ਗੁਰਦਾਸਪੁਰ 'ਚ ਵਾਪਰੀ ਮੰਦਭਾਗੀ ਘਟਨਾ, ਅੰਮ੍ਰਿਤਧਾਰੀ ਔਰਤ ਦੀ ਬਜ਼ਾਰ 'ਚ ਸ਼ਰੇਆਮ ਕੁੱਟਮਾਰ

05/16/2019 5:36:47 PM

ਹਰਚੋਵਾਲ/ਗੁਰਦਾਸਪੁਰ (ਵਿਨੋਦ) : ਬੀਤੀ ਰਾਤ ਅੰਮ੍ਰਿਤਧਾਰੀ ਔਰਤ ਦੀ ਸ਼ਰੇਆਮ ਕੁੱਟ-ਮਾਰ ਕਰਨ ਤੋਂ ਇਲਾਵਾ ਕੇਸਾਂ ਤੇ ਧਾਰਮਕ ਚਿੰਨ੍ਹਾਂ ਦੀ ਬੇਅਦਬੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਜ਼ੇਰੇ ਇਲਾਜ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਹਰਚੋਵਾਲ ਨੇ ਦੱਸਿਆ ਕਿ ਬੀਤੀ ਸ਼ਾਮ ਮੇਰਾ ਲੜਕਾ ਤੇਜਿੰਦਰ ਸਿੰਘ ਜੋ ਕਿਸੇ ਕੰਮ-ਕਾਜ ਲਈ ਹਰਚੋਵਾਲ ਚੌਕ 'ਚ ਗਿਆ ਸੀ, ਜਿਸ ਦਾ ਹਰਚੋਵਾਲ ਦੇ ਪੈਟਰੋਲ ਪੰਪ 'ਤੇ ਸ਼ਰਨਜੀਤ ਸਿੰਘ ਉਰਫ ਤਾਰਾ ਪੁੱਤਰ ਬਲਵਿੰਦਰ ਸਿੰਘ ਤੇ ਸੋਨੂੰ ਪੁੱਤਰ ਸਵ. ਬਲਵਿੰਦਰ ਸਿੰਘ ਵਾਸੀ ਹਰਚੋਵਾਲ ਨਾਲ ਝਗੜਾ ਹੋ ਗਿਆ। ਜਿਨ੍ਹਾਂ ਨੇ ਮੇਰੇ ਲੜਕੇ ਦੀ ਕੁੱਟ-ਮਾਰ ਕਰਨ ਤੋਂ ਇਲਾਵਾ ਕੇਸਾਂ ਦੀ ਬੇਅਦਬੀ ਕੀਤੀ।ਇਸ ਸਬੰਧੀ ਜਦੋਂ ਮੇਰੇ ਲੜਕੇ ਨੇ ਮੈਨੂੰ ਘਰ ਆ ਕੇ ਦੱਸਿਆ ਤਾਂ ਅਸੀਂ ਤੁਰੰਤ ਪੁਲਸ ਚੌਕੀ ਹਰਚੋਵਾਲ ਵਿਖੇ ਦਰਖਾਸਤ ਦਿੱਤੀ। ਜਿਸ 'ਤੇ ਪੁਲਸ ਨੇ ਉਕਤ ਲੜਕਿਆਂ ਨੂੰ ਕਾਬੂ ਕਰ ਕੇ ਪੁਲਸ ਚੌਕੀ ਬਿਠਾ ਲਿਆ ਪਰ ਰਾਤ ਸਮੇਂ ਜੋ ਜ਼ਮਾਨਤ 'ਤੇ ਰਿਹਾਅ ਹੋਏ ਤੇ ਉਹ ਝੂਠੀ ਐੱਮ. ਆਰ. ਕਟਵਾ ਕੇ ਹਸਪਤਾਲ 'ਚ ਦਾਖ਼ਲ ਹੋ ਗਏ।

ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਪੁਲਸ ਚੌਕੀ ਤੋਂ ਬਾਹਰ ਮੋਟਰਸਾਈਕਲ 'ਤੇ ਘਰ ਵਾਪਸ ਆ ਰਹੇ ਸੀ ਤਾਂ ਸਰਕਾਰੀ ਹਸਪਤਾਲ ਦੇ ਸਾਹਮਣੇ ਜਦ ਸਾਡਾ ਮੋਟਰਸਾਈਕਲ ਪਹੁੰਚਿਆ ਤਾ ਅੱਗੇ ਕਾਰ 'ਚ ਸਵਾਰ ਹੋ ਕੇ ਆ ਰਹੇ ਅਜੀਤ ਸਿੰਘ ਜੀਤੂ ਪੁੱਤਰ ਜੋਗਿੰਦਰ ਸਿੰਘ ਵਾਸੀ ਹਰਚੋਵਾਲ ਨੇ ਸਾਡੇ ਮੋਟਰਸਾਈਕਲ 'ਤੇ ਕਾਰ ਦੀ ਸਾਈਡ ਮਾਰਨ ਦੀ ਕੋਸ਼ਿਸ ਕੀਤੀ ਤੇ ਕਾਰ 'ਚੋਂ ਉੱਤਰ ਕੇ ਡਾਗਾਂ ਨਾਲ ਵਾਰ ਕਰਨੇ ਸੁਰੂ ਕਰ ਦਿੱਤੇ। ਮੈਨੂੰ ਕੇਸਾਂ ਤੋਂ ਫੜ ਕੇ ਛੱਲੀਆਂ ਵਾਂਗ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਮੇਰੇ ਕੱਪੜੇ ਪਾੜ ਦਿੱਤੇ, ਮੇਰੇ ਕੇਸਾਂ ਤੋਂ ਇਲਾਵਾ ਧਾਰਮਕ ਚਿੰਨ੍ਹ ਦੀ ਬੇਅਦਬੀ ਕੀਤੀ ਗਈ। ਪੀੜਤ ਔਰਤ ਮਨਜੀਤ ਕੌਰ ਨੇ ਆਖਿਆ ਕਿ ਜੇਕਰ ਪ੍ਰਸ਼ਾਸਨ ਨੇ ਇਨ੍ਹਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਤਾਂ 26 ਮਈ ਦਿਨ ਐਤਵਾਰ ਨੂੰ ਇਲਾਕਾ ਵਾਸੀਆਂ, ਧਾਰਮਕ ਜਥੇਬੰਦੀਆਂ, ਸਤਿਕਾਰ ਕਮੇਟੀ, ਸਿੱਖ ਸਟੂਡੈਂਟਸ ਫੈੱਡਰੇਸ਼ਨਾਂ ਤੇ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਕਸਬਾ ਹਰਚੋਵਾਲ ਦੇ ਚੌਕ 'ਚ ਧਰਨਾ ਲਾ ਕੇ ਚੱਕਾ ਜਾਮ ਕੀਤਾ ਜਾਵੇਗਾ। ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਇਸ ਸਬੰਧੀ ਜਦੋਂ ਪੁਲਸ ਚੌਕੀ ਇੰਚਾਰਜ ਬਲਵਿੰਦਰ ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆਂ ਕਿ ਅਸੀਂ ਇਸ ਕੇਸ ਸਬੰਧੀ ਜਾਂਚ ਕਰ ਰਹੇ ਹਾਂ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਐੱਸ. ਐੱਮ. ਓ. ਡਾ.ਚੇਤਨਾ ਨੇ ਕਿਹਾ ਕਿ ਜੇਕਰ ਹਸਪਤਾਲ ਵਿਚ ਨਾਜਾਇਜ਼ ਪਰਚਾ ਹੋਣ ਸਬੰਧੀ ਜਾਣਕਾਰੀ ਮਿਲੇਗੀ ਤਾਂ ਡਾਕਟਰ ਖਿਲ਼ਾਫ ਸਿਵਲ ਸਰਜਨ ਨੂੰ ਲਿਖਿਆ ਜਾਵੇਗਾ। ਦੂਸਰੀ ਪਾਰਟੀ ਅੱਜ ਸਵੇਰੇ ਸਰਕਾਰੀ ਹਸਪਤਾਲ ਆਈ ਸੀ, ਜਿਸ 'ਤੇ ਜ਼ਖ਼ਮਾਂ ਦੀ ਜਾਂਚ ਕਰ ਕੇ ਪਰਚਾ ਕੀਤਾ ਗਿਆ, ਕਿਉਂਕਿ ਰਾਤ ਸਮੇਂ ਆਗਿਆਪਾਲ ਡਾਕਟਰ ਦੀ ਡਿਊਟੀ 'ਤੇ ਸੀ ਪਰ ਸਵੇਰੇ ਡਾਕਟਰ ਹਰਪ੍ਰੀਤ ਦੀ ਡਿਊਟੀ ਦੌਰਾਨ ਪਰਚਾ ਕੀਤਾ ਗਿਆ। ਇਸ ਸਬੰਧੀ ਪੀੜਤ ਔਰਤ ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਜਦ ਮੁਲਜ਼ਮਾਂ ਨੂੰ ਪੁਲਸ ਨੇ ਹਿਰਾਸਤ 'ਚ ਰੱਖਿਆ ਤਾਂ ਕਿਵੇਂ ਅਗਲੇ ਦਿਨ ਨਾਜਾਇਜ਼ ਪਰਚਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲਿਖਤੀ ਦਰਖਾਸਤ ਐੱਸ. ਐੱਮ. ਓ. ਡਾ. ਚੇਤਨਾ ਨੂੰ ਦਿੱਤੀ ਹੈ, ਜਿਨ੍ਹਾਂ ਨੇ ਜਾਂਚ ਲਿਖ ਦਿੱਤੀ।

Baljeet Kaur

This news is Content Editor Baljeet Kaur