ਵਿੱਕੀ ਗੌਂਡਰ ਦੇ ਸਾਥੀ ਸੁੱਖਾ ਭਿਖਾਰੀਵਾਲ ਲਈ ਫਿਰੌਤੀ ਮੰਗਣ ਵਾਲੇ 5 ਕਾਬੂ

08/19/2018 9:37:08 AM

ਗੁਰਦਾਸਪੁਰ (ਵਿਨੋਦ) : ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਰਹੇ ਗੈਂਗਸਟਰ ਸੁਖਮੀਤ ਸਿੰਘ ਉਰਫ਼ ਸੁੱਖਾ ਭਿਖਾਰੀਵਾਲ ਪੁੱਤਰ ਸੁਲੱਖਣ ਸਿੰਘ ਵਾਸੀ ਭਿਖਾਰੀਵਾਲ ਲਈ ਪੈਸੇ ਇਕੱਠੇ ਕਰਨ ਵਾਲੇ 6 ਮੈਂਬਰੀ ਗਿਰੋਹ ਦੇ 5 ਮੁਲਜ਼ਮਾਂ ਨੂੰ ਤਿੱਬੜ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ ਪਰ ਸੁੱਖਾ ਭਿਖਾਰੀਵਾਲ ਦੇ ਸੰਪਰਕ 'ਚ ਰਹਿਣ ਵਾਲਾ ਇਸ ਗਿਰੋਹ ਦਾ ਸਰਗਣਾ ਜੋ ਗੁਰਦਾਸਪੁਰ ਦੇ ਇਕ ਨਜ਼ਦੀਕੀ ਪਿੰਡ ਦਾ ਰਹਿਣ ਵਾਲਾ ਹੈ, ਵੀ ਨਾਬਾਲਗ ਹੈ ਤੇ ਅਜੇ ਪੁਲਸ ਦੇ ਹੱਥ ਨਹੀਂ ਲੱਗਾ। ਇਸ ਗਿਰੋਹ ਤੋਂ ਪੁੱਛਗਿੱਛ ਦੌਰਾਨ ਕਈ ਮਹੱਤਵਪੂਰਨ ਕੇਸ ਹੱਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਗੋਤ ਪੋਕਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 7 ਅਗਸਤ ਨੂੰ ਕੁਝ ਲੋਕਾਂ ਨੇ ਰਾਤ ਲਗਭਗ 9.30 ਵਜੇ ਉਸ ਦੇ ਘਰ ਦੇ ਗੇਟ 'ਤੇ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਉਸ ਦਾ ਪਰਿਵਾਰ ਦਹਿਸ਼ਤ ਵਿਚ ਸੀ। ਇਸ ਤੋਂ ਬਾਅਦ ਉਸ ਨੂੰ ਕਿਸੇ ਦੀ ਵਟਸਐਪ 'ਤੇ ਕਾਲ ਆਈ ਅਤੇ ਉਸ ਨੇ ਆਪਣੇ ਆਪ ਨੂੰ ਸੁੱਖਾ ਭਿਖਾਰੀਵਾਲ ਦੱਸਿਆ ਅਤੇ ਕਿਹਾ ਕਿ ਉਸ ਨੇ ਉਸ ਦੇ ਗੇਟ 'ਤੇ ਗੋਲੀਆਂ ਚਲਾਈਆਂ ਹਨ ਅਤੇ ਜਾਨ ਪਿਆਰੀ ਹੈ ਤਾਂ ਮੇਰੇ ਸਾਥੀਆਂ ਨੂੰ 5 ਲੱਖ ਰੁਪਏ ਦੇ ਦਵੇ ਨਹੀਂ ਤਾਂ ਉਸ ਦੀ ਹੱਤਿਆ ਕਰ ਦਿੱਤੀ ਜਾਵੇਗੀ। 

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੁਲਸ ਮੁਖੀ ਡਿਟੈਕਟਿਵ ਦੀ ਅਗਵਾਈ ਵਿਚ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਤਿੱਬੜ ਪੁਲਸ ਸਟੇਸ਼ਨ ਇੰਚਾਰਜ ਹਰਪਾਲ ਸਿੰਘ ਆਦਿ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਟੀਮ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵਿਗਿਆਨਿਕ ਢੰਗ ਨਾਲ ਜਾਂਚ ਕਰਨ ਤੋਂ ਬਾਅਦ ਪੁਲਸ ਨੇ 6 ਮੁਲਜ਼ਮਾਂ ਵਿਰੁੱਧ ਤਿੱਬੜ ਪੁਲਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਅਤੇ ਛਾਪੇਮਾਰੀ ਕਰ ਕੇ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਰੇ ਨਾਬਾਲਗ ਹਨ।