ਕੱਪੜੇ ਦੇ ਸ਼ੋਅਰੂਮ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

03/11/2019 12:19:52 PM

ਗੁਰਦਾਸਪੁਰ (ਦੀਪਕ, ਕਪੂਰ) : ਐਤਵਾਰ ਬਾਅਦ ਦੁਪਹਿਰ ਸਥਾਨਕ ਜੀ.ਟੀ.ਰੋਡ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਕੱਪੜੇ ਦੇ ਸ਼ੋਅਰੂਮ ਈ.ਐੱਚ.9 ਨੂੰ ਅੱਗ ਲੱਗ ਜਾਣ ਨਾਲ ਸਾਰਾ ਸਾਮਾਨ ਸੜ ਕੇ ਸਵਾਹ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਅੱਜ ਐਤਵਾਰ ਹੋਣ ਕਾਰਨ ਦੁਕਾਨ ਬੰਦ ਸੀ ਤੇ ਦੁਪਹਿਰ ਵੇਲੇ ਦੁਕਾਨ ਦੇ ਕੋਲ ਲੋਕਾਂ ਨੇ ਸ਼ੀਸ਼ੇ ਟੁੱਟਣ ਦੀਆਂ ਜ਼ੋਰ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਥੇ ਲੋਕ ਇਕੱਠੇ ਹੋ ਗਏ ਤਾਂ ਦੇਖਿਆ ਕਿ ਦੁਕਾਨ ਦੇ ਅੰਦਰ ਤੋਂ ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਨਿਕਲ ਰਹੀਆਂ ਸਨ। ਗੁਆਂਢ ਦੇ ਲੋਕਾਂ ਨੇ ਉਸੇ ਵੇਲੇ ਫਾਇਰ ਬ੍ਰਿਗੇਡ ਗੁਰਦਾਸਪੁਰ ਨੂੰ ਫੋਨ ਕਰਨ ਦੇ ਬਾਅਦ ਦੁਕਾਨ 'ਤੇ ਅੱਗ ਲੱਗਣ ਬਾਰੇ ਦੁਕਾਨ ਮਾਲਕ ਗੌਰਵ ਦੱਤਾ ਨੂੰ ਫੋਨ ਰਾਹੀਂ ਸੂਚਿਤ ਕੀਤਾ। ਗੌਰਵ ਛੁੱਟੀ ਕਾਰਨ ਕਿਧਰੇ ਬਾਹਰ ਗਿਆ ਹੋਇਆ ਸੀ। ਲੋਕਾਂ ਨੇ ਦੱਸਿਆ ਫਾਇਰ ਬ੍ਰਿਗੇਡ ਦੀ ਗੱਡੀ ਫੋਨ ਕਰਨ ਤੋਂ ਕਰੀਬ 25 ਮਿੰਟ ਬਾਅਦ ਪਹੁੰਚੀ। ਉਸ ਵੇਲੇ ਤੱਕ ਦੁਕਾਨ ਦੇ ਅੰਦਰ ਪਿਆ ਸਾਰਾ ਕੱਪੜਾ, ਲੈਪਟਾਪ, ਫਰਨੀਚਰ ਤੇ ਹੋਰ ਵੀ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ। ਦੁਕਾਨ ਮਾਲਕ ਦੇਰ ਸ਼ਾਮ ਦੁਕਾਨ 'ਤੇ ਪਹੁੰਚਿਆ ਤਾਂ ਉਸ ਨੇ ਸਾਰਾ ਸੜਿਆ ਹੋਇਆ ਸਾਮਾਨ ਦੇਖ ਕੇ ਦੱਸਿਆ ਕਿ ਇਸ ਅੱਗ ਨਾਲ ਉਸ ਦਾ ਕਰੀਬ 15 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

Baljeet Kaur

This news is Content Editor Baljeet Kaur