ਵੋਟਾਂ ਲੈਣ ਵਿਚ ਸਫ਼ਲ ਹੋਵੇਗੀ, ਇਹ ਉਸ ਦੀ ਹਾਰ ਜਿੱਤ 'ਤੇ ਪ੍ਰਭਾਵ ਪਾਏਗਾ। ਅਕਾਲੀ ਦਲ 1984 ਦੇ ਦੰਗਿਆਂ ਦੀ ਗੱਲ ਕਰੇਗਾ ਤਾਂ ਕਾਂਗਰਸ ਅਕਾਲੀ ਦਲ ਨੂੰ ਕਿਸਾਨ ਵਿਰੋਧੀ ਦਸ ਕੇ ਵੋਟਾਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗੀ। ਲਗਭਗ 75 ਫੀਸਦੀ ਸਿੱਖ ਵੋਟਰ ਤਾਂ ਆਪਣੇ-ਆਪਣੇ ਰਾਜਨੀਤਿਕ ਦਲ ਕਾਂਗਰਸ ਤੇ ਅਕਾਲੀ ਦਲ ਦੇ ਨਾਲ ਵੋਟ ਬੈਂਕ ਦੇ ਰੂਪ ਵਿਚ ਬੱਝੇ ਹੋਏ ਹਨ ਪਰ ਕਰੀਬ 25 ਫੀਸਦੀ ਵੋਟਰ ਹਾਲਾਤ ਅਤੇ ਹਵਾ ਦਾ ਰੁਖ ਵੇਖ ਕੇ ਵੋਟ ਪਾਉਣਗੇ ਅਤੇ ਇਹ 25 ਫੀਸਦੀ ਬਹੁਤ ਜ਼ਿਆਦਾ ਪ੍ਰਭਾਵ ਰੱਖਦੇ ਹਨ। 

ਨਾਂ ਵਾਪਸੀ ਕੱਲ ਤੱਕ, ਵੀ. ਵੀ. ਪੈਟ ਮਸ਼ੀਨ ਨਾਲ ਵੋਟਿੰਗ
ਹੁਣ ਜਦਕਿ ਚੋਣ ਲਈ ਨਾਮਜ਼ਦਗੀ ਕਾਗਜ਼ ਭਰਨ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ 27 ਸਤੰਬਰ ਤੱਕ ਕਾਗਜ਼ ਵਾਪਸ ਲਏ ਜਾਣਗੇ ਤੇ 11 ਅਕਤੂਬਰ ਨੂੰ ਵੋਟਾਂ ਪੈਣਗੀਆਂ। ਚੋਣ ਦਾ ਨਤੀਜਾ 15 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਦੇ ਬਾਅਦ ਸਾਹਮਣੇ ਆਵੇਗਾ। ਗੁਰਲਵਲੀਨ ਸਿੰਘ ਸਿੱਧੂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਦੇ ਅਨੁਸਾਰ 11 ਅਕਤੂਬਰ ਨੂੰ ਹੋਣ ਵਾਲੇ ਜ਼ਿਮਨੀ ਲੋਕ ਸਭਾ ਚੋਣ ਗੁਰਦਾਸਪੁਰ ਹਲਕੇ 'ਚ ਪਠਾਨਕੋਟ ਦੇ 3 ਵਿਧਾਨ ਸਭਾ ਹਲਕੇ ਸੁਜਾਨਪੁਰ, ਪਠਾਨਕੋਟ ਅਤੇ ਭੋਆ ਸ਼ਾਮਲ ਹਨ। ਜਦਕਿ ਗੁਰਦਾਸਪੁਰ 'ਚ 6 ਵਿਧਾਨ ਸਭਾ ਹਲਕੇ ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ, ਫਤਿਹਗੜ੍ਹ ਚੂੜੀਆਂ ਤੇ ਡੇਰਾ ਬਾਬਾ ਨਾਨਕ ਸ਼ਾਮਲ ਹਨ। ਇਸ ਚੋਣ 'ਚ ਕੁਲ 1781 ਪੋਲਿੰਗ ਸਟੇਸ਼ਨ ਹਨ ਤੇ 1257 ਪੋਲਿੰਗ ਲੋਕੇਸ਼ਨ ਹਨ। 

ਹਿੰਦੂ ਵੋਟ ਤੈਅ ਕਰੇਗੀ ਹਾਰ-ਜਿੱਤ
ਗੁਰਦਾਸਪੁਰ ਲੋਕ ਸਭਾ ਚੋਣ 'ਚ ਕੁਲ 1529207 ਵੋਟਰ ਹਨ, ਜਿਸ 'ਚ 7 ਲੱਖ 85 ਹਜ਼ਾਰ 126 ਮਰਦ ਅਤੇ 7 ਲੱਖ 44 ਹਜ਼ਾਰ 81 ਔਰਤਾਂ ਹਨ। ਤਿੰਨੇ ਹੀ ਪ੍ਰਮੁੱਖ ਰਾਜਨੀਤਿਕ ਦਲ ਹਿੰਦੂ ਵੋਟਰਾਂ ਨੂੰ ਰਿਝਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ, ਜੋ ਇਹ ਪ੍ਰਗਟ ਕਰਦਾ ਹੈ ਕਿ ਇਸ ਵਾਰ ਭਾਜਪਾ ਦਾ ਹਿੰਦੂ ਕਾਰਡ ਇਸ ਚੋਣ ਵਿਚ ਬਹੁਤ ਜ਼ਿਆਦਾ ਇਸ ਲਈ ਸਫਲ ਨਹੀਂ ਹੋਵੇਗਾ, ਕਿਉਂਕਿ ਹਿੰਦੂ ਵੋਟਾਂ 3 ਹਿੱਸਿਆਂ ਵਿਚ ਵੰਡੀਆਂ ਜਾਣਗੀਆਂ। ਤਿੰਨੇ ਹੀ ਪ੍ਰਮੁੱਖ ਰਾਜਨੀਤਿਕ ਦਲਾਂ ਨੂੰ ਇਸ ਵਾਰ ਹਿੰਦੂ ਵੋਟਾਂ 'ਤੇ ਹੀ ਜ਼ੋਰ ਲਾਉਣਾ ਹੋਵੇਗਾ। ਹਿੰਦੂ ਵੋਟਰਾਂ ਦਾ ਕਿਸ ਰਾਜਨੀਤਿਕ ਦਲ ਵੱਲ ਜ਼ਿਆਦਾ ਰੁਝਾਨ ਹੈ ਇਹ ਅਜੇ ਸਪੱਸ਼ਟ ਨਹੀਂ ਹੋ ਰਿਹਾ ਹੈ।