ਅਨਾਜ ਦੀ ਜਮਾਖ਼ੋਰੀ ਰੋਕਣ ਲਈ ਗੁਰਦਾਸਪੁਰ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਹਜ਼ਾਰਾਂ ਬੋਰੀਆਂ ਅਨਾਜ ਬਰਾਮਦ

10/12/2022 4:27:37 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਪ੍ਰਸ਼ਾਸਨ ਵੱਲੋਂ ਅਨਾਜ ਦੀ ਜਮਾਖ਼ੋਰੀ ਅਤੇ ਕਾਲਾਬਜ਼ਾਰੀ ਰੋਕਣ ਦੇ ਮਕਸਦ ਨਾਲ ਸਰਹੱਦੀ ਕਸਬੇ ਡੇਰਾ ਬਾਬਾ ਨਾਨਕ ਦੇ ਨੇੜਲੇ ਪਿੰਡ ਨਿੱਕੋਸਰਾ ਦੇ ਇਕ ਆੜ੍ਹਤੀ ਦੇ ਘਰ ਛਾਪੇਮਾਰੀ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਅਨਾਜ ਦੀਆਂ ਬੋਰੀਆਂ ਬਰਾਮਦ ਕੀਤੀਆਂ ਗਈਆਂ ਹਨ।

ਮੰਗਲਵਾਰ ਦੇਰ ਰਾਤ ਜ਼ਿਲ੍ਹਾ ਪ੍ਰਸ਼ਾਸਨਕ ਅਧਿਕਾਰੀ ਡੀ.ਐੱਫ.ਐੱਸ.ਓ. ਸੁਖਵਿੰਦਰ ਸਿੰਘ, ਮੁੱਖ ਖੇਤੀਬਾੜੀ ਅਫਸਰ ਕੰਵਲਜੀਤ ਸਿੰਘ, ਡੀ.ਐੱਮ. ਕੁਲਜੀਤ ਸਿੰਘ ਅਤੇ ਨਾਇਬ ਤਹਿਸੀਲਦਾਰ ਸੰਦੀਪ ਕੁਮਾਰ ਡੇਰਾ ਬਾਬਾ ਨਾਨਕ ਵੱਲੋਂ ਪੁਲਸ ਪਾਰਟੀ ਸਮੇਤ ਗੁਰਮੀਤ ਸਿੰਘ ਆੜ੍ਹਤੀ ਦੇ ਘਰ 'ਚ ਬਣੇ ਗੋਦਾਮ 'ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਤਕਰੀਬਨ ਸਾਢੇ ਉਨੀ ਹਜਾਰ ਕਣਕ ਦੀਆਂ ਬੋਰੀਆਂ ਅਤੇ ਤਕਰੀਬਨ 10 ਹਜ਼ਾਰ ਝੋਨੇ ਦੀਆਂ ਬੋਰੀਆਂ ਬਰਾਮਦ ਹੋਈਆਂ। ਇਸ ਮੌਕੇ ਡੀ. ਐੱਫ. ਐੱਸ. ਓ. ਗੁਰਦਾਸਪੁਰ ਸੁਖਵਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੀਤ ਸਿੰਘ ਆੜ੍ਹਤੀ ਨਿੱਕੋਸਰਾਂ ਦੇ ਘਰ ਗੈਰ-ਕਾਨੂੰਨੀ ਢੰਗ ਨਾਲ ਅਨਾਜ ਦਾ ਭੰਡਾਰ ਰੱਖਿਆ ਹੋਇਆ ਹੈ। ਇਸ ਸੂਚਨਾ ਦੇ ਅਧਾਰ 'ਤੇ ਉਨ੍ਹਾਂ ਡੀ.ਸੀ. ਗੁਰਦਾਸਪੁਰ ਦੇ ਹੁਕਮਾਂ 'ਤੇ ਛਾਪੇਮਾਰੀ ਕੀਤੀ ਅਤੇ ਮੌਕੇ ਤੋਂ ਤਕਰੀਬਨ ਸਾਢੇ ਉਨੀ ਹਜਾਰ ਕਣਕ ਦੀਆਂ ਬੋਰੀਆਂ ਦਾ ਭੰਡਾਰ ਬਰਾਮਦ ਹੋਇਆ। ਉਨ੍ਹਾਂ ਕਿਹਾ ਕਿ ਵੱਖ-ਵੱਖ ਮਹਿਕਮਿਆਂ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਡਿਪਟੀ ਕਮਿਸ਼ਨਰ ਨੂੰ ਰਿਪੋਰਟ ਭੇਜੀ ਜਾਵੇਗੀ।

ਜ਼ਿਮੀਂਦਾਰ ਕੋਲ ਆਪਣਾ ਮਾਲ ਰੱਖਣ ਦਾ ਹੱਕ - ਆੜ੍ਹਤੀ 

ਇਸ ਸੰਬੰਧੀ ਆੜ੍ਹਤੀ ਗੁਰਮੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸਾਰਾ ਅਨਾਜ ਉਨ੍ਹਾਂ ਦਾ ਆਪਣਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੀ ਮਾਲਕੀ 100 ਕਿੱਲਾ ਹੈ ਅਤੇ  ਤਕਰੀਬਨ 400 ਕਿੱਲੇ ਜ਼ਮੀਨ ਉਸ ਨੇ ਠੇਕੇ 'ਤੇ ਲਈ ਹੋਈ ਸੀ। ਇਸ ਜ਼ਮੀਨ 'ਤੇ ਬੀਜੀ ਫ਼ਸਲ ਨੂੰ ਕੱਟ ਕੇ ਉਸ ਨੇ ਆਪਣੇ ਘਰ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਜ਼ਿਮੀਂਦਾਰ ਨੂੰ ਆਪਣਾ ਮਾਲ ਸਟੋਕ ਕਰਨਾ ਦਾ ਹੱਕ ਹੈ। ਮਹਿਕਮੇ ਦੇ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਜ਼ਮੀਨ ਦਾ ਰਿਕਾਰਡ ਮੰਗਿਆ ਸੀ, ਜੋ ਉਸ ਨੇ ਮੁਹੱਈਆ ਕਰਵਾ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ - ਹਾਦਸੇ ਦਾ ਮੁਆਵਜ਼ਾ ਲੈਣ ਪੁੱਜੇ ਪਿਓ-ਪੁੱਤ ਨਾਲ ਸਕੂਲ ਪ੍ਰਸ਼ਾਸਨ ਨੇ ਕੀਤਾ ਇਹ ਕਾਰਾ ; ਭਾਰੀ ਹੰਗਾਮਾ

Anuradha

This news is Content Editor Anuradha