ਨੌਜਵਾਨ ਨੇ ਜ਼ਬਰਦਸਤੀ ਕਿੰਨਰ ਬਣਾਉਣ ਦੇ ਲਗਾਏ ਦੋਸ਼

06/13/2019 10:41:26 AM

ਗੁਰਦਾਸਪੁਰ (ਵਿਨੋਦ) : ਇਕ ਨੌਜਵਾਨ ਨੇ ਦੀਨਾਨਗਰ ਦੇ ਪ੍ਰਸਿੱਧ ਕਿੰਨਰ ਪ੍ਰਵੀਨ ਬਾਬਾ ਜੋ ਕਿ ਕੌਂਸਲਰ ਵੀ ਰਹਿ ਚੁੱਕਾ ਹੈ 'ਤੇ ਦੋਸ਼ ਲਾਇਆ ਕਿ ਉਸ ਦਾ ਲਿੰਗ ਪਰਿਵਰਤਨ ਕਰਕੇ ਉਸ ਨੂੰ ਜ਼ਬਰਦਸਤੀ ਕਿੰਨਰ ਬਣਾਇਆ ਗਿਆ ਹੈ। ਪ੍ਰਵੀਨ ਬਾਬਾ ਨੇ ਉਕਤ ਦੋਸ਼ਾਂ ਨੂੰ ਨਾਕਾਰਦੇ ਹੋਏ ਕਿਹਾ ਕਿ ਉਕਤ ਨੈਨਾ ਨਾਮਕ ਵਿਅਕਤੀ ਮੇਰੇ ਕੋਲ ਸਤੰਬਰ 2018 ਵਿਚ ਇਹ ਕਹਿ ਕੇ ਆਇਆ ਸੀ ਕਿ ਉਹ ਕਿੰਨਰ ਹੈ ਅਤੇ ਉਸ ਦੇ ਕੋਲ ਰਹਿਣਾ ਚਾਹੁੰਦਾ ਹੈ। ਨੈਨਾ ਨਾਮਕ ਇਕ ਨੌਜਵਾਨ ਜੋ ਅਜੇ ਵੀ ਔਰਤਾਂ ਦੇ ਕੱਪੜੇ ਪਾਉਂਦਾ ਹੈ, ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਸਤੰਬਰ 2018 ਨੂੰ ਪ੍ਰਵੀਨ ਬਾਬਾ ਜੋ ਕਿ ਦੀਨਾਨਗਰ ਵਿਚ ਕਿੰਨਰਾਂ ਦਾ ਮੁਖੀ ਹੈ, ਦੇ ਕੋਲ ਆਇਆ ਸੀ ਅਤੇ ਉਸ ਦੇ ਕੋਲ ਕੁਝ ਸਮਾਂ ਰਿਹਾ ਵੀ ਪਰ ਇਸ ਦੌਰਾਨ ਪ੍ਰਵੀਨ ਬਾਬਾ ਨੇ ਉਸ ਦਾ ਲਿੰਗ ਪਰਿਵਰਤਨ ਕਰ ਦਿੱਤਾ ਅਤੇ ਉਸ 'ਤੇ ਕਈ ਤਰ੍ਹਾਂ ਦੇ ਤਸ਼ੱਦਦ ਕੀਤੇ, ਜਿਸ ਕਾਰਣ ਉਹ ਉਥੋਂ ਭੱਜ ਗਿਆ। ਜ਼ਿਲਾ ਪੁਲਸ ਮੁਖੀ ਨੇ ਉਕਤ ਨੈਨਾ ਨਾਮਕ ਨੌਜਵਾਨ ਦੀ ਸ਼ਿਕਾਇਤ ਡੀ. ਐੱਸ. ਪੀ. ਪੱਧਰ ਦੇ ਅਧਿਕਾਰੀ ਨੂੰ ਜਾਂਚ ਸੌਂਪੀ ਹੈ।

ਮੇਰੇ 'ਤੇ ਲੱਗੇ ਦੋਸ਼ ਬੇ-ਬੁਨਿਆਦ ਤੇ ਝੂਠੇ ਹਨ : ਕਿੰਨਰ ਮੁਖੀ
ਇਸ ਸਬੰਧੀ ਪ੍ਰਵੀਨ ਬਾਬਾ ਨੇ ਦੱਸਿਆ ਕਿ ਨੈਨਾ ਨਾਮਕ ਕਿੰਨਰ ਉਸ ਕੋਲ ਆਇਆ ਸੀ ਪਰ ਫਰਵਰੀ 2019 ਵਿਚ ਨੈਨਾ ਉਸ ਦੇ ਘਰੋਂ 50 ਹਜ਼ਾਰ ਰੁਪਏ ਨਕਦ ਤੇ ਢਾਈ ਤੋਲੇ ਸੋਨਾ ਚੋਰੀ ਕਰ ਕੇ ਭੱਜ ਗਿਆ ਸੀ। ਉਸ ਦੇ ਬਾਅਦ ਸਾਨੂੰ ਪਤਾ ਲੱਗਾ ਕਿ ਉਕਤ ਨੈਨਾ ਜੰਮੂ ਦੇ ਵਾੜੀ ਬ੍ਰਾਹਮਣਾ ਵਿਚ ਕਿੰਨਰਾਂ ਨਾਲ ਰਹਿ ਰਿਹਾ ਹੈ ਅਤੇ ਜਦ ਇਸ ਸੂਚਨਾ ਦੇ ਆਧਾਰ 'ਤੇ ਅਸੀ ਵਾੜੀ ਬ੍ਰਾਹਮਣਾ ਪਹੁੰਚੇ ਤਾਂ ਨੈਨਾ ਉਥੋਂ ਵੀ ਕੁਝ ਸਾਮਾਨ ਚੋਰੀ ਕਰ ਕੇ ਭੱਜ ਚੁੱਕਾ ਸੀ। ਬਾਅਦ ਵਿਚ ਸਾਨੂੰ ਪਤਾ ਲੱਗਾ ਕਿ ਉਹ ਮੁਕੇਰੀਆਂ 'ਚ ਕਿੰਨਰਾਂ ਨਾਲ ਰਹਿੰਦਾ ਹੈ, ਜਦ ਮੈਂ ਮੁਕੇਰੀਆ ਜਾ ਕੇ ਨੈਨਾ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਥੇ ਨੈਨਾ ਜਿਸ ਕਿੰਨਰ ਮੁਖੀ ਦੇ ਕੋਲ ਰਹਿੰਦਾ ਸੀ ਉਸ ਨੇ ਮੇਰੇ ਵਿਰੁੱਧ ਝੂਠੀ ਸ਼ਿਕਾਇਤ ਪੁਲਸ ਨੂੰ ਦੇ ਦਿੱਤੀ। ਜੋ ਕਿ ਬਾਅਦ ਵਿਚ ਪੁਲਸ ਨੇ ਰੱਦ ਕਰ ਦਿੱਤੀ ਸੀ। ਹੁਣ ਮੇਰੇ 'ਤੇ ਜੋ ਦੋਸ਼ ਲੱਗ ਰਹੇ ਹੈ, ਉਹ ਪੂਰੀ ਤਰ੍ਹਾਂ ਬੇ-ਬੁਨਿਆਦ ਤੇ ਝੂਠੇ ਹਨ ਅਤੇ ਮੈਂ ਕਿਸੇ ਵੀ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ।

ਮਾਮਲੇ ਦੀ ਜਾਂਚ ਜਾਰੀ ਹੈ : ਜ਼ਿਲਾ ਪੁਲਸ ਮੁਖੀ
ਇਸ ਸਬੰਧੀ ਜਦ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਬਾਅਦ ਹੀ ਕੁਝ ਕਿਹਾ ਜਾ ਸਕੇਗਾ।

Baljeet Kaur

This news is Content Editor Baljeet Kaur