ਗੁਰਦਾਸਪੁਰ ਜ਼ਿਮਨੀ ਚੋਣਾਂ 'ਚ 4 ਵਜੇ ਤੱਕ 61 ਫੀਸਦੀ ਹੋਇਆ ਮਤਦਾਨ

02/24/2018 4:24:15 PM

ਗੁਰਦਾਸਪੁਰ/ਦੀਨਾਨਗਰ/ਫਤਿਹਗੜ੍ਹ ਚੂੜੀਆਂ(ਦੀਪਕ/ਵਿਨੋਦ) —  ਗੁਰਦਾਸਪੁਰ 'ਚ ਹੋਣ ਜਾ ਰਹੀਆਂ ਨਗਰ ਕੌਂਸਲ ਦੀਆਂ ਉਪ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਤਕਰੀਬਨ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਅਮਨ ਅਮਾਨ ਨਾਲ ਚੋਣਾਂ ਦਾ ਕੰਮ ਚੱਲ ਰਿਹਾ ਹੈ ਅਤੇ ਵੱਖ ਵੱਖ ਅਧਿਕਾਰੀਆਂ ਵਲੋਂ ਬੂਥਾਂ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਗੁਰਦਾਸਪੁਰ (ਵਾਰਡ ਨੰਬਰ 22), ਨਗਰ ਕੌਂਸਲ, ਦੀਨਾਨਗਰ (ਵਾਰਡ ਨੰਬਰ 06-07) ਅਤੇ ਨਗਰ ਕੌਂਸਲ ਫਤਿਹਗੜ੍ਹ ਚੁੜੀਆਂ (ਵਾਰਡ ਨੰਬਰ 01) 'ਚ ਨਗਰ ਕੌਂਸਲ ਦੀਆਂ ਉਪ ਚੋਣਾਂ ਹੋ ਰਹੀਆਂ ਹਨ। 
ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਦੇ ਬਲਾਕ ਦਿਨਾਨਗਰ ਦੇ ਵਾਰਡ ਨੰ 6 ਦੀ ਤਾਂ ਇਸ ਵਾਰਡ 'ਚ ਕੁੱਲ 1343 ਵੋਟਰ ਆਪਣੇ ਨਵੇਂ ਕੌਂਸਲਰ ਦੀ ਚੋਣ ਕਰਨਗੇ। ਅੱਜ ਹੋ ਰਹੇ ਜ਼ਿਮਨੀ ਚੋਣ 'ਚ ਕਾਂਗਰਸ ਦੀ ਉਮੀਦਵਾਰ ਆਸ਼ਾ ਕੁਮਾਰੀ ਤੇ ਭਾਜਪਾ ਦੀ ਉਮੀਦਵਾਰ ਕਿਰਨਾ ਦੇਵੀ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੀਆਂ ਹਨ। ਵੋਟਿੰਗ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਨੂੰ ਰੋਕਣ ਲਈ ਪੁਲਸ ਤੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। 


ਇਸੇ ਤਰ੍ਹਾਂ ਨਗਰ ਕੌਂਸਲ ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰ. 1 ਦੇ ਉਮੀਦਵਾਰ ਕਸ਼ਮੀਰ ਕੌਰ ਦੀ ਮੌਤ ਹੋ ਜਾਣ ਕਾਰਨ ਉਪ ਚੋਣ ਕਰਵਾਈ ਜਾ ਰਹੀ ਹੈ, ਜਿਸ 'ਚ ਅਕਾਲੀ ਦਲ ਦੀ ਉਮੀਦਵਾਰ ਸ਼ਰਨਜੀਤ ਕੌਰ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਅਮਨਦੀਪ ਕੌਰ ਚੋਣ ਮੈਦਾਨ 'ਚ ਹਨ ਤੇ ਅੱਠ ਵਜੇ ਪੋਲਿੰਗ ਸ਼ੁਰੂ ਹੋ ਚੁੱਕੀ ਹੈ ਤੇ ਅਮਨ ਅਮਾਨ ਨਾਲ ਚੋਣਾਂ ਕਰਵਾਉਣ ਲਈ ਪੁਲਸ ਤੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਵੀ ਕੀਤੇ ਗਏ ਹਨ। 


ਸ਼ਾਮ 4 ਵਜੇ ਤਕ ਵੋਟਾਂ ਦੀ ਗਿਣਤੀ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜੇਤੂ ਉਮੀਦਵਾਰਾਂ ਦਾ ਨਾਂ ਐਲਾਨ ਦਿੱਤਾ ਜਾਵੇਗਾ। ਦੇਖਣਾ ਇਹ ਹੋਵੇਗਾ ਕਿ ਗੁਰਦਾਸਪੁਰ ਦੀ ਸਿਆਸਤ 'ਚ ਕਿਹੜੀ ਪਾਰਟੀ ਬਾਜੀ ਮਾਰਨ 'ਚ ਸਫਲ ਰਹਿੰਦੀ ਹੈ।
4 ਵਜੇ ਤਕ ਇੰਨੇ ਫੀਸਦੀ ਹੋਈ ਵੋਟਿੰਗ 
ਗੁਰਦਾਸਪੁਰ ਵਾਰਡ ਨੰ. 22-56.96 ਫੀਸਦੀ
ਦੀਨਾਨਗਰ ਵਾਰਡ ਨੰ.07-60 ਫੀਸਦੀ
ਫਤਿਹਗੜ੍ਹ ਚੂੜੀਆਂ ਵਾਰਡ ਨੰ.  01-65.07 ਫੀਸਦੀ
ਹੁਣ ਤੱਕ ਕੁੱਲ ਵੋਟਿੰਗ -60.01 ਫੀਸਦੀ