ਪਾਕਿ ਨੇ ਭਾਰਤ ਦੇ ਵਿਰੁੱਧ ਮਨੋਵਿਗਿਆਨਿਕ ਯੁੱਧ ਸ਼ੁਰੂ ਕਰਨ ਦੀ ਬਣਾਈ ਯੋਜਨਾ

10/13/2019 10:16:57 AM

ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਲੋਕ ਬੇਸ਼ੱਕ ਆਪਣੀ ਸਰਕਾਰ ਨੂੰ ਭਾਰਤ ਦੇ ਮੁਕਾਬਲੇ ਨਿਕੰਮੀ ਸਰਕਾਰ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਪਾਕਿਸਤਾਨ ਸਰਕਾਰ ਕਿਸੇ ਵੀ ਹਾਲਤ ਵਿਚ ਭਾਰਤ ਨਾਲ ਸਿੱਧੇ ਯੁੱਧ ਵਿਚ ਜਿੱਤ ਨਹੀਂ ਸਕਦੀ। ਜਿਸ ਕਾਰਨ ਉਥੋਂ ਦੇ ਲੋਕਾਂ ਨੇ ਭਾਰਤ ਦੇ ਵਿਰੁੱਧ ਇਕ ਮਨੋਵਿਗਿਆਨਿਕ ਯੁੱਧ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਜਿਸ ਦਾ ਮੁੱਖ ਟੀਚਾ ਭਾਰਤ ਦੇ ਸਰਹੱਦੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ 'ਤੇ ਮਨੋਵਿਗਿਆਨਿਕ ਦਬਾਅ ਪਾ ਕੇ ਪ੍ਰੇਸ਼ਾਨ ਕਰਨਾ ਹੈ। ਇਸ ਯੁੱਧ ਦੇ ਕਾਰਨ ਭਾਰਤੀ ਲੋਕਾਂ ਦੇ ਨਾਲ ਨਾਲ ਭਾਰਤੀ ਸੁਰੱਖਿਆ ਏਜੰਸੀਆ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੀਆ ਹਨ।

ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਭਾਰਤ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਪਾਕਿਸਤਾਨ ਵਿਚ ਕੀਤੇ ਸਰਜੀਕਲ ਸਟਰਾਈਕ ਦੇ ਬਾਅਦ ਪਾਕਿਸਤਾਨ ਸਰਕਾਰ ਸਮੇਤ ਉਥੇ ਦੇ ਲੋਕ ਕਾਫੀ ਪ੍ਰੇਸ਼ਾਨ ਹਨ, ਕਿਉਂਕਿ ਪਾਕਿਸਤਾਨ ਦੇ ਲੋਕਾਂ ਨੇ ਇਹ ਸੋਚਿਆ ਵੀ ਨਹੀਂ ਸੀ ਕਿ ਭਾਰਤ ਇਸ ਤਰ੍ਹਾਂ ਨਾਲ ਸਰਜੀਕਲ ਸਟਰਾਈਕ ਕਰੇਗਾ। ਬੇਸ਼ੱਕ ਪਾਕਿਸਤਾਨ ਸਰਕਾਰ ਨੇ ਇਸ ਭਾਰਤ ਦੇ ਸਰਜੀਕਲ ਸਟਰਾਈਕ ਨੂੰ ਪ੍ਰਵਾਨ ਨਹੀਂ ਕੀਤਾ ਹੈ, ਜਦਕਿ ਪਾਕਿਸਤਾਨ ਦੇ ਲੋਕ ਪ੍ਰਵਾਨਦੇ ਹਨ ਕਿ ਇਹ ਭਾਰਤੀ ਸੈਨਾ ਨੇ ਬਹੁਤ ਹੀ ਸਫ਼ਲ ਢੰਗ ਨਾਲ ਕੀਤਾ ਹੈ ਅਤੇ ਇਸ ਨਾਲ ਪਾਕਿਸਤਾਨ ਦੀ ਸਥਿਤੀ ਵਿਸ਼ਵ ਭਰ ਵਿਚ ਖਰਾਬ ਹੋਈ ਹੈ। ਪਾਕਿਸਤਾਨ ਵਿਚ ਭਾਰਤੀ ਸੀਮਾ ਦੇ ਨਾਲ ਰਹਿੰਦੇ ਲੋਕਾਂ ਨੇ ਪਤਾ ਨਹੀਂ ਆਪਣੇ ਪੱਧਰ 'ਤੇ ਜਾਂ ਪਾਕਿਸਤਾਨੀ ਸੈਨਾ ਦੇ ਦਬਾਅ ਵਿਚ ਭਾਰਤ ਦੇ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਣ ਪਾਕਿਸਤਾਨ ਕਦੀ ਕਬੂਤਰ ਤੇ ਕਦੀ ਗੁਬਾਰੇ ਭਾਰਤ ਵਿਚ ਭੇਜ ਰਿਹਾ ਹੈ।

ਸੁਰੱਖਿਆ ਏਜੰਸੀਆਂ ਨੂੰ ਕਰਨਾ ਪੈ ਰਿਹਾ ਹੈ ਪ੍ਰੇਸ਼ਾਨੀਆਂ ਦਾ ਸਾਹਮਣਾ-ਅਧਿਕਾਰੀ
ਇਸ ਸਬੰਧੀ ਸੈਨਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਯੁੱਧ ਦੇ ਸਮੇ ਜਾਂ ਯੁੱਧ ਦੇ ਹਾਲਾਤ ਬਣਨ 'ਤੇ ਆਮ ਹੁੰਦੀਆਂ ਹਨ। ਜਦ ਵੀ ਹਵਾ ਦਾ ਰੁਖ ਸ਼ਾਮ ਦੇ ਸਮੇ ਪਾਕਿਸਤਾਨ ਤੋਂ ਭਾਰਤ ਵੱਲ ਹੁੰਦਾ ਹੈ ਤਾਂ ਉਥੇ ਦੇ ਲੋਕ ਗੈਸ ਨਾਲ ਭਰੇ ਗੁਬਾਰਿਆ ਦੇ ਨਾਲ ਪੱਤਰ ਚਿਪਕਾ ਕੇ ਛੱਡ ਦਿੰਦੇ ਹਨ, ਜੋ ਹਵਾ ਦੇ ਰੁਖ ਦੇ ਨਾਲ ਹੀ ਭਾਰਤੀ ਇਲਾਕੇ ਵਿਚ ਆ ਜਾਂਦੇ ਹਨ। ਇਨ੍ਹਾਂ ਗੁਬਾਰਿਆ 'ਤੇ ਕਬੂਤਰ ਆਦਿ ਨਾਲ ਭਾਰਤੀ ਲੋਕਾਂ ਵਿਚ ਦਹਿਸ਼ਤ ਅਤੇ ਸੁਰੱਖਿਆ ਏਜੰਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਧਿਕਾਰੀ ਦੇ ਅਨੁਸਾਰ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆ ਹਨ, ਪਰ ਹੁਣ ਕੁਝ ਤੇਜ਼ ਹੋ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੈਨਾ ਇਕ ਅਨੁਸ਼ਾਸਤ ਫੋਰਸ ਹੈ ਅਤੇ ਅਸੀਂ ਜਨਤਕ ਰੂਪ ਵਿਚ ਕੋਈ ਬਿਆਨਬਾਜ਼ੀ ਨਹੀਂ ਕਰ ਸਕਦੇ।

ਜਦ ਕੋਈ ਭਾਰਤੀ ਪਾਕਿਸਤਾਨ ਵੱਲ ਗੁਬਾਰੇ ਭੇਜਦਾ ਹੈ ਤਾਂ ਇਹ ਕੋਈ ਜੁਰਮ ਨਹੀਂ : ਜ਼ਿਲਾ ਪੁਲਸ ਮੁਖੀ
ਇਸ ਸੰਬੰਧੀ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਸਵਰਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਜਦ ਵੀ ਹਵਾ ਦਾ ਰੁਖ ਭਾਰਤ ਵੱਲ ਹੁੰਦਾ ਹੈ ਤਾਂ ਉਥੋਂ ਦੇ ਲੋਕ ਇਹ ਗੁਬਾਰੇ ਛੱਡਦੇ ਹਨ। ਗੁਬਾਰਿਆਂ ਵਿਚ ਗੈਸ ਹੋਣ ਕਾਰਨ ਉਹ ਭਾਰਤੀ ਇਲਾਕੇ ਵਿਚ ਆਸਾਨੀ ਨਾਲ ਆ ਜਾਦੇ ਹਨ। ਇਸ ਤਰ੍ਹਾਂ ਦੇ ਮਾਮਲਿਆ ਵਿਚ ਅਸੀਂ ਕੇਸ ਵੀ ਦਰਜ ਨਹੀਂ ਕਰ ਸਕਦੇ। ਸਾਧਾਰਨ ਰਪਟ ਦਰਜ਼ ਕਰਕੇ ਗੁਬਾਰੇ ਜਾਂ ਕਬੂਤਰ ਆਦਿ ਨੂੰ ਜ਼ਬਤ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਫਿਰ ਵੀ ਅਸੀਂ ਲੋਕਾਂ ਨੂੰ ਇਹੀ ਕਹਾਂਗੇ ਕਿ ਜਦ ਵੀ ਇਸ ਤਰ੍ਹਾਂ ਦੇ ਗੁਬਾਰੇ ਆਦਿ ਮਿਲਣ ਜਾਂ ਦਿਸਣ ਤਾਂ ਉਨ੍ਹਾਂ ਨੂੰ ਲੋਕ ਆਪਣੇ ਪੱਧਰ 'ਤੇ ਛੇੜਛਾੜ ਨਾ ਕਰਨ, ਕਿਉਂਕਿ ਗੈਸ ਕਈ ਵਾਰ ਜ਼ਹਿਰੀਲੀ ਵੀ ਹੋ ਸਕਦੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸਵੇਰ ਦੇ ਸਮੇਂ ਹਵਾ ਕਰਕੇ ਰੁਖ ਭਾਰਤ ਤੋਂ ਪਾਕਿਸਤਾਨ ਵੱਲ ਅਤੇ ਸ਼ਾਮ ਨੂੰ ਭਾਰਤ ਤੋਂ ਹਵਾ ਦਾ ਰੁਖ ਪਾਕਿਸਤਾਨ ਵੱਲ ਹੁੰਦਾ ਹੈ, ਜਦ ਸਵੇਰ ਦੇ ਸਮੇਂ ਸਾਡੇ ਇਸ ਤਰ੍ਹਾਂ ਦੇ ਗੈਸ ਨਾਲ ਭਰੇ ਗੁਬਾਰੇ ਛੱਡਦੇ ਹਨ ਤਾਂ ਨਿਸ਼ਚਿਤ ਰੂਪ ਵਿਚ ਉਹ ਪਾਕਿਸਤਾਨੀ ਇਲਾਕੇ ਵਿਚ ਜਾ ਕੇ ਡਿੱਗਣਗੇ।

ਜਦ ਕੋਈ ਭਾਰਤੀ ਗੁਬਾਰੇ ਪਾਕਿਸਤਾਨ ਵੱਲ ਭੇਜਦਾ ਹੈ ਤਾਂ ਇਹ ਕਿਸੇ ਵੀ ਤਰ੍ਹਾਂ ਨਾਲ ਜੁਰਮ ਨਹੀਂ ਹੈ। ਦੇਸ਼ ਹਿਤ ਵਿਚ ਸਾਨੂੰ ਵੀ ਮਨੋਵਿਗਿਆਨਿਕ ਲੜਾਈ ਪਾਕਿਸਤਾਨ ਨਾਲ ਲੜਨ ਦਾ ਅਧਿਕਾਰ ਹੈ। ਪਾਕਿਸਤਾਨ ਅਤੇ ਪਾਕਿਸਤਾਨ ਦੇ ਲੋਕ ਸ਼ਰਾਰਤਾਂ ਤੋਂ ਬਾਜ਼ ਨਹੀਂ ਆਉਣਗੇ ਅਤੇ ਉਸ ਦਾ ਜਵਾਬ ਸਾਨੂੰ ਦੇਣਾ ਹੀ ਪਵੇਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਗੁਬਾਰੇ ਪਾਕਿਸਤਾਨ ਤੋਂ ਆਉਣ ਜਾਂ ਕਬੂਤਰ ਆਦਿ ਆਉਣ ਸੰਬੰਧੀ ਪੁਲਸ ਹੁਣ ਗੰਭੀਰਤਾ ਨਾਲ ਨਹੀਂ ਲੈਂਦੀ ਹੈ ਅਤੇ ਨਾ ਹੀ ਕੇਸ ਦਰਜ ਕਰ ਰਹੀ ਹੈ।

Baljeet Kaur

This news is Content Editor Baljeet Kaur