ਭਾਜਪਾ ਨੂੰ ''ਬਾਹੂਬਲੀ'' ਦੀ ਭਾਲ, ਕਾਂਗਰਸ ਲਈ ਉਮੀਦਵਾਰ ਦੀ ਚੋਣ ਤਲਵਾਰ ਦੀ ਧਾਰ ''ਤੇ ਚੱਲਣ ਦੇ ਬਰਾਬਰ

09/19/2017 9:30:30 AM

ਪਠਾਨਕੋਟ (ਸ਼ਾਰਦਾ)-ਮਾਝਾ ਬੈਲਟ ਦੀ ਹੌਟ ਸੀਟ ਗੁਰਦਾਸਪੁਰ ਸੰਸਦੀ ਸੀਟ 'ਤੇ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਜ਼ਿਮਨੀ ਚੋਣ ਸਿਆਸੀ ਪਾਰਟੀਆਂ ਦੇ ਸਿਰ 'ਤੇ ਆ ਪਹੁੰਚੀ ਹੈ। ਚੋਣ ਬਿਗੁਲ ਵਜਦੇ ਸਾਰ ਹੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਸਿਖਰ 'ਤੇ ਪਹੁੰਚ ਗਈਆਂ ਹਨ। ਪਹਿਲੀ ਕਵਾਇਦ ਪਾਰਟੀ ਉਮੀਦਵਾਰਾਂ ਦੇ ਐਲਾਨ ਦੀ ਹੈ, ਜਿਸ ਵਿਚ ਫਿਲਹਾਲ ਨੂਰਾ ਕੁਸ਼ਤੀ ਚੱਲ ਰਹੀ ਹੈ। 

ਸੂਬਾ ਭਾਜਪਾ ਮੁਖੀ ਪ੍ਰਭਾਤ ਝਾਅ ਆਪਣੀ ਹਰ ਬੈਠਕ ਵਿਚ ਕਹਿੰਦੇ ਰਹੇ ਹਨ ਕਿ ਜ਼ਿਮਨੀ ਚੋਣ ਦਾ ਐਲਾਨ ਹੁੰਦੇ ਸਾਰ ਹੀ ਸੰਸਦੀ ਖੇਤਰ ਤੋਂ ਪਾਰਟੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ, ਜਦਕਿ ਹੁਣ 12 ਸਤੰਬਰ ਨੂੰ ਚੋਣ ਕਮਿਸ਼ਨ ਨੇ ਇਸ ਹੌਟ ਸੀਟ ਲਈ ਜ਼ਿਮਨੀ ਚੋਣ ਦੀ ਤਰੀਕ 11 ਅਕਤੂਬਰ ਤੈਅ ਕੀਤੀ ਹੈ। ਇਸ ਐਲਾਨ ਨੂੰ ਹੋਏ ਵੀ ਹਫਤਾ ਬੀਤਣ ਵਾਲਾ ਹੈ ਪਰ ਭਾਜਪਾ ਹਾਈਕਮਾਨ ਚੋਣ ਮੈਦਾਨ ਵਿਚ ਉਤਾਰਨ ਲਈ ਅਜੇ ਤੱਕ ਆਪਣੇ 'ਬਾਹੂਬਲੀ' ਦੀ ਚੋਣ ਨਹੀਂ ਕਰ ਸਕੀ। 
ਹੁਣ ਸੂਬਾ ਭਾਜਪਾ ਪ੍ਰਧਾਨ ਦਾਅਵਾ ਕਰ ਰਹੇ ਹਨ ਕਿ 21 ਸਤੰਬਰ ਤੱਕ ਪਾਰਟੀ ਦੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਜਾਵੇਗਾ। ਅਜਿਹੇ ਵਿਚ ਸਪੱਸ਼ਟ ਹੈ ਕਿ ਜਿਸ ਉਮੀਦਵਾਰ  ਦੀ ਚੋਣ ਅਤੇ ਐਲਾਨ ਨੂੰ ਲੈ ਕੇ ਸੂਬੇ ਦੀ ਸੱਤਾ ਤੋਂ ਬਾਹਰ ਚੱਲ ਰਹੀ ਭਾਜਪਾ ਨੇ ਲੀਡ ਬਣਾਉਣੀ ਸੀ, ਉਸ ਵਿਚ ਉਹ ਪਹਿਲੇ ਹੀ ਰਾਊਂਡ ਵਿਚ ਪੱਛੜ ਗਈ ਹੈ। ਸੂਬੇ ਦੀ ਸੱਤਾ ਤੋਂ ਬਾਹਰ ਹੋਈ ਕਿਸੇ ਵੀ ਸਿਆਸੀ ਪਾਰਟੀ ਲਈ ਜ਼ਿਮਨੀ ਚੋਣ ਵਰਗੀਆਂ ਛੋਟੀਆਂ ਚੋਣਾਂ ਵਿਚ ਜਿੱਤ ਦਰਜ ਕਰਨਾ ਸਿਆਸੀ ਰਣ ਖੇਤਰ ਵਿਚ ਹਮੇਸ਼ਾ ਟੇਢੀ ਖੀਰ ਸਾਬਿਤ ਹੁੰਦਾ ਹੈ।
ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਰੀਕ ਸਿਰ 'ਤੇ ਆ ਪੁੱਜੀ ਹੈ, ਅਜਿਹੇ ਵਿਚ ਪਾਰਟੀ ਵਲੋਂ ਅਜੇ ਤੱਕ ਜਿੱਤ ਹਾਸਲ ਕਰ ਸਕਣ ਵਾਲਾ ਉਮੀਦਵਾਰ ਨਾ ਲੱਭ ਸਕਣ ਕਾਰਨ ਵਰਕਰਾਂ ਵਿਚ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ ਅਤੇ ਦਾਅਵੇਦਾਰਾਂ ਦੇ ਸਮਰਥਕ ਆਪਣੇ-ਆਪਣੇ ਨੇਤਾ ਦੇ ਚੋਣ ਵਿਚ ਉਤਰਨ ਦੇ ਦਾਅਵੇ ਕਰ ਰਹੇ ਹਨ, ਜਿਸ ਕਾਰਨ ਭਰਮ ਦੀ ਸਥਿਤੀ ਪੈਦਾ ਹੋਈ ਪਈ ਹੈ।
ਅਜਿਹੇ ਵਿਚ ਭਾਜਪਾ ਹਾਈਕਮਾਨ ਨੂੰ ਜ਼ਿਮਨੀ ਚੋਣ ਵਿਚ ਆਪਣੀ ਜਿੱਤ ਦੀ ਰਾਹ ਆਸਾਨ ਬਣਾਉਣ ਲਈ ਕਿਸੇ ਸਮਰੱਥ ਅਤੇ ਨਵੇਂ ਚਿਹਰੇ ਦੀ ਭਾਲ ਕਰਨੀ ਹੋਵੇਗੀ, ਜੋ ਜਵਾਨ ਵੀ ਹੋਵੇ ਅਤੇ ਸਥਾਨਕ ਪੱਧਰ 'ਤੇ ਉਸ ਦੀ ਮਜ਼ਬੂਤ ਪੈਠ ਵੀ ਹੋਵੇ। ਉਥੇ ਹੀ ਆਰ. ਐੱਸ. ਐੱਸ. ਸਮਰਥਿਤ ਉਮੀਦਵਾਰ ਜ਼ਿਮਨੀ ਚੋਣ ਲਈ ਜੇਤੂ ਅਤੇ ਵੱਧ ਕਾਰਗਰ ਸਾਬਿਤ ਹੋ ਸਕਦਾ ਹੈ। 

ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਵਿਚ ਪਹਿਲੀ ਧੜੇਬਾਜ਼ੀ 'ਤੇ ਰੋਕ ਲਗਾਉਣਾ ਚੁਣੌਤੀ
ਉਮੀਦਵਾਰ ਦੀ ਚੋਣ ਨੂੰ ਲੈ ਕੇ ਕਾਂਗਰਸ ਵੀ ਕਸ਼ਮਕਸ਼ 'ਚ ਹੈ। ਹਾਈਕਮਾਨ ਲਈ ਜ਼ਿਮਨੀ ਚੋਣ ਤੋਂ ਪਹਿਲਾਂ ਪਾਰਟੀ ਵਿਚ ਫੈਲੀ ਧੜੇਬਾਜ਼ੀ 'ਤੇ ਰੋਕ ਲਗਾਉਣਾ ਜਿਥੇ ਵੱਡੀ ਚੁਣੌਤੀ ਹੈ, ਉਥੇ ਹੀ ਪਾਰਟੀ ਲਈ ਧੜਿਆਂ ਵਿਚ ਵੰਡੇ ਸਾਰੇ ਵਰਕਰਾਂ ਦਾ ਪਸੰਦੀਦਾ ਜਿੱਤ ਹਾਸਲ ਕਰ ਸਕਣ ਵਾਲਾ ਉਮੀਦਵਾਰ ਲੱਭਣਾ ਵੀ ਸਖ਼ਤ ਮੁਸ਼ੱਕਤ ਵਾਲਾ ਕੰਮ ਹੈ।
ਬੇਸ਼ੱਕ ਸੰਸਦੀ ਖੇਤਰ ਅਧੀਨ ਆਉਂਦੇ ਜ਼ਿਆਦਾਤਰ ਖੇਤਰਾਂ ਦੇ ਚੁਣੇ ਹੋਏ ਵਿਧਾਇਕ ਦਾਅਵੇ ਕਰ ਰਹੇ ਹਨ ਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮਰੱਥ ਉਮੀਦਵਾਰ ਹੋ ਸਕਦੇ ਹਨ। ਇਸ ਦੇ ਬਾਵਜੂਦ ਕੁਝ ਇਕ ਨੇਤਾਵਾਂ ਵਲੋਂ ਸਥਾਨਕ ਅਤੇ ਬਾਹਰੀ ਉਮੀਦਵਾਰ ਦਾ ਮੁੱਦਾ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਚੁੱਕਣ ਨਾਲ ਪਾਰਟੀ ਵਰਕਰਾਂ ਵਿਚ ਕੋਈ ਸੁਖਦ ਸੰਦੇਸ਼ ਨਹੀਂ ਗਿਆ ਹੈ। ਇਸ ਨਾਲ ਪਾਰਟੀ ਦੀ ਸਥਿਤੀ ਨੂੰ ਅੰਸ਼ਕ ਤੌਰ 'ਤੇ ਹੀ ਸਹੀ ਸੱਟ ਪਹੁੰਚੀ ਹੈ। 
ਬੇਸ਼ੱਕ ਗੁਰਦਾਸਪੁਰ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ 'ਚੋਂ 7 'ਤੇ ਸੱਤਾ ਧਿਰ ਕਾਂਗਰਸ ਪਾਰਟੀ ਕਾਬਜ਼ ਹੈ ਪਰ ਇਸ ਦੇ ਬਾਵਜੂਦ ਉਮੀਦਵਾਰ ਲਈ ਕਿਸੇ ਇਕ ਵਿਅਕਤੀ ਦੇ ਨਾਂ 'ਤੇ 100 ਫੀਸਦੀ ਸਹਿਮਤੀ ਬਣਾਉਣਾ ਹਾਈਕਮਾਨ ਲਈ ਟੇਢੀ ਖੀਰ ਹੈ। 
ਕਿਉਂਕਿ ਇਹ ਜ਼ਿਮਨੀ ਚੋਣ ਰਵਾਇਤੀ ਸਿਆਸੀ ਦਲਾਂ ਲਈ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜਿਥੇ ਹਾਰ-ਜਿੱਤ ਦਾ ਰਸਤਾ ਤੈਅ ਕਰੇਗੀ, ਉਥੇ ਹੀ ਇਸ ਦਾ ਅਸਰ ਸੂਬੇ ਨਾਲ ਲੱਗਦੇ ਪਹਾੜੀ ਰਾਜ ਹਿਮਾਚਲ ਪ੍ਰਦੇਸ਼ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਵੀ ਪਵੇਗਾ। ਅਜਿਹੇ ਵਿਚ ਪਾਰਟੀ ਹਾਈਕਮਾਨ ਉਮੀਦਵਾਰ ਦੀ ਚੋਣ ਲਈ ਫੂਕ-ਫੂਕ ਕੇ ਕਦਮ ਰੱਖ ਰਹੀ ਹੈ।