ਪਲਸ ਪੋਲਿਓ ਮੁਹਿੰਮ ਤਹਿਤ ਸਿਵਲ ਸਰਜਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ

01/20/2019 12:25:07 PM

ਗੁਰਦਾਸਪੁਰ (ਹਰਮਨਪ੍ਰੀਤ)-ਅੱਜ ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ਵ ਸਿਹਤ ਸੰਗਠਨ ਵਲੋਂ ਨੈਸ਼ਨਲ ਇੰਮੋਨਾਈਜੇਸ਼ਨ ਰਾਊਂਡ ਤਹਿਤ ਬੱਚਿਆਂ ਨੂੰ ਪੋਲੀਓ ਤੋਂ ਮੁਕਤ ਕਰਨ ਲਈ ਪਲਸ ਪੋਲੀਓ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਕਿਸ਼ਨ ਚੰਦ ਨੇ ਵੱਖ-ਵੱਖ ਬਲਾਕਾਂ ਨਾਲ ਸਬੰਧਿਤ ਐੱਲ. ਐੱਚ. ਵੀ., ਏ.ਐੱਨ.ਐੱਮ. ਅਤੇ ਹੈਲਥ ਵਰਕਰਾਂ ਨੂੰ ਕਿਹਾ ਕਿ ਭਾਰਤ ਦੇਸ਼ ਪਲਸ ਪੋਲੀਓ ਮੁਕਤ ਦੇਸ਼ਾਂ ਦੀ ਗਿਣਤੀ ’ਚ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ਦੇ ਸਾਰੇ ਪਿੰਡਾਂ ’ਚ ਘਰ-ਘਰ ਜਾਣ ਤੋਂ ਇਲਾਵਾ ਝੁੱਗੀਆਂ, ਝੌਂਪਡ਼ੀਆਂ, ਫੈਕਟਰੀਆਂ, ਭੱਠਿਆਂ, ਸਲੱਮ ਏਰੀਏ ਨੂੰ ਕਵਰ ਕਰਨ ਲਈ ਵਿਸ਼ੇਸ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਸਾਰੇ ਮੈਡੀਕਲ ਅਫਸਰਾਂ ਨੂੰ ਵੈਕਸੀਨ ਦੀ ਸਾਂਭ ਸੰਭਾਲ, ਵੈਕਸੀਨੇਟਰਾਂ ਦੀ ਟ੍ਰੇਨਿੰਗ ਅਤੇ ਆਈ.ਈ.ਸੀ. ਮਟੀਰੀਅਲ ਦੀਆਂ ਗਤੀਵਿਧੀਆਂ ਸ਼ੁਰੂ ਕਰਨ ਲਈ ਹਦਾਇਤਾਂ ਦਿੱਤੀਆਂ ਅਤੇ ਕਿਹਾ ਕਿ ਹਰ ਬੱਚੇ ਨੂੰ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਆਉਣੀਆਂ ਯਕੀਨੀ ਬਣਾਈਆਂ ਜਾਣ। ਇਸ ਮੌਕੇ ਕਮਲ ਕਿਸ਼ੋਰ ਜ਼ਿਲਾ ਟੀਕਾਕਰਨ ਅਫ਼ਸਰ ਅਤੇ ਡਾ. ਭਾਵਨਾ ਸ਼ਰਮਾ ਜ਼ਿਲਾ ਸਕੂਲ ਮੈਡੀਕਲ ਅਫ਼ਸਰ ਨੇ ਟ੍ਰੇਨਿੰਗ ਦੌਰਾਨ ਦੱਸਿਆ ਕਿ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਟੀ.ਟੀ. (ਟੈਟਨਸ ਟੋਕਸਾਈਡ) ਵੈਕਸੀਨ ਦੀ ਜਗ੍ਹਾ ’ਤੇ ਭਵਿੱਖ ’ਚ ਟੀ. ਡੀ. (ਟੇਟਨਸ ਟੋਕਸਾਈਟ ਤੇ ਡੈਪਥੀਰੀਆ) ਵੈਕਸੀਨ ਸ਼ੁਰੂ ਕੀਤੀ ਜਾਵੇਗੀ। ਇਸ ਜ਼ਿਲਾ ਪੱਧਰੀ ਪਲਸ ਪੋਲੀਓ ਵਰਕਸ਼ਾਪ ’ਚ ਬ੍ਰਿਜੇਸ਼ ਕੁਮਾਰ ਜ਼ਿਲਾ ਪ੍ਰੋਗਰਾਮ ਮੈਨੇਜਰ, ਜੋਤੀ ਬਾਲਾ ਜ਼ਿਲਾ ਸਕੂਲ ਹੈਲਥ ਕੋਆਰਡੀਨੇਟਰ, ਰਜਿੰਦਰ ਕੁਮਾਰ ਕੰਪਿਊਟਰ ਅਸਿਸਟੈਂਟ ਟੂ.ਡੀ.ਆਈ.ਓ. ਅਤੇ ਮਾਸ ਮੀਡੀਆ ਅਫ਼ਸਰ ਅਮਰਜੀਤ ਸਿੰਘ ਮੌਜੂਦ ਸਨ।