ਚੋਣ ਮੈਦਾਨ ''ਤੇ ''ਬਾਜ'' ਵਾਲੀ ਅੱਖ ਰੱਖੇਗਾ ਫਲਾਇੰਗ ਸਕੁਐਡ ਦੀ ਗੱਡੀ ''ਤੇ ਲੱਗਾ ''ਆਨਲਾਈਨ'' ਕੈਮਰਾ

04/04/2019 4:44:20 PM

ਗੁਰਦਾਸਪੁਰ (ਹਰਮਨਪ੍ਰੀਤ) : ਇਸ ਵਾਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਜਿਥੇ ਚੋਣ ਕਮਿਸ਼ਨ ਨੇ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਹੋਰ ਕਈ ਸਖਤ ਕਦਮ ਚੁੱਕੇ ਹਨ, ਉਸ ਦੇ ਨਾਲ ਹੀ ਇਸ ਵਾਰ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨ ਤੇ ਪੂਰੇ ਹਲਕੇ 'ਤੇ ਬਾਜ ਵਾਲੀ ਅੱਖ ਰੱਖਣ ਲਈ ਬਣਾਈਆਂ ਗਈਆਂ ਫਲਾਇੰਗ ਸਕੁਐਡ ਟੀਮਾਂ ਦੀਆਂ ਗੱਡੀਆਂ 'ਤੇ ਲਾਈਵ ਕੈਮਰੇ ਲਗਾ ਦਿੱਤੇ ਗਏ ਹਨ। ਇਨ੍ਹਾਂ ਗੱਡੀਆਂ ਦੀ ਖਾਸੀਅਤ ਇਹ ਹੈ ਕਿ ਇਹ ਸਾਰੀਆਂ ਗੱਡੀਆਂ 24 ਘੰਟੇ ਸਬੰਧਤ ਹਲਕਿਆਂ 'ਚ ਚਲਦੀਆਂ ਰਹਿਣਗੀਆਂ, ਜਿਨ੍ਹਾਂ ਦੇ ਡਰਾਈਵਰ ਤੇ ਟੀਮਾਂ ਦੇ ਅਧਿਕਾਰੀ ਤਾਂ ਬਦਲਣਗੇ ਪਰ ਇਨ੍ਹਾਂ ਗੱਡੀਆਂ ਰਾਹੀਂ ਦਿੱਲੀ ਅਤੇ ਚੰਡੀਗੜ੍ਹ ਬੈਠੇ ਚੋਣ ਅਧਿਕਾਰੀਆਂ ਤੋਂ ਇਲਾਵਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਵਧੀਕ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸੰਧੂ ਵੀ ਹਰ ਵੇਲੇ ਪੂਰੇ ਹਲਕੇ ਦੀ ਨਜ਼ਰਸਾਨੀ ਕਰ ਸਕਣਗੇ।

360 ਡਿਗਰੀ 'ਤੇ ਘੁੰਮ ਸਕੇਗਾ ਗੱਡੀ 'ਤੇ ਲੱਗਾ ਕੈਮਰਾ
ਵੱਖ-ਵੱਖ ਸਰਕਾਰੀ ਵਿਭਾਗਾਂ ਦੀਆਂ ਬੋਲੈਰੋ ਗੱਡੀਆਂ 'ਚੋਂ ਚੰਗੀ ਹਾਲਤ ਵਾਲੀਆਂ ਗੱਡੀਆਂ ਦੀ ਚੋਣ ਕਰ ਕੇ ਹਰੇਕ ਗੱਡੀ ਉਪਰ ਇਕ-ਇਕ ਲਾਈਵ ਕੈਮਰਾ ਤੇ ਜੀ. ਪੀ. ਐੱਸ. ਸਿਸਟਮ ਲਾਇਆ ਗਿਆ ਹੈ। ਇਹ ਲਾਈਵ ਕੈਮਰਾ 360 ਡਿਗਰੀ 'ਤੇ ਸਾਰੇ ਪਾਸੇ ਘੁੰਮ ਕੇ ਕਵਰੇਜ ਕਰ ਸਕਦਾ ਹੈ। ਇਥੋਂ ਤੱਕ ਕਿ ਇਸ ਨੂੰ ਸਬੰਧਤ ਅਧਿਕਾਰੀ ਆਪਣੀ ਮਰਜ਼ੀ ਦੀ ਦਿਸ਼ਾ ਵਿਚ ਕਿਸੇ ਵੇਲੇ ਵੀ ਮੋੜ ਕੇ ਨਾ ਸਿਰਫ ਉਥੇ ਦੀ ਸਾਰੀ ਸਥਿਤੀ ਦੇਖ ਸਕਦੇ ਹਨ ਸਗੋਂ ਉਸ ਦੀ ਰਿਕਾਰਡਿੰਗ ਵੀ ਕੀਤੀ ਜਾ ਸਕਦੀ ਹੈ। ਹਰੇਕ ਗੱਡੀ ਦੀ ਸਕਰੀਨ ਵਿਚ ਵੀ ਸਬੰਧਤ ਅਧਿਕਾਰੀ ਸਾਰੀ ਸਥਿਤੀ ਦੇਖ ਸਕਦਾ ਹੈ।
 

ਹਰੇਕ ਗਤੀਵਿਧੀ 'ਤੇ ਰਹੇਗੀ ਨਜ਼ਰ : ਡੀ. ਸੀ.
ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਚੋਣਾਂ ਸਬੰਧੀ ਜ਼ਿਲੇ ਅੰਦਰ 28 ਫਲਾਇੰਗ ਸਕੁਐਡ ਟੀਮਾਂ, 28 ਸਟੇਟਿਕਸ ਸਰਵਲੈਂਸ ਟੀਮਾਂ, 28 ਵੀਡੀਓ ਸਰਵੇਲੈਂਸ ਟੀਮਾਂ, 7 ਵੀਡੀਓ ਵੇਖਣ ਵਾਲੀਆਂ ਟੀਮਾਂ, 7 ਵੀਡੀਓ ਖਰਚਾ ਟੀਮਾਂ ਤੇ ਇਕ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਸੈੱਲ ਟੀਮ ਗਠਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਨ੍ਹਾਂ ਟੀਮਾਂ ਨੇ ਹੁਣ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕ ਵੀ 'ਸੀ-ਵਿਜਲ' ਨਾਮ ਦੀ ਐਪ ਰਾਹੀਂ ਚੋਣ ਜ਼ਾਬਤੇ ਸਬੰਧੀ ਸ਼ਿਕਾਇਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਟੀਮਾਂ ਵੱਖ-ਵੱਖ ਸ਼ਿਫਟਾਂ 'ਚ ਕੰਮ ਕਰ ਰਹੀਆਂ ਹਨ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਟੀਮਾਂ ਬਣਾ ਕੇ ਰੋਸਟਰ ਮੁਤਾਬਕ ਡਿਊਟੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਹਰੇਕ ਗਤੀਵਿਧੀ 'ਤੇ ਡੂੰਘਾਈ ਨਾਲ ਨਜ਼ਰ ਰੱਖੀ ਜਾਵੇਗੀ।

ਹਰੇਕ ਹਲਕੇ 'ਚ ਚੱਲ ਰਹੀਆਂ ਨੇ ਕੈਮਰੇ ਵਾਲੀਆਂ ਗੱਡੀਆਂ : ਸੰਧੂ
ਕੈਮਰੇ ਵਾਲੀਆਂ ਗੱਡੀਆਂ ਦੀ ਨਜ਼ਰਸਾਨੀ ਕਰ ਰਹੇ ਵਧੀਕ ਚੋਣ ਅਧਿਕਾਰੀ ਤੇਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਹਲਕੇ ਅੰਦਰ ਕੈਮਰੇ ਵਾਲੀ ਇਕ-ਇਕ ਗੱਡੀ ਚਲਾਈ ਜਾ ਰਹੀ ਹੈ, ਜਿਸ ਵਿਚ ਇਕ-ਇਕ ਪਹਿਲੇ ਦਰਜੇ ਦਾ ਸਰਕਾਰੀ ਅਧਿਕਾਰੀ ਤੇ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਗੱਡੀਆਂ ਚਲਾਉਣ ਦਾ ਮੁੱਖ ਮੰਤਵ ਇਹ ਹੈ ਕਿ ਕਿਸੇ ਵੀ ਸ਼ਿਕਾਇਤ ਵਿਚ ਜਦੋਂ ਸਬੰਧਤ ਫਲਾਇੰਗ ਸਕੁਐਡ ਮੌਕੇ 'ਤੇ ਪਹੁੰਚਦੇ ਹਨ ਤਾਂ ਉਥੇ ਜਾਣ ਤੋਂ ਪਹਿਲਾਂ ਦੀ ਸਾਰੀ ਸਥਿਤੀ ਖੁਦ-ਬ-ਖੁਦ ਕੈਮਰਿਆਂ 'ਚ ਰਿਕਾਰਡ ਹੋ ਜਾਵੇ ਅਤੇ ਚੋਣ ਕਮਿਸ਼ਨ ਦੇ ਉੱਚ ਅਧਿਕਾਰੀ ਵੀ ਖੁਦ ਵੀ ਉਸ ਨੂੰ ਦੇਖ ਸਕਣ। ਉਨ੍ਹਾਂ ਕਿਹਾ ਕਿ ਇਸ ਵਿਧੀ ਰਾਹੀਂ ਚੋਣ ਜ਼ਾਬਤਾ ਹੋਰ ਵੀ ਸਾਰਥਿਕ ਰੂਪ 'ਚ ਲਾਗੂ ਹੋਵੇਗਾ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਕੀਤੀ ਜਾ ਸਕੇਗੀ।

Baljeet Kaur

This news is Content Editor Baljeet Kaur